ਪਿਛਲੇ 3 ਸਾਲਾਂ ਤੋਂ ਪਰਾਲੀ ਨੂੰ ਨਹੀਂ ਲਾਈ ਅੱਗ, 125 ਏਕੜ ਝੋਨਾ ਬੀਜਦਾ ਹੈ ਕਿਸਾਨ ਦਲਜੀਤ ਸਿੰਘ
ਲੁਧਿਆਣਾ, 31 ਅਕਤੂਬਰ (ਨਿਊਜ਼ ਪੰਜਾਬ)- ਦਲਜੀਤ ਸਿੰਘ ਪਿੰਡ ਲਤਾਲਾ, ਬਲਾਕ ਪੱਖੋਵਾਲ ਜ਼ਿਲ੍ਹਾ ਲੁਧਿਆਣਾ ਦਾ ਅਗਾਂਹਵਧੂ ਕਿਸਾਨ ਹੈ, ਜੋ ਕਿ ਕਰੀਬ 125 ਏਕੜ ਰਕਬੇ (ਆਪਣੇ 20 ਅਤੇ 105 ਠੇਕੇ ‘ਤੇ) ‘ਚ ਖੇਤੀ ਕਰਦਾ ਹੈ। ਇਸ ਕਿਸਾਨ ਨੇ ਆਪਣੀ ਜ਼ਮੀਨ ਦੇ ਸੁਧਾਰ ਅਤੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਪਰਾਲੀ ਦੀ ਸਾਂਭ-ਸੰਭਾਲ ਲਈ ਵਿਕਸਤ ਤਕਨੀਕਾਂ ਪਿਛਲੇ 3 ਸਾਲਾਂ ਤੋਂ ਅਪਣਾ ਰਿਹਾ ਹੈ। ਕਿਸਾਨ ਦਲਜੀਤ ਸਿੰਘ ਨੇ ਦੱਸਿਆ ਕਿ ਉਹ ਝੋਨੇ ਦੀ ਵਾਢੀ ਸੁਪਰ ਐਸ.ਐਮ.ਐਸ. ਲੱਗੇ ਕੰਬਾਈਨ ਹਾਰਵੈਸਟਰ ਨਾਲ ਕਰਦਾ ਹੈ ਅਤੇ ਝੋਨੇ ਦੀ ਵਾਢੀ ਤੋਂ ਬਾਅਦ ਚੌਪਰ/ਮਲਚਰ ਦੀ ਮਦਦ ਨਾਲ ਪਰਾਲੀ ਨੂੰ ਖੇਤ ਵਿੱਚ ਵਿਛਾ ਦਿੰਦਾ ਹੈ। ਉਸ ਤੋਂ ਬਾਅਦ ਕਿਸਾਨ ਤਵੀਆਂ ਅਤੇ ਉਲਟਾਵੇਂ ਹਲਾਂ ਨਾਲ ਪਰਾਲੀ ਨੂੰ ਖੇਤ ਵਿਚ ਰਲਾ ਦਿੰਦਾ ਹੈ ਅਤੇ ਰੋਟਾਵੇਟਰ ਨਾਲ ਖੇਤ ਤਿਆਰ ਕਰਨ ਤੋਂ ਬਾਅਦ ਆਲੂਆਂ ਦੀ ਬਿਜਾਈ ਕਰਦਾ ਹੈ। ਇਸੇ ਤਰ੍ਹਾਂ ਰੋਟਰੀ ਡਰਿੱਲ ਤਿਆਰ ਕੀਤੇ ਖੇਤ ਵਿੱਚ ਕਣਕ ਦੀ ਬਿਜਾਈ ਕਰਦਾ ਹੈ। ਅਗਾਂਹਵਧੂ ਕਿਸਾਨ ਨੇ ਦੱਸਿਆ ਕਿ ਉਹ 4 ਏਕੜ ਵਿੱਚ ਹੈਪੀ ਸੀਡਰ ਨਾਲ ਖੜੇ ਟੰਡਿਆਂ ਵਿੱਚ ਕਣਕ ਦੀ ਬਿਜਾਈ ਕਰਦਾ ਹੈ। ਇਸ ਤੋਂ ਇਲਾਵਾ ਆਲੂਆਂ ਤੋਂ ਬਾਅਦ ਕਿਸਾਨ 30 ਏਕੜ ਪੁਦੀਨਾਂ, 60 ਏਕੜ ਬਹਾਰ ਰੁੱਤ ਦੀ ਮੱਕੀ ਅਤੇ 10 ਏਕੜ ਸੱਠੀ ਮੁੂੰਗੀ ਦੀ ਕਾਸ਼ਤ ਵੀ ਕਰਦਾ ਹੈ। ਕਿਸਾਨ ਦਲਜੀਤ ਸਿੰਘ ਨੇ ਦੱਸਿਆ ਕਿ ਉਸਦੀ ਜ਼ਮੀਨ ਵਿੱਚ ਜੈਵਿਕ ਮਾਦਾ ਵਧਿਆ ਹੈ ਅਤੇ ਸੂਖਮ ਜੀਵਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ। ਉਸਨੇ ਦੱਸਿਆ ਕਿ ਜਿੱਥੇ ਰਸਾਇਣ ਖਾਦਾਂ ਦੀ ਵਰਤੋਂ ਘਟੀ ਹੈ ਉਥੇੇ ਉਤਪਾਦਨ ਅਤੇ ਕੁਆਲਟੀ ਵਿੱਚ ਵਾਧਾ ਹੋਇਆ ਹੈ। ਉਸਨੇ ਦੱਸਿਆ ਕਿ ਖਰਚੇ ਘਟਣ ਦੇ ਨਾਲ-ਨਾਲ ਸਾਰੀਆਂ ਫਸਲਾਂ ਸਮੇ ਸਿਰ ਲਈਆਂ ਜਾ ਸਕਦੀਆਂ ਹਨ ਅਤੇ ਮੁਨਾਫੇ ਵਿੱਚ ਵਾਧਾ ਹੋਇਆ ਹੈ।
ਇਹ ਕਿਸਾਨ ਬਹੁਤ ਮਿਹਨਤੀ ਹੈ ਅਤੇ ਇਲਾਕੇ ਦੇ ਕਿਸਾਨ ਇਸ ਨੂੰ ਪ੍ਰੇਰਣਾ ਦਾ ਸਰੋਤ ਮੰਨਦੇ ਹਨ।