ਵਾਤਾਵਰਣ ਪ੍ਰੇਮ ਅਤੇ ਸੁਚੱਜੀ ਖੇਤੀ ਨੂੰ ਦਿਲ ਵਿੱਚ ਵਸਾਈ ਬੈਠਾ ਹੈ ਸਫ਼ਲ ਕਿਸਾਨ ਤਜਿੰਦਰ ਸਿੰਘ ਭਰੋਵਾਲ
ਸੁਪਰ ਐੱਸ. ਐੱਮ. ਐੱਸ. ਯੁਕਤ ਕੰਬਾਇਨ ਨਾਲ ਝੋਨੇ ਦੀ ਕਟਾਈ ਕਰਵਾ ਕੇ ਕੀਤਾ ਪਰਾਲੀ ਪ੍ਰਬੰਧਨ
ਤਰਨ ਤਾਰਨ, 16 ਅਕਤੂਬਰ (ਨਿਊਜ਼ ਪੰਜਾਬ)-ਵਾਤਾਵਰਣ ਪ੍ਰੇਮ ਅਤੇ ਸੁਚੱਜੀ ਖੇਤੀ ਸੰਬੰਧੀ ਦਿਲ ਵਿੱਚੋਂ ਆਈ ਅਵਾਜ਼ ਨੂੰ ਸੁਣ ਕੇ ਫਸਲੀ ਰਹਿੰਦ-ਖੂੰਹਦ ਨੂੰ ਸੁਚੱਜੇ ਢੰਗ ਨਾਲ ਸਾਂਭ ਕੇ ਅਤੇ ਖੇਤੀਬਾੜੀ ਦੇ ਨਾਲ ਸਹਾਇਕ ਕਿੱਤੇ ਅਪਣਾ ਕੇ ਚੋਖਾ ਲਾਭ ਕਮਾਉਣ ਵਾਲੇ ਸਫ਼ਲ ਕਿਸਾਨ ਸ੍ਰ. ਤਜਿੰਦਰ ਸਿੰਘ ਭਰੋਵਾਲ ਆਪਣੇ ਇਲਾਕੇ ਵਿੱਚ ਇੱਕ ਮਿਸਾਲ ਵਜੋਂ ਉੱਭਰੇ ਹਨ। ਸ੍ਰ. ਤਜਿੰਦਰ ਸਿੰਘ ਭਰੋਵਾਲ ਬਚਪਨ ਤੋਂ ਹੀ ਖੇਤੀਬਾੜੀ ਬਹੁਤ ਰੁਚੀ ਸੀ ਆਪਣੇ ਪਿਤਾ ਸ੍ਰ. ਇੰਦਰਜੀਤ ਸਿੰਘ ਨਾਲ ਹਰ ਖੇਤੀ ਦੇ ਕੰਮ ਵਿੱਚ ਹੱਥ ਵਟਾਉਂਦੇ ਸਨ । ਇਹ ਆਪਣੇ 35 ਏਕੜ ਵਿੱਚ ਖੇਤੀ ਕਰਦੇ ਹਨ ਅਤੇ ਖੇਤੀ ਮਸ਼ੀਨਰੀ ਦੀ ਸੁਚੱਜੀ ਵਰਤੋਂ ਕਰਕੇ ਆਪਣੀਆਂ ਫਸਲਾਂ ਦੀ ਬਿਜਾਈ ਅਤੇ ਕਟਾਈ ਕਰਦੇ ਹਨ ।ਇਹਨਾਂ ਨੇ ਆਪਣੇ 35 ਕਿੱਲਿਆਂ ਵਿਚੋਂ 15 ਕਿੱਲਿਆਂ ਦਾ ਪਰਾਲੀ ਪ੍ਰਬੰਧਨ ਬੇਲਰ ਨਾਲ ਅਤੇ ਬਾਕੀ ਰਹਿੰਦੇ ਕਿੱਲਿਆਂ ਵਿੱਚ ਸੁਪਰ ਐੱਸ. ਐੱਮ. ਐੱਸ ਯੁਕਤ ਕੰਬਾਇਨ ਨਾਲ ਝੋਨੇ ਦੀ ਕਟਾਈ ਕਰਵਾ ਕੇ ਪਰਾਲੀ ਪ੍ਰਬੰਧਨ ਕੀਤਾ ਹੈ ਅਤੇ ਇਹਨਾਂ ਪਿਛਲੇ ਕਾਫੀ ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾਈ ਹੈ ।
