ਕਿਸਾਨ ਜਥੇਬੰਦੀਆਂ ਦੀ ਸੂਬਾ ਪੱਧਰੀ ਮੀਟਿੰਗ ਰਹੀ ਬੇਸਿੱਟਾ
ਬਰਨਾਲਾ, 10 ਅਕਤੂਬਰ (ਨਿਊਜ਼ ਪੰਜਾਬ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਤਹਿਤ ਅੱਜ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਸਥਾਨਕ ਤਰਕਸ਼ੀਲ ਭਵਨ ਵਿਖੇ ਹੋਈ। ਮੀਟਿੰਗ ‘ਚ ਸੰਘਰਸ਼ਾਂ ਸਬੰਧੀ ਅਗਲੀ ਰੂਪ ਰੇਖਾ ਨਾ ਉਲੀਕੀ ਜਾਣ ਕਾਰਨ ਮੀਟਿੰਗ ਅੱਗੇ ਪਾ ਦਿੱਤੀ ਗਈ ਅਤੇ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹਿਣਗੇ। ਇਸ ਮੌਕੇ ਗੱਲਬਾਤ ਕਰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਡਾ. ਦਰਸ਼ਨ ਸਿੰਘ ਪਾਲ, ਭਾਕਿਯੂ ਏਕਤਾ ਉਗਰਾਹਾਂ ਦੇ ਪੰਜਾਬ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਭਾਕਿਯੂ ਸਿੱਧੂਪੁਰ ਦੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਸੂਬੇ ਅੰਦਰ ਬਿਜਲੀ ਸੰਕਟ ਨੂੰ ਮੁੱਖ ਰੱਖਦਿਆਂ ਇਹ ਮੀਟਿੰਗ ਸੱਦੀ ਗਈ ਸੀ ਪਰ ਬਹੁਜਨ ਭਾਈਚਾਰੇ ਵਲੋਂ ਦਿੱਤੇ ਪੰਜਾਬ ਬੰਦ ਕਰਨ ਦੇ ਸੱਦੇ ‘ਤੇ ਕੁਝ ਜਥੇਬੰਦੀਆਂ ਦੇ ਆਗੂ ਸ਼ਾਮਿਲ ਨਾ ਹੋ ਸਕੇ। ਆਗੂਆਂ ਕਿਹਾ ਕਿ ਮਾਲ ਗੱਡੀਆਂ ਬੰਦ ਹੋਣ ਕਾਰਨ ਬਿਜਲੀ ਸੰਕਟ, ਕਣਕ ਦੀ ਬਿਜਾਈ ਲਈ ਡੀ. ਏ. ਵੀ. ਤੇ ਯੂਰੀਆ ਖਾਦ ਤੋਟ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਥਰਮਲਾਂ ‘ਚ ਕੋਲਾਂ ਨਾ ਹੋਣ ਦਾ ਸੂਬਾ ਸਰਕਾਰ ਢੰਡੋਰਾ ਪਿੱਟ ਰਹੀ ਹੈ, ਕਿਉਂਕਿ ਥਰਮਲਾਂ ‘ਚ ਕੋਲਾ ਭੰਡਾਰ ਬਹੁਤ ਪਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਰੇਲ ਪਟੜੀਆਂ, ਟੋਲ ਪਲਾਜ਼ੇ, ਪੈਟਰੋਲ ਪੰਪ ਤੋਂ ਇਲਾਵਾ ਕਾਰਪੋਰੇਟ ਅਦਾਰਿਆਂ ਦੇ ਸਟੋਰਾਂ ਅੱਗੇ ਪੱਕੇ ਮੋਰਚੇ ਜਾਰੀ ਰਹਿਣਗੇ। ਆਗੂਆਂ ਅੱਗੇ ਕਿਹਾ ਕਿ ਖੇਤੀ ਲਈ ਬਿਜਲੀ ਦੇ ਕੱਟ ਲਾ ਕੇ ਕੈਪਟਨ ਸਰਕਾਰ ਜਥੇਬੰਦੀਆਂ ਦੇ ਸੰਘਰਸ਼ ਤਾਰੋਪੀਡ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸੰਘਰਸ਼ਾਂ ਸਬੰਧੀ ਜਥੇਬੰਦੀਆਂ ਵਲੋਂ 13 ਅਕਤੂਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਮੀਟਿੰਗ ਕੀਤੀ ਜਾਵੇਗੀ। ਜੇਕਰ ਸੂਬਾ ਸਰਕਾਰ ਵਲੋਂ ਵਿਧਾਨ ਸਭਾ ਵਿਚ ਇਜਲਾਸ ਨਾ ਬੁਲਾਏ ਜਾਣ ਬਾਰੇ ਅਗਲੇ ਸੰਘਰਸ਼ ਦਾ ਫ਼ੈਸਲਾ 15 ਅਕਤੂਬਰ ਨੂੰ ਪੰਜਾਬ ਕਿਸਾਨ ਭਵਨ ਚੰਡੀਗੜ੍ਹ ਹੋ ਰਹੀ ਮੀਟਿੰਗ ਵਿਚ ਲਿਆ ਜਾਵੇਗਾ।