ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰੱਖਣਗੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦਾ ਸਿੱਧੂਵਾਲ ਵਿਖੇ ਨੀਂਹ ਪੱਥਰ
- ਖੇਡ ਵਿਭਾਗ ਦੇ ਡਾਇਰੈਕਟਰ, ਵਾਈਸ ਚਾਂਸਲਰ ਤੇ ਡਿਪਟੀ ਕਮਿਸ਼ਨਰ ਵੱਲੋਂ ਤਿਆਰੀਆਂ ਦਾ ਜਾਇਜ਼ਾ
- 500 ਕਰੋੜ ਰੁਪਏ ਦੀ ਲਾਗਤ ਨਾਲ 96 ਏਕੜ ‘ਚ ਬਣੇਗੀ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ-ਡੀ.ਪੀ.ਐਸ. ਖਰਬੰਦਾ
- ਪਹਿਲੇ ਫੇਜ਼ ‘ਚ 60 ਕਰੋੜ ਰੁਪਏ ਦੀ ਲਾਗਤ ਨਾਲ 3 ਪ੍ਰਬੰਧਕੀ ਬਲਾਕ, ਲੜਕੇ ਤੇ ਲੜਕੀਆਂ ਲਈ ਹੋਸਟਲਾਂ ਦੀ ਹੋਵੇਗੀ ਉਸਾਰੀ
ਪਟਿਆਲਾ, 12 ਅਕਤੂਬਰ (ਨਿਊਜ਼ ਪੰਜਾਬ)-ਪੰਜਾਬ ਵਿੱਚ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਵਾਸਤੇ ਪੰਜਾਬ ਸਰਕਾਰ ਵੱਲੋਂ ਪਟਿਆਲਾ ਵਿਖੇ ਸਥਾਪਤ ਕੀਤੀ ਗਈ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੀ ਪਿੰਡ ਸਿੱਧੂਵਾਲ ਵਿਖੇ ਕਰੀਬ 500 ਕਰੋੜ ਰੁਪਏ ਦੀ ਲਾਗਤ ਨਾਲ 96 ਏਕੜ ‘ਚ ਉਸਾਰੇ ਜਾਣ ਵਾਲੀ ਨਵੀਂ ਇਮਾਰਤ ਦਾ ਨੀਂਹ ਪੱਥਰ 25 ਅਕਤੂਬਰ 2020 ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਰੱਖਿਆ ਜਾਵੇਗਾ। ਇਸ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਇੰਜ. ਦਵਿੰਦਰਪਾਲ ਸਿੰਘ ਖਰਬੰਦਾ ਦੀ ਅਗਵਾਈ ਹੇਠ ਅੱਜ ਇੱਥੇ ਇੱਕ ਮੀਟਿੰਗ ਕੀਤੀ ਗਈ। ਇਸ ਮੌਕੇ ਵਾਈਸ ਚਾਂਸਲਰ ਲੈਫ. ਜਨਰਲ (ਰਿਟਾ.) ਜੇ.ਐਸ. ਚੀਮਾ ਅਤੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਸਮੇਤ ਹੋਰ ਅਧਿਕਾਰੀ ਮੌਜੂਦ ਸਨ। ਇੰਜ. ਡੀ.