ਸੜਕ ਹਾਦਸੇ ‘ਚ ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਜ਼ਖ਼ਮੀ
ਮੋਗਾ, 22 ਅਕਤੂਬਰ (ਡਾ: ਸਵਰਨਜੀਤ ਸਿੰਘ)- ਹਲਕਾ ਵਿਧਾਇਕ ਮੋਗਾ ਡਾ. ਹਰਜੋਤ ਕਮਲ ਅਤੇ ਨਗਰ ਸੁਧਾਰ ਟਰੱਸਟ ਮੋਗਾ ਦੇ ਚੇਅਰਮੈਨ ਵਿਨੋਦ ਬਾਂਸਲ ਬੀਤੀ ਦੇਰ ਰਾਤ ਵਾਪਰੇ ਇਕ ਸੜਕ ਹਾਦਸੇ ‘ਚ ਗੰਭੀਰ ਜ਼ਖ਼ਮੀ ਹੋ ਗਏ। ਹਾਦਸਾ ਉਦੋਂ ਵਾਪਰਿਆ, ਜਦੋਂ ਉਹ ਚੰਡੀਗੜ੍ਹ ਤੋਂ ਵਾਪਸ ਮੋਗਾ ਪਰਤ ਰਹੇ ਸਨ ਅਤੇ ਜਦੋਂ ਉਨ੍ਹਾਂ ਦੀ ਗੱਡੀ ਖਮਾਣੋਂ ਕੋਲ ਪੁੱਜੀ ਤਾਂ ਇਹ ਅੱਗਿਓਂ ਗ਼ਲਤ ਦਿਸ਼ਾ ‘ਚ ਆ ਰਹੀ ਤੇਜ਼ ਰਫ਼ਤਾਰ ਸਕਾਰਪਿਓ ਗੱਡੀ ਨਾਲ ਟਕਰਾਅ ਗਈ। ਡਾਕਟਰਾਂ ਮੁਤਾਬਕ ਡਾ. ਹਰਜੋਤ ਕਮਲ ਦੇ ਚੂਲੇ ‘ਤੇ ਸੱਟ ਲੱਗੀ ਹੈ ਅਤੇ ਚੇਅਰਮੈਨ ਵਿਨੋਦ ਬਾਂਸਲ ਦੀ ਇਕ ਬਾਂਹ ਅਤੇ ਲੱਤ ਫਰੈਕਚਰ ਹੈ। ਟੱਕਰ ਇੰਨੀ ਭਿਆਨਕ ਸੀ ਕਿ ਗੱਡੀਆਂ ਦੀਆਂ ਬਾਰੀਆਂ ਤੋੜ ਕੇ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ। ਇਸ ਹਾਦਸੇ ‘ਚ ਡਾ. ਹਰਜੋਤ ਕਮਲ ਦਾ ਡਰਾਈਵਰ ਵੀ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਕਿ ਲੁਧਿਆਣਾ ਰੈਫ਼ਰ ਕੀਤਾ ਗਿਆ ਹੈ।