ਕਿਸਾਨਾ ਦੀ ਫਸਲ ਦਾ ਦਾਣਾ-ਦਾਣਾ ਖਰੀਦਿਆ ਜਾਵੇਗਾ: ਰਾਣਾ ਕੇ.ਪੀ ਸਿੰਘ

– ਸਪੀਕਰ ਰਾਣਾ ਕੇ.ਪੀ ਸਿੰਘ ਨੇ ਅਨਾਜ ਮੰਡੀ ਕੀਰਤਪੁਰ ਸਾਹਿਬ ਵਿਚ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ
– ਕਿਸਾਨਾ ਨੂੰ ਪਰਾਲੀ ਅਤੇ ਫਸਲਾ ਦੀ ਰਹਿੰਦ-ਖੂੰਹਦ ਨਾ ਸਾੜਨ ਦੀ ਅਪੀਲ 
ਕੀਰਤਪੁਰ ਸਾਹਿਬ, 10 ਅਕਤੂਬਰ (ਨਿਊਜ਼ ਪੰਜਾਬ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਅੱਜ ਅਨਾਜ ਮੰਡੀ ਕੀਰਤਪੁਰ ਸਾਹਿਬ ਵਿਚ ਝੋਨੇ ਦੀ ਖਰੀਦ ਦੇ ਚੱਲ ਰਹੇ ਪ੍ਰਬੰਧਾਂ ਦਾ ਜਾਇਜਾ ਲਿਆ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਖਰੀਦ ਦੇ ਪ੍ਰਬੰਧ ਨਿਰਵਿਘਨ ਅਤੇ ਸੁਚਾਰੂ ਚੱਲਦੇ ਰਹਿਣ। ਅਨਾਜ ਮੰਡੀਆਂ ਵਿਚ ਲਿਫਟਿੰਗ ਦੀ ਵੀ ਢੁਕਵੀ ਵਿਵਸਥਾ ਰੱਖੀ ਜਾਵੇ ਤਾਂ ਜ਼ੋ ਕਿਸਾਨਾ ਨੂੰ ਕਿਸੇ ਤਰਾਂ ਦੀ ਕੋਈ ਮੁਸ਼ਕਿਲ ਪੇਸ਼ ਨਾ ਆਵੇ।
ਉਨ੍ਹਾਂ ਨੇ ਕਿਸਾਨਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਫੈਸਲਾ ਹੈ ਕਿ ਕਿਸਾਨਾ ਦੀ ਫਸਲ ਦਾ ਦਾਣਾ ਦਾਣਾ ਖਰੀਦਿਆ ਜਾਵੇਗਾ। ਖਰੀਦ ਦੇ ਪ੍ਰਬੰਧ ਸੁਚਾਰੂ ਕੀਤੇ ਗਏ ਹਨ ਨਿਰਵਿਘਨ ਖਰੀਦ ਅਤੇ ਲਿਫਟਿੰਗ ਦੀ ਢੁਕਵੀ ਵਿਵਸਥਾ ਕੀਤੀ ਗਈ ਹੈ। ਕਿਸਾਨਾ ਨੂੰ ਅਨਾਜ ਮੰਡੀਆਂ ਵਿਚ ਹਰ ਤਰਾਂ ਦੀਆਂ ਸਹੂਲਤਾ ਪੂਰੇ ਸੀਜ਼ਨ ਦੋਰਾਨ ਮੁਹੱਇਆ ਰਹਿਣਗੀਆਂ।
ਅੱਜ ਸਪੀਕਰ ਰਾਣਾ ਕੇ.ਪੀ ਸਿੰਘ ਦੇ ਨਾਲ ਮਾਰਕੀਟ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਦੇ ਚੇਅਰਮੈਨ ਹਰਬੰਸ ਲਾਲ ਮਹਿਦਲੀ, ਪਾਲੀ ਸ਼ਾਹ ਕੋੜਾ, ਬਲਵੀਰ ਸਿੰਘ ਭੀਰੀ ਤੋ ਇਲਾਵਾ ਉਪ ਮੰਡਲ ਮੈਜਿਸਟ੍ਰੇਟ ਮੈਡਮ ਕਨੂੰ ਗਰਗ, ਡੀ.ਐਸ.ਪੀ ਰਮਿੰਦਰ ਸਿੰਘ ਕਾਹਲੋਂ, ਡੀ.ਐਮ ਮਾਰਕਫੈਡ ਨਮਿਤਾ, ਜਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਸਤਵੀਰ ਸਿੰਘ, ਜਿਲ੍ਹਾ ਮੰਡੀ ਅਫਸਰ ਨਿਰਮਲ ਸਿੰਘ ਅਤੇ ਹੋਰ ਵੱਖ ਵੱਖ ਵਿਭਾਗਾ ਦੇ ਅਧਿਕਾਰੀ ਵੀ ਮੋਜੂਦ ਸਨ। ਰਾਣਾ ਕੇ.ਪੀ ਸਿੰਘ ਨੇ ਅਧਿਕਾਰੀਆਂ ਨੂੰ ਕਿਹਾ ਕਿ ਕਿਸਾਨ ਆਪਣੀ ਫਸਲ ਲੈ ਕੇ ਜਦੋ ਅਨਾਜ ਮੰਡੀ ਵਿਚ ਆਵੇ ਤਾਂ ਉਸ ਲਈ ਸਰਕਾਰ ਦੀਆ ਹਦਾਇਤਾ ਅਨੁਸਾਰ ਸਾਰੇ ਪ੍ਰਬੰਧ ਮੁਕੰਮਲ ਹੋਣ। ਉਨ੍ਹਾਂ ਕਿਹਾ ਕਿ ਕਿਸਾਨਾ ਨੂੰ ਅਨਾਜ ਮੰਡੀਆਂ ਵਿਚ ਕਿਸੇ ਤਰਾਂ ਦੀ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਇਸ ਦੇ ਲਈ ਲਗਾਤਾਰ ਮੰਡੀਆਂ ਵਿਚ ਨਿਗਰਾਨੀ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨਾ ਨੂੰ ਅਪੀਲ ਕੀਤੀ ਕਿ ਉਹ ਫਸਲ ਦੀ ਕਟਾਈ ਤੋ ਬਾਅਦ ਖੇਤਾਂ ਵਿਚ ਫਸਲ ਦੀ ਰਹਿੰਦ-ਖੂੰਹਦ ਅਤੇ ਪਰਾਲੀ ਨੂੰ ਨਾ ਸਾੜਨ, ਇਸ ਨਾਲ ਵਾਤਾਵਰਣ ਵਿਚ ਪ੍ਰਦੂਸ਼ਣ ਵੱਧਦਾ ਹੈ ਜੋ ਮਨੁੱਖੀ ਸਿਹਤ ਲਈ ਨੁਕਸਾਨਦਾਇਕ ਹੈ। ਉਨ੍ਹਾਂ ਨੇ ਅਨਾਜ ਮੰਡੀਆਂ ਵਿਚ ਮੋਜੂਦ ਸਾਰੇ ਕਿਸਾਨਾ, ਆੜਤੀਆਂ, ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕੋਵਿਡ ਦੀਆਂ ਸਾਵਧਾਨੀਆਂ ਅਪਨਾਉਣ ਅਤੇ ਮਾਸਕ ਪਾ ਕੇ ਰੱਖਣ ਦੀ ਅਪੀਲ ਕੀਤੀ।