ਖੂਈਆਂ ਮਲਕਾਣਾ ਟੋਲ ਪਲਾਜ਼ਾ ਨੇੜੇ ਹਰਿਆਣਵੀ ਕਿਸਾਨਾਂ ਵਲੋਂ ਪੱਕਾ ਮੋਰਚਾ ਸ਼ੁਰੂ

ਡੱਬਵਾਲੀ, 28 ਅਕਤੂਬਰ (ਨਿਊਜ਼ ਪੰਜਾਬ)- ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਅੱਜ ਖੂਈਆਂ ਮਲਕਾਣਾ ਟੋਲ ਪਲਾਜ਼ਾ ਨੂੰ ਪਰਚੀ ਮੁਕਤ ਕਰਨ ਪੁੱਜੇ 1500-2000 ਦੇ ਕਰੀਬ ਕਿਸਾਨਾਂ ਨੂੰ ਭਾਰੀ ਗਿਣਤੀ ਪੁਲਿਸ ਬਲ ਨਾਲ ਪ੍ਰਸ਼ਾਸਨ ਨੇ ਕਰੀਬ ਤਿੰਨ ਸੌ ਮੀਟਰ ‘ਤੇ ਰੋਕ ਲਿਆ, ਜਿਸ ਮਗਰੋਂ ਕਿਸਾਨਾਂ ਨੇ ਟੋਲ ਪਲਾਜ਼ਾ ਤੋਂ ਥੋੜੀ ਦੂਰ ਕੌਮੀ ਸ਼ਾਹ ਰਾਹ-9 ਡੱਬਵਾਲੀ-ਸਿਰਸਾ ਰੋਡ ਉੱਪਰ ਪੱਕਾ ਮੋਰਚਾ ਲਗਾਉਣ ਦਾ ਐਲਾਨ ਕਰ ਦਿੱਤਾ। ਪੁਲਿਸ ਪ੍ਰਸ਼ਾਸਨ ਨੇ ਸਥਾਨਕ ਅਦਾਲਤ ਦੇ ਹੁਕਮਾਂ ਦੇ ਤਹਿਤ ਮੁਜ਼ਾਹਰਾਕਾਰੀ ਕਿਸਾਨਾਂ ਨੂੰ ਟੋਲ ਪਲਾਜ਼ਾ ਤੋਂ 500 ਮੀਟਰ ਦੂਰ ਡਿਪਟੀ ਕਮਿਸ਼ਨਰ ਦੀ ਮਨਜ਼ੂਰੀ ਨਾਲ ਧਰਨਾ ਦੇਣ ਲਈ ਆਖਿਆ। ਪ੍ਰਸ਼ਾਸਨ ਵਲੋਂ ਟੋਲ ਪਲਾਜ਼ੇ ਦੀ ਸੁਰੱਖਿਆ ਲਈ ਹਰਿਆਣਾ ਪੁਲਿਸ ਦੀਆਂ ਪੰਜ ਟੁਕੜੀਆਂ ਅਤੇ ਚਾਰ ਡੀ. ਐਸ. ਪੀ. ਤਾਇਨਾਤ ਹਨ। ਟੋਲ ਪਲਾਜ਼ਾ ਦੀ ਸੈਂਕੜੇ ਪੁਲਿਸ ਮੁਲਾਜ਼ਮਾਂ ਨੇ ਰੋਕਾਂ ਨਾਲ ਸਖ਼ਤ ਨਾਕੇਬੰਦੀ ਕੀਤੀ ਹੋਈ ਹੈ। ਡੱਬਵਾਲੀ ਖੇਤਰ ਦੇ ਕਿਸਾਨ ਪੰਜਾਬ ਦੀ ਤਰਜ਼ ‘ਤੇ ਅੱਜ ਤੋਂ ਹਰਿਆਣਾ ‘ਚ ਟੋਲ ਪਲਾਜ਼ਿਆਂ ਨੂੰ ਪਰਚੀ ਮੁਕਤ ਦੇ ਆਗਾਜ਼ ਨੂੰ ਅੰਜਾਮ ਦੇਣ ਪੁੱਜੇ ਸਨ। ਬੀਤੇ ਕੱਲ੍ਹ ਐਨ. ਐਚ. ਆਈ. ਏ. ਦੇ ਪ੍ਰਾਜੈਕਟ ਡਾਇਰੈਕਟਰ ਗੌਤਮ ਵਿਸ਼ਾਲ ਦੀ ਰਿੱਟ ‘ਤੇ ਸੁਣਵਾਈ ਕਰਦਿਆਂ ਸਥਾਨਕ ਅਦਾਲਤ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੇ ਹਵਾਲੇ ਤਹਿਤ ਆਖਿਆ ਸੀ ਕਿ ਜੇਕਰ ਕਿਸਾਨਾਂ ਨੇ ਧਰਨਾ-ਮੁਜ਼ਾਹਰਾ ਕਰਨਾ ਹੈ ਤਾਂ ਉਹ ਡਿਪਟੀ ਕਮਿਸ਼ਨਰ ਤੋਂ ਮਨਜ਼ੂਰੀ ਲੈ ਕੇ ਕਰਨ। ਅਦਾਲਤ ਅਨੁਸਾਰ ਡਿਪਟੀ ਕਮਿਸ਼ਨਰ ਵੀ ਟੋਲ ਪਲਾਜ਼ੇ ਤੋਂ 500 ਮੀਟਰ ਦੂਰ ਧਰਨਾ ਪ੍ਰਦਰਸ਼ਨ ਦੀ ਮਨਜ਼ੂਰੀ ਦੇ ਸਕਦੇ ਹਨ। ਪ੍ਰਸ਼ਾਸਨ ਵਲੋਂ ਡੀ. ਐਸ. ਪੀ. ਕੁਲਦੀਪ ਸਿੰਘ ਨੇ ਮੁਜ਼ਾਹਰਾਕਾਰੀ ਕਿਸਾਨ ਲੀਡਰਸ਼ਿਪ ਨੂੰ ਅਦਾਲਤੀ ਹੁਕਮਾਂ ਦੀ ਕਾਪੀ ਵਿਖਾਉਂਦਿਆਂ ਟੋਲ ਪਲਾਜ਼ਾ ਨਾ ਰੋਕਣ ਅਤੇ 500 ਮੀਟਰ ਤੱਕ ਧਰਨਾ ਨਾ ਲਗਾਉਣ  ਸਕਣ ਦੇ ਨਿਰਦੇਸ਼ਾਂ ਦੀ ਜਾਣਕਾਰੀ ਦਿੱਤੀ। ਕਿਸਾਨ ਆਗੂਆਂ ਗੁਰਪ੍ਰੇਮ ਸਿੰਘ ਦੇਸੁਜੋਧਾ, ਐਸ. ਪੀ. ਸਿੰਘ ਮਸੀਤਾਂ ਅਤੇ ਹੋਰਨਾਂ ਆਗੂਆਂ ਨੇ ਪ੍ਰਸ਼ਾਸਨ ਨੂੰ ਆਖਿਆ ਕਿ ਉਹ ਸੜਕ ਬੰਦ ਕਰਨ ਨਹੀਂ, ਸਗੋਂ ਟੋਲ ਪਲਾਜ਼ੇ ਤੋਂ ਲਾਂਘਾ ਪਰਚੀ ਮੁਕਤ ਕਰਵਾਉਣ ਪੁੱਜੇ ਹਨ। ਪ੍ਰਸ਼ਾਸਨ ਵਲੋਂ ਅਗਾਂਹ ਨਾ ਵਧਣ ਦੇਣ ‘ਤੇ ਕਿਸਾਨ ਸੜਕ ਉੱਪਰ ਪੱਕਾ ਮੋਰਚਾ ਲਗਾਉਣ ਨੂੰ ਮਜਬੂਰ ਹਨ।