ਵਿਧਾਇਕਾਂ ਸਣੇ ਕੈਪਟਨ ਭਲਕੇ ਰਾਜਘਾਟ ‘ਤੇ ਦੇਣਗੇ ਧਰਨਾ, ਰਾਸ਼ਟਰਪਤੀ ਨੇ ਮਿਲਣ ਤੋਂ ਕੀਤਾ ਇਨਕਾਰ
ਚੰਡੀਗੜ੍ਹ, 3 ਨਵੰਬਰ (ਨਿਊਜ਼ ਪੰਜਾਬ)- ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਖੇਤੀ ਸੁਧਾਰ ਕਾਨੂੰਨਾਂ ਦੇ ਮਾਮਲੇ ‘ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਵਲੋਂ ਭਲਕੇ 4 ਨਵੰਬਰ ਨੂੰ ਵਿਧਾਇਕਾਂ ਨਾਲ ਮਿਲ ਕੇ ਰਾਜਘਾਟ ‘ਤੇ ਧਰਨਾ ਦਿੱਤਾ ਜਾਵੇਗਾ। ਇਸ ਸਬੰਧੀ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਵਲੋਂ ਮਾਲ ਗੱਡੀਆਂ ਦੀ ਆਵਾਜਾਈ ਨੂੰ ਰੋਕਣ ਕਾਰਨ ਪੰਜਾਬ ਦੇ ਬਿਜਲੀ ਸੰਕਟ ਅਤੇ ਜ਼ਰੂਰੀ ਵਸਤੂਆਂ ਦੀ ਸਪਲਾਈ ਦੀ ਗੰਭੀਰ ਸਥਿਤੀ ਨੂੰ ਉਜਾਗਰ ਕਰਨ ਲਈ ਉਨ੍ਹਾਂ ਵਲੋਂ ਇਹ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦਿੱਲੀ ‘ਚ ਧਾਰਾ 144 ਲੱਗੇ ਹੋਣ ਕਾਰਨ ਪੰਜਾਬ ਭਵਨ ਤੋਂ ਰਾਸ਼ਟਰ ਪਿਤਾ ਦੀ ਸਮਾਧੀ ਤੱਕ ਚਾਰ-ਚਾਰ ਵਿਧਾਇਕਾਂ ਦਾ ਜਥਾ ਮਾਰਚ ਕਰੇਗਾ। ਪਹਿਲਾ ਜਥਾ ਸਵੇਰੇ 10.30 ਵਜੇ ਰਵਾਨਾ ਹੋਵੇਗਾ, ਜਿਸ ਦੀ ਅਗਵਾਈ ਖ਼ੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਨਗੇ।