ਚੌਥੀ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਗਿਆ ਨਗਰ ਕੀਰਤਨ
ਅੰਮ੍ਰਿਤਸਰ, 31 ਅਕਤੂਬਰ (ਨਿਊਜ਼ ਪੰਜਾਬ)- ਗੁਰੂ ਨਗਰੀ ਅੰਮ੍ਰਿਤਸਰ ਦੇ ਬਾਨੀ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ‘ਚ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ‘ਚ ਸ਼ਰਧਾ ਤੇ ਉਤਸ਼ਾਹ ਸਹਿਤ ਸਜਾਇਆ ਗਿਆ। ਇਸ ਨਗਰ ਕੀਰਤਨ ‘ਚ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਮਹਿੰਦਰ ਸਿੰਘ ਆਹਲੀ ਸਕੱਤਰ, ਭਾਈ ਰਜਿੰਦਰ ਸਿੰਘ ਮਹਿਤਾ ਅਤੇ ਭਗਵੰਤ ਸਿੰਘ ਸਿਆਲਕਾ ਮੈਂਬਰ, ਮੁਖਤਾਰ ਸਿੰਘ ਮੈਨੇਜਰ ਅਤੇ ਰਜਿੰਦਰ ਸਿੰਘ ਰੂਬੀ ਵਧੀਕ ਮੈਨੇਜਰ ਤੋਂ ਇਲਾਵਾ ਹੋਰ ਅਧਿਕਾਰੀ ਕਰਮਚਾਰੀ ਅਤੇ ਸ਼ਹਿਰ ਦੀਆਂ ਧਾਰਮਿਕ ਸਭਾ ਸੁਸਾਇਟੀਆਂ, ਸ਼ਬਦੀ ਜਥੇ ਅਤੇ ਸੰਗਤਾਂ ਸ਼ਾਮਿਲ ਹੋਈਆਂ। ਇਹ ਨਗਰ ਕੀਰਤਨ ਗੁਰੂ ਰਾਮਦਾਸ ਸਰਾਂ, ਬ੍ਰਹਮ ਬੂਟਾ ਮਾਰਕੀਟ, ਮਾਹਣਾ ਸਿੰਘ ਰੋਡ ਅਤੇ ਘੰਟਾ ਘਰ ਪਲਾਜ਼ਾ, ਪਾਪੜਾ ਵਾਲਾ ਬਾਜ਼ਾਰ, ਆਟਾ ਮੰਡੀ, ਬਾਜ਼ਾਰ ਬਾਂਸਾਂ, ਚੌਕ ਛੱਤੀ ਖੂਹੀ, ਚੌਂਕ ਮੋਨੀ ਅਤੇ ਚੌਕ ਪਰਾਗਦਾਸ, ਚੌਕ ਬਾਬਾ ਸਾਹਿਬ ਆਦਿ ਇਲਾਕਿਆਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜ ਕੇ ਸੰਪੂਰਣ ਹੋਵੇਗਾ।