ਸ਼ਰਾਰਤੀ ਅਨਸਰਾਂ ਨੇ ਅੱਗ ਲਾ ਕੇ ਸਾੜੀਆਂ ਨਿਹੰਗ ਸਿੰਘਾਂ ਦੇ ਡੇਰੇ ‘ਚ ਖੜ੍ਹੀਆਂ ਗੱਡੀਆਂ
ਰਾਮ ਤੀਰਥ (ਅੰਮ੍ਰਿਤਸਰ), 28 ਅਕਤੂਬਰ (ਨਿਊਜ਼ ਪੰਜਾਬ)- ਬੀਤੀ ਰਾਤ ਕੁਝ ਸ਼ਰਾਰਤੀ ਅਨਸਰਾਂ ਨੇ ਪਿੰਡ ਖ਼ਿਆਲਾ ਖ਼ੁਰਦ ਨੇੜੇ ਤਰਨਾ ਦਲ ਮਿਸਲ ਗੁਰੂ ਹਰਿਕ੍ਰਿਸ਼ਨ ਜੀ ਦੇ ਮੁਖੀ ਜਥੇ. ਬਾਬਾ ਰਘਬੀਰ ਸਿੰਘ ਖਿਆਲੇ ਵਾਲਿਆਂ ਦੇ ਡੇਰੇ ‘ਤੇ ਖੜ੍ਹੀਆਂ ਦੋ ਗੱਡੀਆਂ ਅੱਗ ਲਾ ਕੇ ਸਾੜ ਦਿੱਤੀਆਂ। ਜਥੇਦਾਰ ਦੇ ਨਜ਼ਦੀਕੀ ਰਿਸ਼ਤੇਦਾਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਰਾਤੀਂ ਕਰੀਬ 9.30 ਵਜੇ ਦੋਵੇਂ ਗੱਡੀਆਂ ਸ਼ੈੱਡ ਹੇਠਾਂ ਖੜ੍ਹੀਆਂ ਕਰਕੇ ਉਹ ਅੰਦਰ ਸੌ ਗਏ। ਅੱਧੀ ਰਾਤ ਨੂੰ ਜਦੋਂ ਉਨ੍ਹਾਂ ਨੂੰ ਗੱਡੀਆਂ ਦੇ ਟਾਇਰ ਫਟਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਤਾਂ ਉਨ੍ਹਾਂ ਬਾਹਰ ਨਿਕਲ ਕੇ ਵੇਖਿਆ ਤਾਂ ਉਨ੍ਹਾਂ ਦੀਆਂ ਦੋਵੇਂ ਗੱਡੀਆਂ ਅੱਗ ‘ਚ ਲਟਾ ਲਟ ਬਲ ਰਹੀਆਂ ਸਨ। ਉਨ੍ਹਾਂ ਅੱਗ ਬੁਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਦੋਂ ਤੱਕ ਗੱਡੀਆਂ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀਆਂ ਸਨ। ਉਨ੍ਹਾਂ ਦੱਸਿਆ ਕਿ ਸ਼ਰਾਰਤੀ ਅਨਸਰਾਂ ਵਲੋਂ ਡੇਰੇ ਦੀਆਂ ਕੰਧਾਂ ਟੱਪ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਘਟਨਾ ਦੀ ਸੂਚਨਾ ਸਬੰਧਿਤ ਪੁਲਿਸ ਚੌਕੀ ਰਾਮ ਤੀਰਥ ਨੂੰ ਦਿੱਤੀ ਗਈ ਹੈ। ਚੌਕੀ ਇੰਚਾਰਜ ਬਲਵਿੰਦਰ ਸਿੰਘ ਏ. ਐਸ. ਆਈ. ਨੇ ਦੱਸਿਆ ਕਿ ਉਨ੍ਹਾਂ ਵਲੋਂ ਪਰਚਾ ਦਰਜ ਕੀਤਾ ਜਾ ਰਿਹਾ ਹੈ ਅਤੇ ਨੇੜੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਘਾਲਿਆ ਜਾ ਰਿਹਾ ਹੈ। ਉੱਧਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਮਿਸਲ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਤਰਲੋਕ ਸਿੰਘ ਖਿਆਲੇ ਵਾਲਿਆਂ ਨੇ ਵੀ ਇਸ ਘਟਨਾ ਦੀ ਨਿਖੇਧੀ ਕਰਦਿਆਂ ਦੋਸ਼ੀਆਂ ਨੂੰ ਜਲਦੀ ਕਾਬੂ ਕਰਨ ਦੀ ਮੰਗ ਕੀਤੀ ਹੈ।