ਰਾਮ ਤੀਰਥ ਵਿਖੇ ਮਨਾਇਆ ਭਗਵਾਨ ਵਾਲਮੀਕਿ ਜੀ ਦਾ ਜਨਮ ਦਿਹਾੜਾ

ਭਗਵਾਨ ਵਾਲਮੀਕਿ ਸਰਕਾਰੀ ਆਈ.ਟੀ.ਆਈ. ਦਾ ਕੀਤਾ ਉਦਘਾਟਨ
ਮੁੱਖ ਮੰਤਰੀ ਨੇ ਵਾਲਮੀਕਿ ਤੀਰਥ ਲਈ ਜਾਰੀ ਕੀਤੇ 53 ਕਰੋੜ ਰੁਪਏ

ਰਾਮ ਤੀਰਥ , 31 ਅਕਤੂਬਰ (ਨਿਊਜ਼ ਪੰਜਾਬ ) – ਜਿਥੇ ਪੂਰੇ ਦੇਸ਼ ਵਿਚ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਮਨਾਇਆ ਜਾ ਰਿਹਾ ਅਤੇ ਵਾਲਮੀਕਿ ਭਾਈਚਾਰੇ ਵੱਲੋਂ ਸੂਬੇ ਦੇ ਵੱਖ ਵੱਖ ਇਲਾਕਿਆਂ ਵਿਚ ਨਗਰ ਕੀਰਤਨ ਕੱਢੇ ਜਾ ਰਹੇ ਹਨ , ਉਥੇ ਹੀ ਪੰਜਾਬ ਸਰਕਾਰ ਵੱਲੋਂ ਸੂਬਾ ਪੱਧਰੀ ਇਕ ਸਮਾਗਮ ਰਾਮ ਤੀਰਥ (ਅੰਮ੍ਰਿਤਸਰ) ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿੱਚ ਕਰਵਾਇਆ ਗਿਆ, ਜਿਥੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ , ਜਸਬੀਰ ਸਿੰਘ ਡਿੰਪਾ , ਵਿਧਾਇਕ ਡਾ: ਰਾਜ ਕੁਮਾਰ ਵੇਰਕਾ , ਵਿਧਾਇਕ ਸੁਨੀਲ ਦੱਤੀ , ਇੰਦਰਬੀਰ ਸਿੰਘ ਬੁਲਾਰੀਆ , ਸੁਖਵਿੰਦਰ ਸਿੰਘ ਡੈਨੀ , ਸੰਤੋਖ ਸਿੰਘ ਭਲਾਈਪੁਰ , ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ , ਮੈਡਮ ਮਮਤਾ ਦੱਤਾ ਤੇ ਹੋਰ ਕਈ ਵਾਲਮੀਕਿ ਜਥੇਬੰਦੀਆਂ ਦੇ ਆਗੂ ਵੀ ਪਹੁੰਚੇ । ਵੱਖ ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਸਮੁੱਚੇ ਸੰਸਾਰ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਤੇ ਲੱਖ ਲੱਖ ਵਧਾਈ ਦਿੰਦੇ ਹਨ । ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 53 ਕਰੋੜ ਰੁਪਏ ਵਾਲਮੀਕਿ ਤੀਰਥ ਦੇ ਵਿਕਾਸ ਕਾਰਜਾਂ ਲਈ ਜਾਰੀ ਕੀਤੇ ਗਏ ਹਨ।