ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਬਾਰ ਐਸੋਸੀਏਸ਼ਨ ਦੀਆਂ ਚੋਣਾਂ 6 ਨਵੰਬਰ ਨੂੰ
ਸੰਗਰੂਰ, 23 ਅਕਤੂਬਰ (ਨਿਊਜ਼ ਪੰਜਾਬ)- ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਬਾਰ ਐਸੋਸੀਏਸ਼ਨ ਦੀਆਂ ਚੋਣਾਂ 6 ਨਵੰਬਰ ਨੂੰ ਕਰਾਈਆਂ ਜਾਣਗੀਆਂ। ਪੰਜਾਬ-ਹਰਿਆਣਾ ਬਾਰ ਕੌਂਸਲ ਦੇ ਮੈਂਬਰ ਗੁਰਤੇਜ ਸਿੰਘ ਗਰੇਵਾਲ ਨੇ ਦੱਸਿਆ ਕਿ ਬਾਰ ਐਸੋਸੀਏਸ਼ਨ ਦੀਆਂ ਇਨ੍ਹਾਂ ਚੋਣਾਂ ਲਈ 26 ਅਕਤੂਬਰ ਨੂੰ ਨਾਮਜ਼ਦਗੀ ਪਰਚੇ ਭਰਾਏ ਜਾਣਗੇ, ਉਸੇ ਦਿਨ ਪਰਚਿਆਂ ਦੀ ਜਾਂਚ ਤੋਂ ਬਾਅਦ ਉਸੇ ਦਿਨ ਹੀ ਪਰਚੇ ਵਾਪਸ ਲਏ ਜਾ ਸਕਦੇ ਹਨ। ਜਿਨ੍ਹਾਂ ਬਾਰ ਐਸੋਸੀਏਸ਼ਨਾਂ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਦਾ ਕੰਮ ਪਹਿਲਾਂ ਮੁਕੰਮਲ ਹੋ ਚੁੱਕਾ ਹੈ, ਉੱਥੇ ਚੋਣ ਲਈ ਉਹੀ ਉਮੀਦਵਾਰ ਯੋਗ ਮੰਨੇ ਜਾਣਗੇ। ਗਰੇਵਾਲ ਨੇ ਦੱਸਿਆ ਕਿ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ‘ਚ ਜਿਨ੍ਹਾਂ ਥਾਵਾਂ ‘ਤੇ ਸਰਬ ਸੰਮਤੀ ਨਾਲ ਚੋਣ ਹੋ ਚੁੱਕੀ ਹੈ, ਉਨ੍ਹਾਂ ਨੂੰ ਛੱਡ ਕੇ ਬਾਕੀ ਥਾਵਾਂ ‘ਤੇ ਬਾਰ ਐਸੋਸੀਏਸ਼ਨਾਂ ਦੀਆਂ ਚੋਣ 6 ਨਵੰਬਰ ਨੂੰ ਹੋਣਗੀਆਂ। ਬਦਲੇ ਹੋਏ ਹਾਲਾਤ ਦੇ ਚੱਲਦਿਆਂ ਹੁਣ ਮਤਦਾਨ ਕੇਂਦਰਾਂ ‘ਤੇ ਵੋਟਿੰਗ ਹੋਵੇਗੀ ਪਰ ਇਸ ਦੌਰਾਨ ਵਿਅਕਤੀਗਤ ਦੂਰੀ ਸਾਵਧਾਨੀ ਦਾ ਪੂਰਾ ਖ਼ਿਆਲ ਰੱਖਿਆ ਜਾਵੇਗਾ। ਜਾਰੀ ਨੋਟੀਫ਼ਿਕੇਸ਼ਨ ਮੁਤਾਬਕ ਸਵੇਰੇ 9 ਵਜੇ ਤੋਂ ਸ਼ਾਮੀਂ 4.30 ਵਜੇ ਤੱਕ ਵੋਟਿੰਗ ਹੋਵੇਗੀ। ਸ਼ਾਮ ਨੂੰ 5 ਵਜੇ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜੇ ਉਸੇ ਦਿਨ ਐਲਾਨ ਦਿੱਤੇ ਜਾਣਗੇ।