ਵਿਧਾਨ ਸਭਾ ਦਾ ਸੈਸ਼ਨ ਕਿਸੇ ਦਬਾਅ ਥੱਲੇ ਨਹੀਂ ਬੁਲਾਇਆ ਜਾ ਸਕਦਾ- ਰਾਣਾ ਕੇ . ਪੀ.
ਸ੍ਰੀ ਅਨੰਦਪੁਰ ਸਾਹਿਬ, 10 ਅਕਤੂਬਰ (ਨਿਊਜ਼ ਪੰਜਾਬ)- ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਕਿਹਾ ਹੈ ਕਿ ਕਿਸਾਨ ਜਥੇਬੰਦੀਆਂ ਦੀ ਮੰਗ ‘ਤੇ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਉਣ ਦਾ ਫ਼ੈਸਲਾ ਸੂਬਾ ਸਰਕਾਰ ਨੇ ਲੈਣਾ ਹੁੰਦਾ ਹੈ, ਜਿਸ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਹਨ ਅਤੇ ਅਸੀਂ ਸਾਰੇ ਚਾਹੁੰਦੇ ਹਾਂ ਕਿ ਸੈਸ਼ਨ ਬੁਲਾਇਆ ਜਾਵੇ ਪਰੰਤੂ ਜਿਸ ਢੰਗ ਨਾਲ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਨੂੰ 10 ਦਿਨ ਦਾ ਅਲਟੀਮੇਟਮ ਦੇ ਕੇ ਸੈਸ਼ਨ ਸੱਦਣ ਅਤੇ ਬਾਈਕਾਟ ਦੀ ਧਮਕੀ ਦਿੱਤੀ ਹੈ, ਉਹ ਬਿਲਕੁਲ ਹੀ ਗੈਰ ਵਾਜਬ ਹੈ, ਕਿਉਂਕਿ ਵਿਧਾਨ ਸਭਾ ਦਾ ਸੈਸ਼ਨ ਕਿਸੇ ਦਬਾਅ ਥੱਲੇ ਨਹੀਂ ਬੁਲਾਇਆ ਜਾ ਸਕਦਾ। ਸਪੀਕਰ ਰਾਣਾ ਨੇ ਅੱਗੇ ਕਿਹਾ ਕਿ ਵਿਧਾਨ ਸਭਾ ਦੇ ਸੈਸ਼ਨ ਦੀ ਮੰਗ ਕਰਨਾ ਹੋਰ ਗੱਲ ਹੈ ਪਰੰਤੂ ਕਿਸਾਨ ਜਥੇਬੰਦੀਆਂ ਦਾ ਤਰੀਕਾ ਠੀਕ ਨਹੀਂ ਸੀ, ਜਿਹੜਾ ਕਿ ਬਹੁਤੇ ਲੋਕਾਂ ਨੂੰ ਚੰਗਾ ਨਹੀਂ ਲੱਗਾ। ਦੱਸਣਯੋਗ ਹੈ ਕਿ ਸਪੀਕਰ ਰਾਣਾ ਅਗੰਮਪੁਰ ਅਨਾਜ ਮੰਡੀ ਵਿਖੇ ਦੌਰਾ ਕਰਨ ਤੋਂ ਬਾਅਦ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਕਿਸਾਨ ਸੰਘਰਸ਼ ਦੌਰਾਨ ਕਿਸਾਨ ਜਥੇਬੰਦੀਆਂ ਵਲੋਂ ਰੇਲਾਂ ਰੋਕਣ ਅਤੇ ਸੜਕਾਂ ਰੋਕਣ ‘ਤੇ ਆਪਣੀ ਪ੍ਰਤੀਕਿਰਿਆ ਦਿੰਦੇ ਕਿਹਾ ਕਿ ਕੇਂਦਰ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਲੋਂ ਕਿਸਾਨ ਵਿਰੋਧੀ ਕਾਨੂੰਨ ਬਣਾਏ ਗਏ ਹਨ ਅਤੇ ਸਾਡੀ ਲੜਾਈ ਵੀ ਕੇਂਦਰ ਸਰਕਾਰ ਨਾਲ ਹੈ ਅਤੇ ਕਿਸਾਨਾਂ ਵਲੋਂ ਆਪਣੀ ਹੱਕੀ ਮੰਗਾਂ ਲਈ ਆਪਣੇ ਘਰ ਸੂਬੇ ਪੰਜਾਬ ਵਿਚ ਰੇਲਾਂ ਰੋਕੀਆਂ ਜਾ ਰਹੀਆਂ ਹਨ, ਜਿਸ ਕਾਰਨ ਸੂਬੇ ‘ਚ ਤੇਲ, ਖਾਦਾਂ ਅਤੇ ਸਬਜ਼ੀਆਂ ਦੀ ਕਿੱਲਤ ਆ ਰਹੀ ਹੈ। ਹੋਰ ਤਾਂ ਹੋਰ ਕੋਲੇ ਦੀ ਕਿੱਲਤ ਕਾਰਨ ਆਉਣ ਵਾਲੇ ਦਿਨਾਂ ਵਿਚ ਪੂਰੇ ਪੰਜਾਬ ਅੰਦਰ ਬਿਜਲੀ ਦਾ ਇਕ ਬਹੁਤ ਵੱਡਾ ਸੰਕਟ ਪੈਦਾ ਹੋ ਜਾਵੇਗਾ, ਜਿਸ ਨਾਲ ਸਮੁੱਚਾ ਪੰਜਾਬ ਪ੍ਰਭਾਵਿਤ ਹੋਵੇਗਾ। ਇਸ ਲਈ ਇਹ ਸਾਰੇ ਮੋਰਚੇ ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਲਾਏ ਜਾਣੇ ਚਾਹੀਦੇ ਹਨ।