ਕੇਂਦਰ ਕੈਬਨਿਟ ਵਲੋਂ ਈਥਾਨੋਲ ਦੀਆਂ ਕੀਮਤਾਂ ਵਧਾਉਣ ਸਮੇਤ ਜੂਟ ਪੈਕਜਿੰਗ ਨੂੰ ਲੈ ਕੇ ਕੀਤਾ ਵੱਡਾ ਐਲਾਨ
ਨਵੀਂ ਦਿੱਲੀ, 29 ਅਕਤੂਬਰ (ਨਿਊਜ਼ ਪੰਜਾਬ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਅੱਜ ਕੇਂਦਰੀ ਕੈਬਨਿਟ ਦੀ ਬੈਠਕ ਹੋਈ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਕੈਬਨਿਟ ਦੇ ਫ਼ੈਸਲਿਆਂ ਬਾਰੇ ਜਾਣਕਾਰੀ ਦਿੱਤੀ। ਬੈਠਕ ‘ਚ ਈਥਾਨੋਲ, ਜੂਟ ਅਤੇ ਦੇਸ਼ ‘ਚ ਮੌਜੂਦ ਬੰਨ੍ਹਾਂ ਨੂੰ ਲੈ ਕੇ ਫ਼ੈਸਲੇ ਲਏ ਗਏ ਹਨ। ਕੇਂਦਰੀ ਕੈਬਨਿਟ ਨੇ ਅੱਜ ਦੀ ਬੈਠਕ ‘ਚ ਈਥਾਨੋਲ ਦੀ ਖ਼ਰੀਦ ਦੇ ਨਵੇਂ ਤੰਤਰ ਨੂੰ ਮਨਜ਼ੂਰੀ ਦਿੱਤੀ ਹੈ, ਨਾਲ ਹੀ ਕੀਮਤਾਂ ‘ਚ ਵੀ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਕੈਬਨਿਟ ਨੇ ਸਾਲ 2020-21 ਲਈ ਈਥਾਨੋਲ ਦੀਆਂ ਨਵੀਂ ਕੀਮਤਾਂ ਵੀ ਤੈਅ ਕਰ ਦਿੱਤੀਆਂ ਹਨ, ਜੋ ਹੁਣ 62.65 ਰੁਪਏ ਪ੍ਰਤੀ ਲੀਟਰ ਤੱਕ ਹੋਵੇਗੀ। ਕੈਬਨਿਟ ਦੀ ਬੈਠਕ ‘ਚ ਲਏ ਗਏ ਫ਼ੈਸਲੇ ਮੁਤਾਬਕ ਚੀਨੀ ਤੋਂ ਬਣਨ ਵਾਲੀ ਈਥਾਨੋਲ ਦੀ ਨਵੀਂ ਕੀਮਤ ਹੁਣ 62.65 ਰੁਪਏ ਪ੍ਰਤੀ ਲੀਟਰ, ਈਥਾਨੋਲ ‘ਬੀ’ ਹੈਵੀ ਦੀ ਕੀਮਤ 57.61 ਰੁਪਏ ਅਤੇ ‘ਸੀ’ ਹੈਵੀ ਦੀ ਕੀਮਤ ਹੁਣ 45.69 ਰੁਪਏ ਹੋਵੇਗੀ। ਇਸ ਤੋਂ ਇਲਾਵਾ ਜੂਟ ਬੈਗ ਨੂੰ ਉਤਸ਼ਾਹਿਤ ਕਰਨ ਲਈ ਖ਼ੁਰਾਕ ਦੇ ਸਮਾਨ ਦੀ ਜੂਟ ਬੈਗ ‘ਚ ਪੈਕਿੰਗ ਕੀਤੀ ਜਾਵੇਗੀ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਦੱਸਿਆ ਕਿ ਅਨਾਜ ਦੇ ਸਮਾਨ ਦੀ 100 ਫ਼ੀਸਦੀ ਅਤੇ ਚੀਨੀ ਦੀ 20 ਫ਼ੀਸਦੀ ਪੈਕਜਿੰਗ ਜੂਟ ਦੇ ਥੈਲਿਆਂ ‘ਚ ਹੋਵੇਗੀ। ਆਮ ਲੋਕਾਂ ਲਈ ਜੂਟ ਦੇ ਥੈਲਿਆਂ ਦੀ ਕੀ ਕੀਮਤ ਹੋਵੇਗੀ, ਇਸ ਦਾ ਫ਼ੈਸਲਾ ਕਮੇਟੀ ਵਲੋਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕੇਂਦਰੀ ਕੈਬਨਿਟ ਦੀ ਬੈਠਕ ‘ਚ ਬੰਨ੍ਹਾਂ ਦੀ ਸੁਰੱਖਿਆ ਅਤੇ ਸਾਂਭ-ਸੰਭਾਲ ਲਈ ਯੋਜਨਾ ਦੇ ਦੂਜੇ ਅਤੇ ਤੀਜੇ ਪੜਾਅ ਨੂੰ ਮਨਜ਼ੂਰੀ ਦਿੱਤੀ ਗਈ ਹੈ।