ਮਾਰਕਫੈੱਡ ਦੇ ਜ਼ਿਲ੍ਹਾ ਮੈਨੇਜਰ ਸੰਧੂ ਵਲੋਂ ਦਾਣਾ ਮੰਡੀ ਦਾ ਅਚਨਚੇਤ ਦੌਰਾ, ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

ਅਜਨਾਲਾ, 21 ਅਕਤੂਬਰ (ਨਿਊਜ਼ ਪੰਜਾਬ)- ਝੋਨੇ ਦੀ ਚੱਲ ਰਹੀ ਖ਼ਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਮਾਰਕਫੈੱਡ ਦੇ ਜ਼ਿਲ੍ਹਾ ਮੈਨੇਜਰ ਗੁਰਪ੍ਰੀਤ ਸਿੰਘ ਸੰਧੂ ਵਲੋਂ ਦਾਣਾ ਮੰਡੀ ਅਜਨਾਲਾ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਆੜ੍ਹਤੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣ ਕੇ ਮੌਕੇ ‘ਤੇ ਨਿਪਟਾਰਾ ਕੀਤਾ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਮੈਨੇਜਰ ਗੁਰਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਹੁਣ ਤੱਕ ਮਾਰਕਫੈੱਡ ਅਤੇ ਪਨਗ੍ਰੇਨ ਵਲੋਂ ਅਜਨਾਲਾ ਮੰਡੀ ‘ਚੋਂ 4776 ਮੀਟਰਿਕ ਟਨ ਪਰਮਲ ਦੀ ਖ਼ਰੀਦ ਕੀਤੀ ਗਈ ਹੈ, ਜਿਸ ‘ਚੋਂ 3429 ਮੀਟਰਿਕ ਟਨ ਲਿਫ਼ਟਿੰਗ ਹੋ ਚੁੱਕੀ ਹੈ, ਜਦੋਂਕਿ ਪਿਛਲੇ ਸਾਲ ਕੁੱਲ 1440 ਮੀਟਰਿਕ ਟਨ ਪਰਮਲ ਦੀ ਖ਼ਰੀਦ ਹੋਈ ਸੀ। ਜ਼ਿਲ੍ਹਾ ਅੰਮ੍ਰਿਤਸਰ ਦੀ ਗੱਲ ਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਮਾਰਕਫੈੱਡ ਅਤੇ ਹੋਰਨਾਂ ਖ਼ਰੀਦ ਏਜੰਸੀਆਂ ਵਲੋਂ 311503 ਮੀਟਰਿਕ ਟਨ ਪਰਮਲ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ, ਜਿਸ ‘ਚੋਂ 234796 ਮੀਟਰਿਕ ਟਨ ਲਿਫ਼ਟਿੰਗ ਹੋ ਚੁੱਕੀ ਹੈ। ਜ਼ਿਲ੍ਹਾ ਮੈਨੇਜਰ ਸੰਧੂ ਨੇ ਅੱਗੇ ਦੱਸਿਆ ਕਿ ਹੁਣ ਤੱਕ ਮਾਰਕਫੈੱਡ ਵਲੋਂ 75 ਫ਼ੀਸਦੀ, ਪਨਗ੍ਰੇਨ ਵਲੋਂ 65 ਫ਼ੀਸਦੀ, ਪਨਸਪ ਵਲੋਂ 71 ਫ਼ੀਸਦੀ ਅਤੇ ਵੇਅਰਹਾਊਸ ਵਲੋਂ 75 ਪ੍ਰਤੀਸ਼ਤ ਪੇਮੈਂਟ ਕਰ ਦਿੱਤੀ ਗਈ ਹੈ।