ਸੀ. ਬੀ. ਆਈ. ਛੋਟੇ-ਛੋਟੇ ਮਾਮਲਿਆਂ ‘ਚ ਵੀ ਵੜਨ ਲੱਗੀ, ਕੇਸ ਕਿਤੇ ਹੁੰਦਾ ਹੈ ਅਤੇ ਜਾਂਚ ਕਿਤੇ ਕਰਨ ਆ ਜਾਂਦੀ ਹੈ- ਰਾਓਤ
ਮੁੰਬਈ, 22 ਅਕਤੂਬਰ (ਨਿਊਜ਼ ਪੰਜਾਬ)- ਮਹਾਰਾਸ਼ਟਰ ਦੀ ਊਧਵ ਠਾਕਰੇ ਸਰਕਾਰ ਨੇ ਸੂਬਾ ਮਾਮਲਿਆਂ ਦੀ ਜਾਂਚ ਲਈ ਕੇਂਦਰੀ ਜਾਂਚ ਏਜੰਸੀ ਸੀ. ਬੀ. ਆਈ. ਨੂੰ ਦਿੱਤੀ ਗਈ ਆਮ ਸਹਿਮਤੀ ਨੂੰ ਵਾਪਸ ਲੈ ਲਿਆ ਹੈ। ਭਾਵ ਕਿ ਹੁਣ ਮਹਾਰਾਸ਼ਟਰ ‘ਚ ਕਿਸੇ ਵੀ ਕੇਸ ਦੀ ਜਾਂਚ ਲਈ ਸੀ. ਬੀ. ਆਈ. ਨੂੰ ਪਹਿਲਾਂ ਉੱਥੋਂ ਦੀ ਸਰਕਾਰ ਕੋਲੋਂ ਇਜਾਜ਼ਤ ਲੈਣੀ ਹੋਵੇਗੀ। ਇਸ ਫ਼ੈਸਲੇ ਨੂੰ ਸ਼ਿਵ ਸੈਨਾ ਦੇ ਬੁਲਾਰੇ ਅਤੇ ਰਾਜ ਸਭਾ ਮੈਂਬਰ ਸੰਜੇ ਰਾਓਤ ਨੇ ਸਹੀ ਠਹਿਰਾਇਆ ਹੈ। ਉਨ੍ਹਾਂ ਕਿਹਾ, ”ਸੀ. ਬੀ. ਆਈ. ਛੋਟੇ-ਛੋਟੇ ਮਾਮਲਿਆਂ ‘ਚ ਵੀ ਵੜਨ ਲੱਗੀ ਹੈ। ਸੀ. ਬੀ. ਆਈ. ਦਾ ਆਪਣਾ ਵੀ ਵਜੂਦ ਹੈ। ਮਹਾਰਾਸ਼ਟਰ ਵਰਗੇ ਸੂਬੇ ‘ਚ ਜੇਕਰ ਕੋਈ ਕੌਮੀ ਕਾਰਨ ਹੈ, ਉਸ ਨੂੰ ਜਾਂਚ ਕਰਨ ਦਾ ਅਧਿਕਾਰ ਹੈ।” ਰਾਓਤ ਨੇ ਅੱਗੇ ਕਿਹਾ, ”ਮੁੰਬਈ ਜਾਂ ਮਹਾਰਾਸ਼ਟਰ ਪੁਲਿਸ ਨੇ ਕਿਸੇ ਵਿਸ਼ੇ ‘ਤੇ ਜਾਂਚ ਸ਼ੁਰੂ ਕੀਤੀ, ਕਿਸੇ ਹੋਰ ਸੂਬੇ ‘ਚ ਐਫ. ਆਈ. ਆਰ. ਦਾਖ਼ਲ ਕੀਤੀ ਜਾਂਦੀ ਹੈ, ਉੱਥੋਂ ਕੇਸ ਸੀ. ਬੀ. ਆਈ. ਨੂੰ ਜਾਂਦਾ ਹੈ ਅਤੇ ਸੀ. ਬੀ. ਆਈ. ਮਹਾਰਾਸ਼ਟਰ ‘ਚ ਆ ਜਾਂਦੀ ਹੈ। ਹੁਣ ਇਹ ਨਹੀਂ ਚੱਲੇਗਾ, ਮਹਾਰਾਸ਼ਟਰ ਅਤੇ ਮੁੰਬਈ ਪੁਲਿਸ ਦਾ ਆਪਣਾ ਇੱਕ ਅਧਿਕਾਰ ਹੈ, ਜੋ ਸੰਵਿਧਾਨ ਨੇ ਦਿੱਤਾ ਹੈ।”