ਗੁਰਦਾਸਪੁਰ : ਪਿੰਡ ਮੱਲ੍ਹੀਆਂ ਪੱਕੀਆਂ ‘ਚ ਚੱਲੀ ਗੋਲੀ, ਇਕ ਗੰਭੀਰ ਜ਼ਖ਼ਮੀ
ਡੇਹਰੀਵਾਲ ਦਰੋਗਾ, 10 ਅਕਤੂਬਰ (ਨਿਊਜ਼ ਪੰਜਾਬ)- ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਮੱਲ੍ਹੀਆਂ ‘ਚ ਬੀਤੀ ਦੇਰ ਰਾਤ ਗੋਲੀ ਚੱਲਣ ਕਾਰਨ ਇਕ ਵਿਅਕਤੀ ਦੇ ਗੰਭੀਰ ਰੂਪ ‘ਚ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ. ਐਚ. ਓ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਜ਼ਖਮੀ ਗੁਰਪਾਲ ਸਿੰਘ (47) ਪੁੱਤਰ ਦਰਬਾਰਾ ਸਿੰਘ ਬਿਜਲੀ (ਇਲੈਕਟ੍ਰੀਸ਼ਨ) ਦਾ ਕੰਮ ਕਰਦਾ ਹੈ ਅਤੇ ਬੀਤੀ ਰਾਤ ਉਹ ਮੰਦਰ ਦੇ ‘ਚ ਬਿਜਲੀ ਦਾ ਕੰਮ ਦੇਖਣ ਗਿਆ ਸੀ। ਇਸ ਦੌਰਾਨ ਪਿੰਡ ਦੇ ਸਰਬਜੀਤ ਸਿੰਘ, ਮਨਪ੍ਰੀਤ ਸਿੰਘ ਪੁੱਤਰ ਦਿਆਲ ਸਿੰਘ ਮੱਲ੍ਹੀਆਂ ਪੱਕੀਆਂ ਨੇ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ, ਜਿਸ ਦੌਰਾਨ ਗੁਰਪਾਲ ਸਿੰਘ ਨੂੰ ਗੋਲੀਆਂ ਦੇ ਛੱਰ੍ਹੇ ਲੱਗ ਗਏ, ਜਿਸ ਕਾਰਨ ਉਹ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਜ਼ਖ਼ਮੀ ਗੁਰਪਾਲ ਸਿੰਘ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਤੁਰੰਤ ਗੁਰਦਾਸਪੁਰ ਦੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਦੇਖਦੇ ਹੋਏ ਉਸ ਨੂੰ ਤੁਰੰਤ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ।ਐਸ. ਐਚ. ਓ. ਪ੍ਰਭਜੋਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ, ਜੋ ਵੀ ਇਸ ਮਾਮਲੇ ‘ਚ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।