2009 ਤੋਂ ਝੋਨੇ ਦੀ ਪਰਾਲੀ ਦਾ ਸੁਚਾਰੂ ਪ੍ਰਬੰਧਨ ਕਰਕੇ ਪਿੰਡ ਦਿਆਲਗੜ੍ਹ ਦੇ ਬੁੱਧ ਸਿੰਘ ਨੇ ਪੈਦਾ ਕੀਤੀ ਮਿਸਾਲ
ਪਰਾਲੀ ਖੇਤ ‘ਚ ਵਾਹੁਣਾ ਜਮੀਨ ਲਈ ਦੇਸੀ ਘਿਉ ਵਰਗਾ : ਬੁੱਧ ਸਿੰਘ
ਆਲੂ ਦੀ ਕਾਸ਼ਤ ਲਈ ਪਰਾਲੀ ਖੇਤ ‘ਚ ਵਾਹੁਣਾ ਬਹੁਤ ਹੀ ਲਾਭਦਾਇਕ, ਖਾਦਾਂ ‘ਚ ਆਈ ਕਮੀ
ਪਟਿਆਲਾ, 19 ਅਕਤੂਬਰ (ਨਿਊਜ਼ ਪੰਜਾਬ)-ਜ਼ਿਲ੍ਹਾ ਪਟਿਆਲਾ ਦੇ ਪਿੰਡ ਦਿਆਲਗੜ੍ਹ ਦੇ ਅਗਾਂਹਵਧੂ ਕਿਸਾਨ ਬੁੱਧ ਸਿੰਘ ਨੇ 2009 ਤੋਂ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਸਫਲ ਖੇਤੀ ਕਰਕੇ ਹੋਰਨਾਂ ਕਿਸਾਨਾਂ ਲਈ ਵੀ ਮਿਸਾਲ ਪੈਦਾ ਕੀਤੀ ਹੈ। ਬੁੱਧ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ 125 ਏਕੜ ਜਮੀਨ ‘ਚ ਖੇਤੀ ਕੀਤੀ ਜਾਂਦੀ ਹੈ ਅਤੇ ਝੋਨੇ ਦੀ ਕਟਾਈ ਤੋਂ ਬਾਅਦ 85 ਏਕੜ ‘ਚ ਕਣਕ ਤੇ 40 ਏਕੜ ‘ਚ ਆਲੂ ਦੀ ਕਾਸ਼ਤ ਕੀਤੀ ਜਾ ਰਹੀ ਹੈ। ਉਨ੍ਹਾਂ ਪਰਾਲੀ ਨੂੰ ਬਿਨਾਂ ਅੱਗ ਲਗਾਏ ਪਿਛਲੇ 12 ਸਾਲਾਂ ਦੇ ਖੇਤੀ ਤਜਰਬੇ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਪਹਿਲਾਂ ਸੁਪਰ ਐਸ.ਐਮ.ਐਸ. ਵਾਲੀ ਕੰਬਾਇਨ ਨਾਲ ਝੋਨੇ ਦੀ ਕਟਾਈ ਤੋਂ ਬਾਅਦ ਮਲਚਰ, ਪਲਟਾਂਵੇ ਹੱਲ ਅਤੇ ਰੋਟਾਵੇਟਰ ਦੀ ਮਦਦ ਨਾਲ ਖੇਤ ਤਿਆਰ ਕਰਕੇ ਕਣਕ ਅਤੇ ਆਲੂਆਂ ਦੀ ਬਿਜਾਈ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਹੁਣ ਕਣਕ ਦੀ ਬਿਜਾਈ ਲਈ ਉਨ੍ਹਾਂ ਵੱਲੋਂ ਸੁਪਰ ਸੀਡਰ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ। ਬੁੱਧ ਸਿੰਘ ਨੇ ਦੱਸਿਆ ਕਿ ਪਰਾਲੀ ਖੇਤ ‘ਚ ਹੀ ਵਾਹੁਣਾ ਜਮੀਨ ਲਈ ਦੇਸੀ ਘਿਉ ਵਰਗਾ ਕੰਮ ਕਰਦਾ ਹੈ, ਇਸ ਨਾਲ ਜਿਥੇ ਉਪਜਾਊ ਸ਼ਕਤੀ ਵੱਧਦੀ ਹੈ, ਉਥੇ ਹੀ ਆਲੂਆਂ ਦੀ ਕਾਸ਼ਤ ਲਈ ਇਹ ਹੋਰ ਵੀ ਲਾਭਦਾਇਕ ਹੈ। ਉਨ੍ਹਾਂ ਦੱਸਿਆ ਕਿ ਪਰਾਲੀ ਖੇਤ ‘ਚ ਹੀ ਵਾਹੁਣ ਸਦਕਾ ਜਿਥੇ ਆਲੂ ਦਾ ਝਾੜ ਪ੍ਰਤੀ ਏਕੜ 10 ਕੁਇੰਟਲ ਤੱਕ ਵੱਧ ਗਿਆ ਹੈ ਨਾਲ ਹੀ ਜਿਥੇ ਪਹਿਲਾਂ 5 ਥੈਲੇ ਡੀ.ਏ.ਪੀ. ਦੇ ਪੈਂਦੇ ਸਨ ਉਹ ਹੁਣ ਘੱਟਕੇ ਚਾਰ ਥੈਲੇ ਹੀ ਪੈ ਰਹੇ ਹਨ। ਅਗਾਂਹਵਧੂ ਕਿਸਾਨ ਬੁੱਧ ਸਿੰਘ ਨੇ ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਕਰਦਿਆ ਕਿਹਾ ਕਿ ਉਹ ਪਰਾਲੀ ਨੂੰ ਖੇਤਾਂ ‘ਚ ਹੀ ਵਾਹੁਣ ਨੂੰ ਤਰਜੀਹ ਦੇਣ ਜਿਸ ਨਾਲ ਜਿਥੇ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ ਨਾਲ ਹੀ ਵਾਤਾਵਰਣ ਦੂਸ਼ਿਤ ਹੋਣ ਤੋਂ ਬਚਦਾ ਹੈ।