‘ਕੀ ਹਰਿਆਣਾ ਵਿੱਚ ਜੰਗਲ ਰਾਜ ਹੈ?’ ਕੈਪਟਨ ਅਮਰਿੰਦਰ ਸਿੰਘ ਨੇ ਅਨਿਲ ਵਿੱਜ ਵੱਲੋਂ ਰਾਹੁਲ ਗਾਂਧੀ ਨੂੰ ਸੂਬੇ ਵਿੱਚ ਦਾਖਲ ਨਾ ਹੋਣ ਦੇਣ ਦੀ ਧਮਕੀ ਬਾਰੇ ਕੀਤਾ ਸਵਾਲ

ਕਿਹਾ, ਭਾਜਪਾ ਕੇਂਦਰ ਤੇ ਸੂਬਿਆਂ ਵਿੱਚ ਵਿਰੋਧੀ ਧਿਰ ਦੀ ਆਵਾਜ਼ ਦਬਾਉਣਾ ਚਾਹੁੰਦੀ ਹੈ, ਪਰ ਇਸ ਨਾਲ ਕਾਂਗਰਸ ਦਾ ਹੌਸਲਾ ਹੋਰ ਵਧੇਗਾ

 

ਨਿਊਜ਼ ਪੰਜਾਬ

ਚੰਡੀਗੜ, 2 ਅਕਤੂਬਰ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਹਰਿਆਣਾ ਦੇ ਮੰਤਰੀ ਅਨਿਲ ਵਿੱਜ ਵੱਲੋਂ ਗੁੱਸੇ ਵਿੱਚ ਆਏ ਦੇਸ਼ ਦੀ ਆਵਾਜ਼ ਨੂੰ ਦਬਾਉਣ ਲਈ ਰਾਹੁਲ ਗਾਂਧੀ ਨੂੰ ਸੂਬੇ ਵਿੱਚ ਦਾਖਲ ਨਾ ਹੋਣ ਦੇਣ ਦੀ ਧਮਕੀ ਨੂੰ ਰੱਦ ਕਰਦਿਆਂ ਚਿਤਾਵਨੀ ਦਿੱਤੀ ਕਿ ਇਸ ਨਾਲ ਕਾਂਗਰਸ ਨੂੰ ਕਿਸਾਨਾਂ ਦੇ ਹੱਕਾਂ ਲਈ ਸੰਘਰਸ਼ ਕਰਨ ਲਈ ਹੋਰ ਹੌਸਲਾ ਮਿਲੇਗਾ।
ਵਿੱਜ ਦੇ ਬਿਆਨ ਉਤੇ ਸਖਤ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਨੇ ਹਰਿਆਣਾ ਨੂੰ ਪੁੱਛਿਆ, ‘‘ਕੀ ਹਰਿਆਣਾ ਵਿੱਚ ਜੰਗਲ ਰਾਜ ਹੈ ਜਿੱਥੇ ਤੁਸੀਂ ਕਿਸੇ ਨੂੰ ਵੀ ਰੋਕ ਸਕਦੇ ਹੋ, ਇਥੋਂ ਤੱਕ ਕਿ ਕੌਮੀ ਰਾਜਨੀਤਕ ਪਾਰਟੀ ਦੇ ਇਕ ਚੁਣੇ ਹੋਏ ਨੇਤਾ ਨੂੰ ਵੀ ਕਿਸਾਨਾਂ ਨਾਲ ਹੋਈ ਬੇਇਨਸਾਫੀ ਖਿਲਾਫ ਆਵਾਜ਼ ਚੁੱਕਣ ਲਈ ਸੂਬੇ ਵਿੱਚ ਦਾਖਲ ਹੋਣ ਤੋਂ ਰੋਕ ਸਕਦੇ ਹੋ।’’
ਕੈਪਟਨ ਅਮਰਿੰਦਰ ਸਿੰਘ ਨੇ ਯੂ.ਪੀ. ਪੁਲਿਸ ਵੱਲੋਂ ਰਾਹੁਲ ਗਾਂਧੀ ਤੇ ਪਿ੍ਰਅੰਕਾ ਗਾਂਧੀ ਵਾਡਰਾ ’ਤੇ ਹਮਲਾ ਕਰਨ ਤੇ ਕੇਸ ਦਰਜ ਅਤੇ ਇਸ ਤੋਂ ਪਹਿਲਾਂ ਸੰਘਰਸ਼ ਕਰ ਰਹੇ ਕਿਸਾਨਾਂ ਉਤੇ ਹਰਿਆਣਾ ਪੁਲਿਸ ਵੱਲੋਂ ਲਾਠੀਚਾਰਜ ਕਰਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਭਾਜਪਾ ਸਰਕਾਰ ਇਨਾਂ ਸੂਬਿਆਂ ਵਿੱਚ ਸੰਵਿਧਾਨ ਵਿੱਚ ਦਰਜ ਲੋਕਤੰਤਰੀ ਅਧਿਕਾਰਾਂ ਦੀ ਪੂਰੀ ਤਰਾਂ ਉਲੰਘਣਾ ਕਰਦੀ ਹੋਈ ਵਿਰੋਧੀ ਧਿਰ ਦੀ ਆਵਾਜ਼ ਦਬਾਉਣ ਉਤੇ ਤੁਲੀ ਹੋਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਕੇਂਦਰ ਜਾਂ ਸੂਬਿਆਂ ਵਿੱਚ ਭਾਜਪਾ ਦੀ ਅਗਵਾਈ ਵਾਲੀਆਂ ਸਰਕਾਰ ਦੇ ਅਜਿਹੇ ਦਮਨਕਾਰੀ ਅਤੇ ਗੈਰ-ਜਮਹੂਰੀ ਕਾਰਿਆਂ ਅੱਗੇ ਨਹੀਂ ਝੁਕੇਗੀ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਪਾਰਟੀ ਹੁਣ ਭਾਜਪਾ ਨੂੰ ਅਸਹਿਮਤੀ ਦੀ ਆਵਾਜ਼ ਦੁਬਾਉਣ ਨਹੀਂ ਦੇਵੇਗੀ ਕਿਉਂ ਜੋ ਅਸਹਿਮਤੀ ਪ੍ਰਗਟਾਉਣਾ ਹਰੇਕ ਭਾਰਤੀ ਦਾ ਅਧਿਕਾਰ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,‘‘ਜੇਕਰ ਉਹ (ਭਾਜਪਾਈ) ਸੋਚਦੇ ਹਨ ਕਿ ਅਜਿਹੇ ਆਪਹੁਦਰੇਪਣ ਨਾਲ ਕਾਂਗਰਸ ਲੀਡਰਸ਼ਿਪ ਦੇ ਇਰਾਦਿਆਂ ਨੂੰ ਤੋੜ ਦੇਣਗੇ ਤਾਂ ਉਹ ਮੂਰਖਾਂ ਦੀ ਦੁਨੀਆਂ ਵਿੱਚ ਰਹਿ ਰਹੇ ਹਨ।’’ ਉਨਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਵੀ ਲੋਕਾਂ ਦੀ ਆਵਾਜ਼ ਨੂੰ ਜਬਰੀ ਦਬਾਉਣ ਦੀ ਕੋਸ਼ਿਸ਼ ਹੋਈ ਹੈ ਤਾਂ ਉਸ ਵੇਲੇ ਇਹ ਆਵਾਜ਼ ਹੋਰ ਬੁਲੰਦ ਹੋਈ ਹੈ।
ਮੁੱਖ ਮੰਤਰੀ ਨੇ ਭਾਜਪਾ ਦੇ ਬੇਹੂਦਾ ਢੰਗ ਦੀ ਸਖ਼ਤ ਆਲੋਚਨਾ ਕੀਤੀ ਜਿਸ ਨੇ ਪਹਿਲਾਂ ਸੰਸਦ ਵਿੱਚ ਅਤੇ ਉਸ ਤੋਂ ਬਾਅਦ ਉੱਤਰ ਪ੍ਰਦੇਸ਼ ਵਿੱਚ ਵਿਰੋਧੀਆਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਿੱਥੇ ਦਿਲ ਦਹਿਲਾ ਦੇਣ ਵਾਲੀ ਹਾਥਰਸ ਘਟਨਾ ਦੇ ਪੀੜਤ ਪਰਿਵਾਰ ਨੂੰ ਮਿਲਣ ਜਾਂਦੇ ਸਮੇਂ ਰਾਹੁਲ ਗਾਂਧੀ ਅਤੇ ਪਿ੍ਰਅੰਕਾ ਗਾਂਧੀ ਨੂੰ ਜਬਰੀ ਰੋਕਿਆ ਗਿਆ। ਉਨਾਂ ਕਿਹਾ ਕਿ ਇੱਥੋਂ ਪਤਾ ਲਗਦਾ ਹੈ ਕਿ ਵਿੱਜ ਦਾ ਬਿਆਨ ਆਪਹੁਦਰਾ ਨਹੀਂ ਸਗੋਂ ਭਾਜਪਾ ਵੱਲੋਂ ਵਿਰੋਧੀਆਂ ਨੂੰ ਖਤਮ ਕਰਨ ਲਈ ਘੜੀ ਗਈ ਸਾਜ਼ਿਸ਼ ਦਾ ਹਿੱਸਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,‘‘ਭਾਜਪਾ ਆਪਣੇ ਨਾਪਾਕ ਇਰਾਦਿਆਂ ਵਿੱਚ ਸਫਲ ਨਹੀਂ ਹੋਵੇਗੀ ਅਤੇ ਭਾਰਤ ਦੇ ਲੋਕ ਇਨਾਂ ਨੂੰ ਅਜਿਹਾ ਹਰਗਿਜ਼ ਨਹੀਂ ਕਰਨ ਦੇਣਗੇ ਅਤੇ ਉਹ ਮੁੜ ਸੰਸਦ ਵਿੱਚ 2 ਸੀਟਾਂ ਤੱਕ ਸਿਮਟ ਕੇ ਰਹਿ ਜਾਣਗੇ ਜਿੱਥੇ ਉਹ ਸਿਆਸੀ ਸਫ਼ਰ ਦੀ ਸ਼ੁਰੂਆਤ ਮੌਕੇ ਖੜੇ ਸਨ।
ਉਨਾਂ ਕਿਹਾ ਕਿ ਕਾਂਗਰਸ ਹਮੇਸ਼ਾ ਹੀ ਕਿਸਾਨਾਂ ਅਤੇ ਦੱਬੇ-ਕੁਚਲੇ ਵਰਗਾਂ ਨਾਲ ਖੜੀ ਹੈ ਅਤੇ ਉਨਾਂ ਦੇ ਹੱਕਾਂ ਲਈ ਲੜਾਈ ਲੜਦੀ ਰਹੇਗੀ।
——–