ਨਵਾਂਸ਼ਹਿਰ ਵਾਸੀਆਂ ਦੀ ਚਿਰੋਕਣੀ ਮੰਗ ਹੋਈ ਪੂਰੀ, ਐਮ. ਪੀ ਮਨੀਸ਼ ਤਿਵਾੜੀ ਨੇ ਸਿਵਲ ਹਸਪਤਾਲ ਵਿਖੇ ਆਈ. ਸੀ. ਯੂ ਕੀਤਾ ਲੋਕ ਅਰਪਿਤ

* ਗੰਭੀਰ ਮਰੀਜ਼ਾਂ ਨੂੰ ਹੁਣ ਬਾਹਰਲੇ ਜ਼ਿਲਿਆਂ ਵਿਚ ਰੈਫਰ ਕਰਨ ਦੀ ਨਹੀਂ ਪਵੇਗੀ ਜ਼ਰੂਰਤ
ਨਵਾਂਸ਼ਹਿਰ, 26 ਅਕਤੂਬਰ (ਨਿਊਜ਼ ਪੰਜਾਬ)-ਨਵਾਂਸ਼ਹਿਰ ਵਾਸੀਆਂ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਪੂਰੀ ਕਰਦਿਆਂ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੱਲੋਂ ਅੱਜ ਜ਼ਿਲਾ ਹਸਪਤਾਲ, ਨਵਾਂਸ਼ਹਿਰ ਵਿਖੇ ਆਈ. ਸੀ. ਯੂ ਲੋਕ ਅਰਪਿਤ ਕੀਤਾ ਗਿਆ। ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ, ਵਿਧਾਇਕ ਬਲਾਚੌਰ ਚੌਧਰੀ ਦਰਸ਼ਨ ਲਾਲ ਮੰਗੂਪੁਰ, ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ, ਪੰਜਾਬ ਲਾਰਜ ਇੰਡਸਟਰੀਅਲ ਵਿਕਾਸ ਬੋਰਡ ਦੇ ਚੇਅਰਮੈਨ ਪਵਨ ਦੀਵਾਨ, ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਅਤੇ ਐਸ. ਐਸ. ਪੀ ਅਲਕਾ ਮੀਨਾ ਦੀ ਮੌਜੂਦਗੀ ਵਿਚ ਆਈ. ਸੀ. ਯੂ ਲੋਕਾਂ ਨੂੰ ਸਪਰਪਿਤ ਕਰਦਿਆਂ ਐਮ. ਪੀ ਮਨੀਸ਼ ਤਿਵਾੜੀ ਨੇ ਕਿਹਾ ਕਿ ਨਵਾਂਸ਼ਹਿਰ ਵਿਖੇ ਲੰਬੇ ਸਮੇਂ ਤੋਂ ਆਈ. ਸੀ. ਯੂ ਦੀ ਘਾਟ ਰੜਕਦੀ ਆ ਰਹੀ ਸੀ, ਜਿਸ ਨੂੰ ਅੱਜ ਪੂਰਾ ਕਰ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਇਹ ਸਹੂਲਤ ਮਿਲਣ ਨਾਲ ਹੁਣ ਹੰਗਾਮੀ ਹਾਲਤ ਵਿਚ ਜ਼ਿਲੇ ਦੇ ਗੰਭੀਰ ਮਰੀਜ਼ਾਂ ਨੂੰ ਹੋਰਨਾਂ ਜ਼ਿਲਿਆਂ ਵਿਚ ਰੈਫਰ ਕਰਨ ਦੀ ਲੋੜ ਨਹੀਂ ਪਵੇਗੀ। ਉਨਾਂ ਦੱਸਿਆ ਕਿ ਅਤਿ-ਆਧੁਨਿਕ ਉਪਕਰਨਾਂ ਅਤੇ ਸਹੂਲਤਾਂ ਨਾਲ ਲੈਸ ਇਸ ਆਈ. ਸੀ. ਯੂ ਵਿਚ ਵੈਂਟੀਲੇਟਰ, ਪਾਈਪ ਪੈਪ ਮਸ਼ੀਨ, ਹਾਈਫਲੋਰ ਨੇਜ਼ਲ ਆਕਸੀਜਨ ਮਸ਼ੀਨ ਆਦਿ ਦੀ ਸਹੂਲਤ ਉਪਲਬੱਧ ਹੈ, ਜੋ ਕਿ ਕੋਵਿਡ-19 ਦੇ ਗੰਭੀਰ ਮਰੀਜ਼ਾਂ ਲਈ ਬੇਹੱਦ ਉਪਯੋਗੀ ਹਨ। ਇਸ ਦੌਰਾਨ ਉਨਾਂ ਵੱਲੋਂ ਅਡਵਾਂਸ ਲਾਈਫ ਸਪੋਰਟ ਐਂਬੂਲੈਂਸ ਨੂੰ ਵੀ ਝੰਡੀ ਦਿੱਤੀ ਗਈ। ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਇਸ ਮੌਕੇ ਦੱਸਿਆ ਕਿ ਐਮ. ਪੀ ਮਨੀਸ਼ ਤਿਵਾੜੀ ਵੱਲੋਂ ਆਪਣੇ ਐਮ. ਪੀ ਲੈਡ ਫੰਡ ਵਿਚੋਂ ਸਿਵਲ ਹਸਪਤਾਲ ਨਵਾਂਸ਼ਹਿਰ ਨੂੰ 25 ਲੱਖ ਰੁਪਏ ਦੇ ਫੰਡ ਨਾਲ ਡਾਕਟਰੀ ਉਪਕਰਨ ਅਤੇ ਸਾਮਾਨ ਮੁਹੱਈਆ ਕਰਵਾਇਆ ਹੈ। ਉਨਾਂ ਜ਼ਿਲਾ ਵਾਸੀਆਂ ਨੂੰ ਬਿਹਤਰੀਨ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਉਨਾਂ ਦਾ ਧੰਨਵਾਦ ਕੀਤਾ। ਉਨਾਂ ਕਿਹਾ ਕਿ ਇਸ ਨਾਲ ਜ਼ਿਲੇ ਵਿਚ ਸਿਹਤ ਸੇਵਾਵਾਂ ਨੂੰ ਵੱਡਾ ਹੁਲਾਰਾ ਮਿਲੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਦਿੱਤਿਆ ਉੱਪਲ, ਐਸ. ਡੀ. ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਮਾਰਕੀਟ ਕਮੇਟੀ ਦੇ ਚੇਅਰਮੈਨ ਚਮਨ ਸਿੰਘ ਭਾਨ ਮਜਾਰਾ, ਤਹਿਸੀਲਦਾਰ ਕੁਲਵੰਤ ਸਿੰਘ, ਸਿਵਲ ਸਰਜਨ ਡਾ. ਰਜਿੰਦਰ ਪ੍ਰਸਾਦ ਭਾਟੀਆ, ਡੀ. ਆਈ. ਓ ਡਾ. ਦਵਿੰਦਰ ਢਾਂਡਾ, ਐਸ. ਐਮ. ਓ ਡਾ. ਹਰਵਿੰਦਰ ਸਿੰਘ, ਜੋਗਿੰਦਰ ਸਿੰਘ ਬਗੌਰਾ, ਬਲਬੀਰ ਸਿੰਘ ਬਰਨਾਲਾ, ਸੁਰਿੰਦਰ ਸਿੰਘ ਰਾਣਾ, ਡਾ. ਕਮਲਜੀਤ ਲਾਲ, ਡਾ. ਸਰਤਾਜ ਸਿੰਘ, ਚੇਤ ਰਾਮ ਰਤਨ, ਰਮਨ ਉਮਟ, ਪਰਵੀਨ ਭਾਟੀਆ, ਜੋਗਿੰਦਰ ਸਿੰਘ ਸ਼ੋਕਰ, ਬੌਬੀ ਤਨੇਜਾ, ਰਾਕੇਸ਼ ਕੁਮਾਰ ਹੈਪੀ ਤੇ ਹੋਰ ਹਾਜ਼ਰ ਸਨ।