ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਸਰਦਾਰ ਢੀਂਡਸਾ ਦੀ ਅਗਵਾਈ ਵਿੱਚ ਪੰਥਕ ਵਿਚਾਰਧਾਰਾ ਅਨੁਸਾਰ ਵਿਚਰਣ ਦਾ ਪ੍ਰਣ 13 ਦਸੰਬਰ ਨੂੰ ਮੋਗੇ ਦੀ ਧਰਤੀ ਤੋਂ ਲਵੇਗਾ : ਨਿਧੜਕ ਸਿੰਘ ਬਰਾੜ

          ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਮੋਗੇ ਦੀ ਧਰਤੀ ਉਤੇ ਧਰਮ, ਪੰਜਾਬ ,ਪੰਜਾਬੀ ਅਤੇ ਪੰਜਾਬੀਅਤ ਨੂੰ ਇੱਕ ਨਵੀਂ ਸਿਖਰ ਤੇ ਲੈ ਕੇ ਜਾਣ ਦੀ ਨਵੀਂ ਇਬਾਰਤ ਲਿਖੇਗਾ। ਸ਼੍ਰੋਮਣੀ ਕਮੇਟੀ ਵਿਚ ਅਕਾਲੀ ਦਲ ਬਾਦਲ ਦੀ ਹਾਰ ਪਹਿਲਾਂ ਹੀ ਯਕੀਨੀ ਹੋ ਚੁੱਕੀ ਹੈ ਕਿਓਂਕਿ ਸ.ਢੀਂਡਸਾ ਦੀ ਅਗਵਾਈ ਵਿਚ ਸਾਰੀਆਂ ਪੰਥਕ ਧਿਰਾਂ ਇੱਕ ਹਲਕੇ ਵਿੱਚ ਇੱਕ ਉਮੀਦਵਾਰ ਦੇਣ ਲਈ ਸਹਿਮਤ ਹੋ ਗਈਆਂ ਹਨ – ਨਿਧੜਕ ਸਿੰਘ ਬਰਾੜ

