ਕਿਸਾਨਾਂ ਨੇ ਚੋਣਵੇਂ ਭਾਜਪਾ ਆਗੂਆਂ ਦੇ ਕਾਰੋਬਾਰੀ ਟਿਕਾਣਿਆਂ ਦੁਆਲੇ ਘੇਰਾ ਘਤਿਆ
ਸੁਨਾਮ ਊਧਮ ਸਿੰਘ ਵਾਲਾ(ਸੰਗਰੂਰ)/ਬੁਢਲਾਡਾ (ਮਾਨਸਾ) , 14 ਅਕਤੂਬਰ (ਨਿਊਜ਼ ਪੰਜਾਬ) – ਕੇਂਦਰ ਸਰਕਾਰ ਦੇ ਕਿਸਾਨ ਮਾਰੂ ਖੇਤੀ ਕਾਨੂੰਨਾਂ ਦੇ ਖਿਲਾਫ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ਵਿਚ ਵਿੱਢੇ ਗਏ ਕਿਸਾਨ ਸੰਘਰਸ਼ ਦੇ ਚੌਦ੍ਹਵੇਂ ਦਿਨ ਰੇਲ ਪਟੜੀਆਂ ਤੋਂ ਮੁਹਾਰ ਮੋੜ ਕੇ ਚੋਣਵੇਂ ਭਾਜਪਾ ਆਗੂਆਂ ਦੇ ਕਾਰੋਬਾਰੀ ਟਿਕਾਣਿਆਂ ਦਾ ਘੇਰਾ ਘੱਤਣ ਦੀ ਵਿਉਂਤ ਅਨੁਸਾਰ ਅੱਜ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀ ਗੈਸ ਏਜੰਸੀ ਦੇ ਦਫ਼ਤਰ ਅਤੇ ਇਕ ਹੋਰ ਸੀਨੀਅਰ ਭਾਜਪਾ ਆਗੂ ਦੀ ਦੁਕਾਨ ਦਾ ਘਿਰਾਓ ਕਰਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਉੱਥੇ ਹੀ, ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨ ਜਥੇਬੰਦੀਆਂ ਦੇ ਚੱਲ ਰਹੇ ਲਗਾਤਾਰ ਸੰਘਰਸ਼ਾਂ ਤਹਿਤ ਭਾਰਤੀ ਕਿਸਾਨ ਯੁਨੀਅਨ ਏਕਤਾ (ਉਗਰਾਂਹਾ) ਵੱਲੋਂ ਅੱਜ ਇਥੇ ਭਾਜਪਾ ਮੰਡਲ ਬੁਢਲਾਡਾ ਦੇ ਪ੍ਰਧਾਨ ਸੁਖਦਰਸ਼ਨ ਸ਼ਰਮਾਂ ਦੇ ਰੋਇਲ ਸਿਟੀ ਸਥਿਤ ਨਿਵਾਸ ਸਥਾਨ ਅੱਗੇ ਲਗਾਤਾਰ ਧਰਨਾਂ ਸ਼ੁਰੂ ਕਰ ਦਿੱਤਾ ਹੈ।