ਪੀ.ਐਸ. ਖਰਬੰਦਾ ਨੇ ਦੱਸਿਆ ਕਿ ਇਸ ਯੂਨੀਵਰਸਿਟੀ ਦੀ ਇਮਾਰਤ ਦੇ ਪਹਿਲੇ ਫੇਜ਼ ‘ਚ 60 ਕਰੋੜ ਰੁਪਏ ਦੀ ਲਾਗਤ ਨਾਲ 3 ਪ੍ਰਬੰਧਕੀ ਬਲਾਕ, 400 ਲੜਕੇ ਤੇ 400 ਲੜਕੀਆਂ ਲਈ ਵੱਖੋ-ਵੱਖਰੇ ਹੋਸਟਲ ਉਸਾਰੇ ਜਾਣਗੇ। ਉਨ੍ਹਾਂ ਦੱਸਿਆ ਕਿ ਇੱਥੇ ਬੈਚਲਰ ਆਫ਼ ਫ਼ਿਜੀਕਲ ਐਜੂਕੇਸ਼ਨ ਅਤੇ ਐਮ.ਪੀ.ਐਡ. ਦੇ ਕੋਰਸ ਚੱਲ ਰਹੇ ਹਨ ਅਤੇ ਨਵੇਂ ਦਾਖਲਿਆਂ ਨੂੰ ਨੌਜਵਾਨ ਵਿਦਿਆਰਥੀਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ। ਖੇਡ ਵਿਭਾਗ ਦੇ ਡਾਇਰੈਕਟਰ ਨੇ ਦੱਸਿਆ ਕਿ ਅੱਜ ਸਮੁੱਚੇ ਮੁੱਢਲੇ ਪ੍ਰਬੰਧਾਂ ‘ਤੇ ਵਿਚਾਰ ਕਰਨ ਅਤੇ ਪਿੰਡ ਸਿੱਧੂਵਾਲ ਵਿਖੇ ਮੌਕੇ ਦਾ ਜਾਇਜ਼ਾ ਲੈਣ ਉਪਰੰਤ ਵੱਖ ਵੱਖ ਵਿਭਾਗਾਂ ਅਤੇ ਅਧਿਕਾਰੀਆਂ ਨੂੰ ਉਨ੍ਹਾਂ ਦੀਆ ਡਿਊਟੀਆਂ ਸੌਂਪੀਆਂ ਗਈਆਂ ਹਨ ਤਾਂ ਜ਼ੋ ਇਹ ਪ੍ਰੋਗਰਾਮ ਸੁਚੱਜੇ ਢੰਗ ਨਾਲ ਕਰਵਾਇਆ ਜਾ ਸਕੇ। ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਸ੍ਰੀਮਤੀ ਸੁਰਭੀ ਮਲਿਕ, ਐਸ.ਪੀ ਸਥਾਨਕ ਸ੍ਰੀ ਨਵਨੀਤ ਸਿੰਘ ਬੈਂਸ, ਸਹਾਇਕ ਕਮਿਸਨਰ ਜਨਰਲ ਡਾ. ਇਸਮਤ ਵਿਜੈ ਸਿੰਘ, ਡਿਪਟੀ ਡਾਇਰੈਕਟਰ ਖੇਡਾਂ ਸ੍ਰੀ ਕਰਤਾਰ ਸਿੰਘ ਸੈਂਭੀ, ਸਹਾਇਕ ਡਾਇਰੈਕਟਰ ਖੇਡਾਂ ਸ੍ਰੀ ਸੁਨੀਲ ਕੁਮਾਰ, ਕਾਰਜਕਾਰੀ ਇੰਜੀਨੀਅਰ ਖੇਡ ਵਿਭਾਗ ਸ੍ਰੀ ਸੰਜੇ ਮਹਾਜਨ, ਕਾਰਜਕਾਰੀ ਇੰਜੀਨੀਅਰ ਇਲੈਕਟ੍ਰੀਕਲ ਦਵਿੰਦਰਵੀਰ ਕੌਂਡਲ, ਕਾਰਜਕਾਰੀ ਇੰਜੀਨੀਅਰ ਪੀ.ਡਬਲਯੂ.ਡੀ ਸੋਹਨ ਲਾਲ ਗਰਗ ਤੇ ਖੇਡ ਵਿਭਾਗ ਦੇ ਪਟਿਆਲਾ, ਸੰਗਰੂਰ, ਬਠਿੰਡਾ, ਫਿਰੋਜਪੁਰ, ਮਾਨਸਾ ਅਤੇ ਰੋਪੜ ਦੇ ਜਿਲ੍ਹਾ ਖੇਡ ਅਧਿਕਾਰੀਆਂ ਅਤੇ ਹੋਰ ਕਰਮਚਾਰੀਆਂ ਨੇ ਸ਼ਿਰਕਤ ਕੀਤੀ।