ਨਿਊਜ਼ ਪੰਜਾਬ

ਮੋਗਾ 28 ਅਕਤੂਬਰ -ਅੱਜ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਬੁਲਾਰੇ ਅਤੇ ਸਾਬਕਾ ਸੂਚਨਾ ਕਮਿਸ਼ਨਰ ਪੰਜਾਬ ਨਿਧੜਕ ਸਿੰਘ ਬਰਾੜ ਨੇ ਕਿਹਾ ਕਿ ਜਿਸ ਮੋਗੇ ਵਿਚ ਅਕਾਲੀ ਦਲ ਬਾਦਲ ਨੇ ਪੰਥਕ ਵਿਚਾਰਧਾਰਾ ਦਾ ਤਿਆਗ ਕੀਤਾ ਸੀ, ਓਸੇ ਮੋਗੇ ਵਿਚ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿਚ 13 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ 100ਵੀਂ ਵਰੇਗੰਢ ਮਨਾਉਣ ਮੌਕੇ ਫਿਰ ਤੋਂ ਪੰਥਕ ਤੇ ਗੁਰੂ ਸਾਹਿਬ ਵੱਲੋਂ ਬਖਸ਼ੀ ਵਿਚਾਰਧਾਰਾ ਅਪਨਾਉਣ ਦਾ ਐਲਾਨ ਕਰੇਗਾ। ਬਰਾਡ਼ ਨੇ ਕਿਹਾ ਕਿ ਪੰਥਕ ਵਿਚਾਰਧਾਰਾ ਸਰਬਤ ਦਾ ਭਲਾ, ਮਜ਼ਲੂਮ ਦੀ ਮਦਦ, ਜ਼ੁਲਮ ਦਾ ਮੁਕਾਬਲਾ ਕਰਨ ਦੀ ਪ੍ਰੇਰਨਾ ਦਿੰਦੀ ਹੈ। ਸੱਭ ਮੁਨੱਖਾਂ ਨੂੰ ਬਰਾਬਰ ਸਮਝਣਾ , ਗਰੀਬ ਦਾ ਮੂੰਹ ਗੁਰੂ ਦੀ ਗੋਲਕ, ਕਿਸਾਨ, ਵਪਾਰੀ,ਮਜ਼ਦੂਰ, ਨੌਕਰੀ ਪੇਸ਼ਾ,ਗੱਲ ਕੀ ਹਰ ਵਰਗ ਦੀ ਭਲਾਈ ਕਰਨਾ ਅਤੇ ਹਰ ਧਰਮ ਦਾ ਸਤਿਕਾਰ ਕਰਨਾ ਪੰਥਕ ਵਿਚਾਰਧਾਰਾ ਹੈ। ਬਰਾੜ ਨੇ ਕਿਹਾ ਕਿ ਅਕਾਲੀ ਦਲ ਡੈਮੋਕ੍ਰੇਟਿਕ ਪੁਰਾਣੇ ਪੰਥਕ ਲੀਡਰਾਂ ਦੀ ਉਸ ਸੋਚ ਨੂੰ ਅਪਣਾ ਕੇ ਤੁਰੇਗਾ ਜਿਥੇ ਨਿੱਜ ਪ੍ਰਸਤੀ ਦੀ ਥਾਂ ਪੰਥ ਪ੍ਰਸਤੀ ਹੀ ਸਭ ਕੁਝ ਸੀ । ਨਾ ਕੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਦੀ ਇਹ ਸੋਚ ਹੈ ਕਿ ਮੈਂ ਦੁਨੀਆਂ ਦਾ ਸੱਭ ਤੋਂ ਅਮੀਰ ਸਿੱਖ ਹੋਵਾਂ। ਉਨ੍ਹਾਂ ਕਿਹਾ ਕਿ ਸ਼ਰੋਮਣੀ ਅਕਾਲੀ ਦਲ ਪ੍ਰਧਾਨ ਸ.ਢੀਂਡਸਾ ਸਭ ਵਰਗਾਂ ਨੂੰ ਨਾਲ ਲੈ ਕੇ ਚੱਲਣਗੇ। ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਸਾਰੀਆਂ ਸ਼ਰਾਰਤਾਂ ਕਰਨ ਵਾਲਿਆ ਨੂੰ ਲੋਕਾਂ ਨੂੰ ਸਾਹਮਣੇ ਲਿਆ ਕੇ ਸਜ਼ਾ ਦੁਆਂਵਾਂਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜਿੱਤ ਕੇ ਗੁਰਬਾਣੀ ਤੇ ਪੰਥਕ ਵਿਚਾਰਧਾਰਾ ਅਨੁਸਾਰ ਸਰਬੱਤ ਦੇ ਭਲੇ ਲਈ ਉਸਦਾ ਪ੍ਰਬੰਧ ਚਲਾਵਾਂਗੇ। ਸ਼ਰੋਮਣੀ ਕਮੇਟੀ ਵਿੱਚ ਬਾਦਲ ਪਰਿਵਾਰ ਦੇ ਕਬਜ਼ੇ ਤੋਂ ਬਾਅਦ ਹੋਈਆਂ ਸਭ ਬੇਨਿਯਮੀਆਂ ਅਤੇ ਘਪਲਿਆਂ ਦੀ ਜਾਂਚ ਇਕ ਸਮਰੱਥ ਕਮਿਸ਼ਨ ਬਣਾ ਕੇ ਕਰਾਵਾਂਗੇ ਤਾਂ ਕਿ ਸਭ ਸੱਚ ਪੰਜਾਬੀਆਂ ਅਤੇ ਸਿੱਖ ਕੌਮ ਸਾਹਮਣੇ ਆ ਸਕੇ। ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਾਨ ਨੂੰ ਬਹਾਲ ਕਰਨਾ ਵੀ ਨਵੀਂ ਕਮੇਟੀ ਦਾ ਪ੍ਰਮੁੱਖ ਕੰਮ ਹੋਵੇਗਾ ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਮੋਗੇ ਦੀ ਧਰਤੀ ਉਤੇ ਧਰਮ, ਪੰਜਾਬ ,ਪੰਜਾਬੀ ਅਤੇ ਪੰਜਾਬੀਅਤ ਨੂੰ ਇੱਕ ਨਵੀਂ ਸਿਖਰ ਤੇ ਲੈ ਕੇ ਜਾਣ ਦੀ ਨਵੀਂ ਇਬਾਰਤ ਲਿਖੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਿਚ ਅਕਾਲੀ ਦਲ ਬਾਦਲ ਦੀ ਹਾਰ ਪਹਿਲਾਂ ਹੀ ਯਕੀਨੀ ਹੋ ਚੁੱਕੀ ਹੈ ਕਿਓਂਕਿ ਸ.ਢੀਂਡਸਾ ਦੀ ਅਗਵਾਈ ਵਿਚ ਸਾਰੀਆਂ ਪੰਥਕ ਧਿਰਾਂ ਇੱਕ ਹਲਕੇ ਵਿੱਚ ਇੱਕ ਉਮੀਦਵਾਰ ਦੇਣ ਲਈ ਸਹਿਮਤ ਹੋ ਗਈਆਂ ਹਨ।
ਬਿਆਨ ਜਾਰੀ ਰੱਖਦਿਆਂ ਬਰਾੜ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਜੋ ਵਿਦੇਸ਼ਾ ਵਿੱਚ ਆਪਣੀ ਜਨਮ ਭੂਮੀ ਛੱਡ ਕਿ ਰੁਜ਼ਗਾਰ ਦੀ ਭਾਲ ਵਿੱਚ ਇਸ ਲਈ ਜਾਂਦੀ ਹੈ ਕਿ ਸਮਝੌਤੇ ਨਾਲ ਵਾਰੀ ਵਾਰੀ ਰਾਜ ਕਰਨ ਵਾਲੀਆਂ ਧਿਰਾਂ ਨੇ ਉਹਨਾਂ ਤੋਂ ਇਹ ਮੌਕੇ ਖੋਹ ਕੇ ਸਿਰਫ਼ ਆਪਣੇ ਨਿੱਜ ਲਈ ਪੰਜਾਬ ਦਾ ਘਾਣ ਕੀਤਾ,ਅਕਾਲੀ ਦਲ ਡੈਮੋਕ੍ਰੇਟਿਕ ਦੁਬਾਰਾ ਪੰਜਾਬ ਵਿੱਚ ਰੁਜ਼ਗਾਰ ਪੈਦਾ ਕਰਕੇ ਨੌਜਵਾਨਾਂ ਨੂੰ ਸਰੱਖਿਅਤ ਮਹੌਲ ਦੇਣ ਲਈ ਵਚਨਬੱਧ ਹੋਵੇਗਾ।