ਕਿਸਾਨ ਜਥੇਬੰਦੀਆਂ ਨੇ ਸ਼ੰਭੂ ਰੇਲ ਪਟੜੀ ਤੋਂ ਚੁੱਕਿਆ ਧਰਨਾ

ਘਨੌਰ, 22 ਅਕਤੂਬਰ (ਨਿਊਜ਼ ਪੰਜਾਬ)- ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਪਿਛਲੇ 22 ਦਿਨਾਂ ਤੋਂ ਪੰਜਾਬ ਦੇ ਪ੍ਰਵੇਸ਼ ਦੁਆਰ ਸ਼ੰਭੂ ਰੇਲਵੇ ਲਾਈਨਾਂ ‘ਤੇ 31 ਕਿਸਾਨ ਜਥੇਬੰਦੀਆਂ ਵਲੋਂ ਦਿੱਤਾ ਜਾ ਰਿਹਾ ਧਰਨਾ ਅੱਜ ਚੁੱਕ ਲਿਆ ਗਿਆ ਹੈ। ਇਨ੍ਹਾਂ ਧਰਨਿਆਂ ‘ਚ ਕਿਸਾਨਾਂ ਵਲੋਂ ਮਾਲ ਗੱਡੀਆਂ ਅਤੇ ਯਾਤਰੂ ਗੱਡੀਆਂ ਸਮੇਤ ਰੇਲਵੇ ਆਵਾਜਾਈ ਪੂਰੀ ਤਰ੍ਹਾਂ ਰੋਕ ਦਿੱਤੀ ਗਈ ਸੀ, ਜਿਸ ਕਰਕੇ ਪੰਜਾਬ ਦੇ ਥਰਮਲ ਪਲਾਂਟਾਂ ‘ਤੇ ਕੋਲੇ ਦੀ ਕਮੀ ਹੋਣ ਕਾਰਨ ਥਰਮਲ ਪਲਾਂਟ ‘ਚੋਂ ਬਿਜਲੀ ਸਪਲਾਈ ਬੰਦ ਹੋਣ ‘ਤੇ ਕਈ ਦਿਹਾਤੀ ਇਲਾਕਿਆਂ ‘ਚ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਗਏ ਸਨ। ਕਿਸਾਨ ਜਥੇਬੰਦੀਆਂ ਨੇ ਅੱਜ ਫ਼ੈਸਲਾ ਲਿਆ ਹੈ ਕਿ 5 ਨਵੰਬਰ ਤੱਕ ਕੋਲੇ ਦੀਆਂ ਰੇਲ ਗੱਡੀਆਂ ਅਤੇ ਖਾਦ ਦੀਆ ਗੱਡੀਆਂ ਨੂੰ ਪੰਜਾਬ ‘ਚ ਪ੍ਰਵਾਨਗੀ ਦਿੱਤੀ ਜਾਵੇਗੀ ਅਤੇ ਸਵਾਰੀਆ ਵਾਲੀਆਂ ਗੱਡੀਆਂ ਨਹੀਂ ਆਉਣ ਦਿੱਤੀਆਂ ਜਾਣਗੀਆਂ। ਕਿਸਾਨ ਆਗੂ ਸਤਨਾਮ ਸਿੰਘ ਬਹਿਰੂ ਨੇ ਕਿਹਾ ਕਿ ਰਿਲਾਇੰਸ ਪੈਟਰੋਲ ਪੰਪਾਂ ਤੇ ਹੋਰ ਥਾਵਾਂ ‘ਤੇ ਲਗਾਏ ਧਰਨੇ ਅਤੇ ਰੋਸ ਮੁਜ਼ਾਹਰੇ ਲਗਾਤਾਰ ਜਾਰੀ ਰਹਿਣਗੇ ਅਤੇ ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਅਜੀਤ ਸਿੰਘ ਸਟੇਸ਼ਨ ਮਾਸਟਰ ਨੇ ਦੱਸਿਆ ਕਿ 1 ਸਤੰਬਰ ਤੋਂ ਗੱਡੀਆਂ ਬੰਦ ਹਨ ਅਤੇ ਉਮੀਦ ਹੈ ਮਾਲ ਗੱਡੀਆਂ ਜਲਦੀ ਚੱਲ ਜਾਣਗੀਆਂ।