ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ‘ਸਾਈਕਲ ਫਾਰ ਚੇਂਜ’ ਰੈਲੀ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਲੁਧਿਆਣਾ, 31 ਅਕਤੂਬਰ (ਨਿਊਜ਼ ਪੰਜਾਬ )- ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਸਵੇਰੇ ਨਗਰ ਨਿਗਮ ਲੁਧਿਆਣਾ ਵੱਲੋਂ ਸਮਾਰਟ ਸਿਟੀ ਮਿਸ਼ਨ ਤਹਿਤ ਆਯੋਜਿਤ ਸਾਈਕਲ ਫਾਰ ਚੇਂਜਂ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਮੇਅਰ ਸ੍ਰੀ ਬਲਕਾਰ ਸਿੰਘ ਸੰਧੂ ਅਤੇ ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਸੱਭਰਵਾਲ ਵੀ ਮੌਜੂਦ ਸਨ। ਇਹ ਰੈਲੀ ਗੁਰੂ ਨਾਨਕ ਸਟੇਡੀਅਮ ਤੋਂ ਆਰੰਭ ਹੋਕੇ ਰਾਣੀ ਝਾਂਸੀ ਰੋਡ ਤੋਂ ਘੁਮਾਰ ਮੰਡੀ ਦੇ ਰਸਤੇ ਆਰਤੀ ਚੌਕ ਹੁੰਦੇ ਹੋਏ ਐਮ.ਬੀ.ਡੀ. ਮਾਲ ਵਿਖੇ ਸਮਾਪਤ ਹੋਈ। ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਇਸ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਾਈਕਲ ਰੈਲੀ ਦਾ ਆਯੋਜਨ ਕਰਨ ਦਾ ਉਦੇਸ਼ ਸ਼ਹਿਰ ਨਿਵਾਸੀਆਂ ਨੂੰ ਆਪਣੇ ਆਲੇ ਦੁਆਲੇ ਅਤੇ ਵਾਤਾਵਰਣ ਨੂੰ ਸਾਫ ਰੱਖਣ ਦਾ ਸੁਨੇਹਾ ਦੇਣਾ ਹੈ। ਉਨ੍ਹਾਂ ਕਿਹਾ ਕਿ ਂਸਵੱਛਤਾ ਸ਼ਹਿਰ ਦੇ ਹਰੇਕ ਵਿਅਕਤੀ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਦੀ ਹੈ’। ਉਨ੍ਹਾਂ ਦੱਸਿਆ ਕਿ ਸਮਾਰਟ ਸਿਟੀ ਮਿਸ਼ਨ ਤਹਿਤ ਸਾਈਕਲਿੰਗ ਨੂੰ ਉਤਸ਼ਾਹਤ ਕਰਨ ਲਈ ਸਿੱਧਵਾਂ ਵਾਟਰ ਫਰੰਟ ਵਿਖੇ ਫਿਰੋਜ਼ਪੁਰ ਰੋਡ ਤੋਂ ਗਿੱਲ ਰੋਡ ਤੱਕ ਸਾਈਕਲਿੰਗ ਲਈ ਸਮਰਪਿਤ ਟਰੈਕ ਬਣਾਇਆ ਜਾ ਰਿਹਾ ਹੈ। ਸ੍ਰੀ ਆਸ਼਼ੂ ਨੇ ਕਿਹਾ ਕਿ ਉਹ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐਨ.ਐਚ.ਏ.ਆਈ.) ਨਾਲ ਲਾਢੋਵਾਲ ਬਾਈਪਾਸ ਵਿਖੇ 13 ਕਿਲੋਮੀਟਰ ਸਾਈਕਲ ਟਰੈਕ ਬਣਾਉਣ ਲਈ ਵੀ ਗੱਲਬਾਤ ਕਰ ਰਹੇ ਹਨ। ਇਸ ਮੌਕੇ ਰੈਲੀ ਵਿੱਚ ਉਦਯੋਗਪਤੀਆਂ, ਡਾਕਟਰਾਂ, ਵਿਦਿਆਰਥੀਆਂ, ਅਧਿਕਾਰੀਆਂ ਸਮੇਤ ਵੱਖ ਵੱਖ ਖੇਤਰਾਂ ਦੇ ਲੋਕਾਂ ਨੇ ਹਿੱਸਾ ਲਿਆ। ਉਨ੍ਹਾਂ ਸੂਬਾ ਸਰਕਾਰ ਵੱਲੋਂ ਜਾਰੀ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਜਿਵੇਂ ਮਾਸਕ ਪਹਿਨਣਾ ਅਤੇ ਸਮਾਜਕ ਦੂਰੀ ਆਦਿ ਦੀ ਪਾਲਣਾ ਕੀਤੀ। ਰੈਲੀ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ।