ਦਿੱਲੀ ਦੇ ਸਿੱਖ ਆਗੂ ਅਤੇ ਸਿੱਧੂ ਮੂਸੇਵਾਲਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਲਈ ਪੁੱਜੇ

ਅੰਮ੍ਰਿਤਸਰ, 5 ਮਾਰਚ ( ਰਾਜਿੰਦਰ ਸਿੰਘ – ਨਿਊਜ਼ ਪੰਜਾਬ ) – ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਤਲਬ ਕੀਤੇ ਦਿੱਲੀ ਦੇ ਸਿੱਖ ਆਗੂ ਅਤੇ ਵਿਵਾਦਾਂ ਵਿਚ ਘਿਰਿਆ ਗਾਇਕ ਸਿੱਧੂ ਮੂਸੇਵਾਲਾ ਵੱਖ -ਵੱਖ ਮਾਮਲਿਆਂ ਵਿਚ ਪੇਸ਼ ਹੋਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਪੁਜੇ ਹਨ ਜਿਹਨਾਂ ਨੂੰ ਥੋੜੀ ਦੇਰ ਬਾਅਦ ਜਥੇਦਾਰ ਸਾਹਿਬ ਅਗੇ ਪੇਸ਼ ਕੀਤਾ ਜਾਵੇਗਾ I ਸਿੱਖ ਆਗੂ ਦਿੱਲੀ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਸਮੇਤ ਦੋ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀਕੇ ਅਤੇ ਸ੍ਰ . ਅਵਤਾਰ ਸਿੰਘ ਹਿੱਤ ਸ਼ਾਮਲ ਹਨ I ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਐਮ.ਐਸ. ਬਲਾਕ ਹਰੀ ਨਗਰ ਦੇ ਪ੍ਰਬੰਧ ਵਿਚ ਹੋਈਆਂ ਬੇਨਿਯਮੀਆਂ ਤੇ ਸਿੱਖ ਪੰਥ ਦੀ ਇਸ ਜਾਇਦਾਦ ਨੂੰ ਖ਼ੁਰਦ-ਬੁਰਦ ਹੋਣ ਦੇ ਮਾਮਲੇ ਵਿਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬੀਤੀ 26 ਫਰਵਰੀ ਨੂੰ ਜਾਰੀ ਕੀਤੇ ਆਦੇਸ਼ ਅਨੁਸਾਰ ਅੱਜ ਇਹ ਆਗੂ ਸਪਸ਼ਟੀਕਰਨ ਦੇਣਗੇ I ਇਕ ਹੋਰ ਮਾਮਲੇ ਵਿਚ ਆਪਣੇ ਗੀਤ-ਗਾਣਿਆਂ ਨੂੰ ਲੈ ਕੇ ਵਿਵਾਦਾਂ ‘ਚ ਰਹਿਣ ਵਾਲਾ ਗਾਇਕ ਸਿੱਧੂ ਮੁਸੇਵਾਲਾ ਵੀ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਹੋਣ ਲਈ ਆਇਆ ਹੈ I .