ਇਸ ਕਿਸਾਨ ਨੇ ਇਸ ਸਾਲ 35 ਏਕੜ ਵਿੱਚ ਹੈਪੀ ਸੀਡਰ ਅਤੇ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰਨੀ ਹੈ ਅਤੇ ਆਪਣੇ ਆਸ-ਪਾਸ ਦੇ ਇਲਾਕੇ ਵਿੱਚ 150-200 ਏਕੜ ਵਿੱਚ ਹੋਰ ਕਿਸਾਨਾਂ ਦੀ ਕਣਕ ਦੀ ਬਿਜਾਈ ਹੈਪੀ ਸੀਡਰ ਅਤੇ ਸੁਪਰ ਸੀਡਰ ਨਾਲ ਕਰਨੀ ਹੈ । ਇਸ ਕਿਸਾਨ ਨੇ 20-25 ਪਸ਼ੂ ਵੀ ਰੱਖੇ ਹੋਏ ਹਨ ਅਤੇ ਆਪਣੇ ਅਤੇ ਆਪਣੇ ਆਸ-ਪਾਸ ਦੇ ਲੋਕਾਂ ਦੇ ਦੁੱਧ ਦੀ ਪੂਰਤੀ ਕਰਦੇ ਹਨ ਅਤੇ ਪਸ਼ੂਆਂ ਦਾ ਟੀਕਾਕਰਨ, ਫੀਡ ਆਦਿ ਕਦੇ ਵੀ ਸੰਬੰਧਤ ਵਿਭਾਗ ਦੀ ਸਲਾਹ ਤੋਂ ਬਿਨ੍ਹਾਂ ਨਹੀਂ ਪਾਉਂਦੇ। ਸ੍ਰ. ਤਜਿੰਦਰ ਸਿੰਘ ਭਰੋਵਾਲ ਨੇ ਇਸ ਸਾਲ ਖੇਤੀਬਾੜੀ ਵਿਭਾਗ ਦੀ ਆਤਮਾ ਸਕੀਮ ਤਹਿਤ ਖੇਤੀਬਾੜੀ ਮਾਹਿਰਾਂ ਦੀ ਸਲਾਹ ਅਤੇ ਸਹਿਯੋਗ ਨਾਲ ਝੋਨੇ ਦੀ ਸਿੱਧੀ ਬਿਜਾਈ ਦਾ ਪ੍ਰਦਸ਼ਨੀ ਪਲਾਟ 2.5 ਏਕੜ ਵਿੱਚ ਲਗਾਇਆ ਸੀ, ਜਿਸਦਾ ਝਾੜ 31 ਕੁਇੰਟਲ ਪ੍ਰਤੀ ਏਕੜ ਆਇਆ ਹੈ। ਇਸ ਕਿਸਾਨ ਨੇ ਪ੍ਰਦਸ਼ਨੀ ਪਲਾਟ ਵਾਲੇ 2.5 ਏਕੜ ਵਿੱਚ ਵੀ ਬੇਲਰ ਨਾਲ ਬੇਲਾਂ ਬਣਵਾ ਕੇ ਪਰਾਲੀ ਪ੍ਰਬੰਧਨ ਕੀਤਾ ਹੈ । ਖੇਤੀਬਾੜੀ ਵਿਭਾਗ ਦੀ ਆਤਮਾ ਸਕੀਮ ਦਾ ਸੁਚੱਜਾ ਲਾਭ ਉਠਾਉਂਦੇ ਹੋਏ ਝੋਨੇ ਦੀ ਸਿੱਧੀ ਬਿਜਾਈ ਨਾਲ ਲੇਬਰ, ਪਾਣੀ ਦੀ ਬੱਚਤ ਕਰਨਾ ਅਤੇ ਬਾਅਦ ਵਿੱਚ ਬੇਲਰ ਨਾਲ ਪਰਾਲੀ ਪ੍ਰਬੰਧਨ ਕਰਕੇ ਵਾਤਾਵਰਣ ਪ੍ਰੇਮੀ ਅਤੇ ਧਰਤੀ ਮਾਂ ਪ੍ਰਤੀ ਦਿੱਲੀ ਪਿਆਰ ਹੋਣ ਦੀ ਉਦਾਹਰਣ ਪੇਸ਼ ਕੀਤੀ ਹੈ ।