ਸੁਨਾਮ ‘ਚ ਕਿਸਾਨਾਂ ਵਲੋਂ ਰੇਲ ਚੱਕਾ ਜਾਮ ਦੇ ਨਾਲ-ਨਾਲ ਅੰਡਾਨੀ-ਅੰਬਾਨੀ ਦੇ ਕਾਰੋਬਾਰਾਂ ਦਾ 10ਵੇਂ ਦਿਨ ਵੀ ਘਿਰਾਓ

ਸੁਨਾਮ ਊਧਮ ਸਿੰਘ ਵਾਲਾ, 10 ਅਕਤੂਬਰ (ਨਿਊਜ਼ ਪੰਜਾਬ)- ਪੰਜਾਬ ਭਰ ‘ਚ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਜਥੇਬੰਦੀ ਦੇ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ‘ਚ ਅਣਮਿਥੇ ਸਮੇਂ ਲਈ ਕੀਤਾ ਜਾਣ ਵਾਲਾ ਰੇਲਾਂ ਦਾ ਚੱਕਾ ਜਾਮ ਸੁਨਾਮ ਸਟੇਸ਼ਨ ‘ਤੇ 10ਵੇਂ ਦਿਨ ਵੀ ਜਾਰੀ ਰਹਿਣ ਦੇ ਨਾਲ ਹੀ ਸ਼ਹਿਰ ‘ਚ ਅੰਡਾਲੀ-ਅੰਬਾਨੀ ਦੇ ਕਾਰੋਬਾਰਾਂ ਦਾ ਘਿਰਾਓ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।ਇਸ ਸਮੇਂ ਬੁਢਲਾਡਾ ਵਿਖੇ ਕਿਸਾਨ ਸੰਘਰਸ਼ ‘ਚ ਸ਼ਹੀਦ ਹੋਈ ਪਿੰਡ ਵਰ੍ਹੇ (ਮਾਨਸਾ) ਦੀ ਕਿਸਾਨ ਮਾਤਾ ਤੇਜ ਕੌਰ ਅਤੇ ਧੂਰੀ ਦੇ ਰਿਲਾਇੰਸ ਪੰਪ ‘ਤੇ ਸ਼ਹੀਦ ਹੋਏ ਕਵੀਸ਼ਰ ਮੇਘ ਰਾਜ ਨਾਗਰੀ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਦਰਬਾਰਾ ਸਿੰਘ ਛਾਜਲਾ, ਜਸਵੰਤ ਸਿੰਘ ਤੋਲਾਵਾਲ ਆਦਿ ਨੇ ਬੋਲਦਿਆਂ ਕਿਹਾ ਕਿ ਸਰਕਾਰ ਦੇ ਖੇਤੀ ਕਾਨੂੰਨ ਕਿਸਾਨਾਂ ਲਈ ਤਬਾਹਕੁਨ ਸਾਬਤ ਹੋਣਗੇ ਅਤੇ ਕਿਸਾਨੀ ਦੀ ਹੋਂਦ ਹੀ ਖ਼ਤਮ ਕਰ ਦੇਣਗੇ।