ਪੀਓ ਹੁਣ ਪੌਸਟਿਕ ‘ਵੇਰਕਾ ਹਲਦੀ ਦੁੱਧ’ – ਡਿਪਟੀ ਕਮਿਸ਼ਨਰ ਵੱਲੋਂ ਪਟਿਆਲਾ ‘ਚ ‘ਵੇਰਕਾ ਹਲਦੀ ਦੁੱਧ’ ਜਾਰੀ
-ਕੋਵਿਡ ਦੇ ਚੱਲਦਿਆਂ ਬਿਮਾਰੀਆਂ ਦੇ ਨਾਲ ਲੜਨ ਦੀ ਅੰਦਰੂਨੀ ਸਮਰੱਥਾ ਵਧਾਉਣ ਲਈ ਮਿਲਕਫੈੱਡ ਨੇ ਤਿਆਰ ਕੀਤਾ ਵੇਰਕਾ ਹਲਦੀ ਦੁੱਧ-ਕੁਮਾਰ ਅਮਿਤ
ਨਿਊਜ਼ ਪੰਜਾਬ
ਪਟਿਆਲਾ, 23 ਸਤੰਬਰ: ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਬਿਮਾਰੀਆਂ ਦੇ ਨਾਲ ਲੜ੍ਹਨ ਲਈ ਸਰੀਰ ਦੀ ਅੰਦਰੂਨੀ ਸਮਰੱਥਾ ਵਧਾਉਣ ਲਈ ਮਿਲਕਫੈਡ ਦੁਆਰਾ ਤਿਆਰ ਇੱਕ ਪੌਸਟਿਕ ਪੀਣ ਵਾਲਾ ਪਦਾਰਥ ‘ਵੇਰਕਾ ਹਲਦੀ ਦੁੱਧ’ ਅੱਜ ਪਟਿਆਲਾ ਤੋਂ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਇਹ ਦੁੱਧ ਚੰਡੀਗੜ੍ਹ ਤੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਾਰੀ ਕਰ ਚੁੱਕੇ ਹਨ ਪਰੰਤੂ ਇਸ ਨੂੰ ਆਮ ਲੋਕਾਂ ਤੱਕ ਹੇਠਲੇ ਪੱਧਰ ‘ਤੇ ਪੁੱਜਦਾ ਕਰਨ ਲਈ ਜ਼ਿਲ੍ਹਿਆਂ ‘ਚ ਵੀ ਜਾਰੀ ਕੀਤਾ ਜਾ ਰਿਹਾ ਹੈ। ਇਸ ਮੌਕੇ ਐਸ.ਡੀ.ਐਮ. ਸ. ਚਰਨਜੀਤ ਸਿੰਘ ਅਤੇ ਵੇਰਕਾ ਮਿਲਕ ਪਲਾਂਟ ਪਟਿਆਲਾ ਦੇ ਜਨਰਲ ਮੈਨੇਜਰ ਸ. ਗੁਰਮੇਲ ਸਿੰਘ ਵੀ ਮੌਜੂਦ ਸਨ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਬਿਮਾਰੀਆਂ ਦੇ ਨਾਲ ਲੜਨ ਦੀ ਅੰਦਰੂਨੀ ਸਮਰੱਥਾਵਧਾਉਣ ਦੇ ਪੱਖ ਤੋਂ ਹਲਦੀ ਦੇ ਔਸਧੀ ਗੁਣਾਂ ਨਾਲ ਭਰਪੂਰ ਇਹ ਉਤਪਾਦ ਕੋਵਿਡ ਮਹਾਂਮਾਰੀ ਦੌਰਾਨ ਲੋਕਾਂ ਲਈ ਲਾਹੇਵੰਦ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਹਲਦੀ ਦੁੱਧ ਕੋਰੋਨਾ ਵਾਇਰਸ ਖ਼ਿਲਾਫ਼ ਜੰਗ ‘ਚ ਤੰਦਰੁਸਤ ਰਹਿਣ ਅਤੇ ਆਪਣੀ ਰੋਗ ਪ੍ਰਤੀਰੋਧਕ ਸਕਤੀ (ਇਮਿਉਨਟੀ) ਵਧਾਉਣ ਲਈ ਬਦਲਵੇਂ ਤਰੀਕੇ ਵਜੋਂ ਸਾਹਮਣੇ ਆਇਆ ਹੈ।
ਡਿਪਟੀ ਕਮਿਸ਼ਨਰ ਨੇ ਵੇਰਕਾ ਦੇ ਹਵਾਲੇ ਨਾਲ ਦੱਸਿਆ ਕਿ ਵੇਰਕਾ ਹਲਦੀ ਦੁੱਧ ਇਕ ਵਿਲੱਖਣ ਹਲਦੀ ਫਾਰਮੂਲੇ ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ ਸੀ, ਜਿਸ ਨੂੰ ਪੰਜਾਬੀ ਯੂਨੀਵਰਸਿਟੀ ਦੇ ਬਾਇਓਤਕਨਾਲੋਜੀ ਵਿਭਾਗ, ਦੁਆਰਾ ਵਿਕਸਤ ਤੇ ਪੇਟੈਂਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਆਮ ਹਲਦੀ ਨਾਲੋਂ ਮਨੁੱਖੀ ਸਰੀਰ ਦੀ ਹਜਮ ਕਰਨ ਦੀ ਸਕਤੀ ਨੂੰ 10 ਗੁਣਾ ਜਿਆਦਾ ਕਰਦਾ ਹੈ ਅਤੇ ਦੁੱਧ ਵਿਚ ਪੂਰੀ ਤਰ੍ਹਾਂ ਘੁਲਣਸੀਲ ਹੋਣ ਕਾਰਨ ਇਸ ਫਾਰਮੂਲੇ ਨੇ ਉਤਪਾਦ ਨੂੰ ਇਕ ਸੁਚਾਰੂ ਬਣਤਰ ਦਿੱਤੀ ਹੈ।
ਵੇਰਕਾ ਮਿਲਕ ਪਲਾਂਟ ਪਟਿਆਲਾ ਦੇ ਜਨਰਲ ਮੈਨੇਜਰ ਸ. ਗੁਰਮੇਲ ਸਿੰਘ ਦੱਸਿਆ ਕਿ ਵੇਰਕਾ ਨੇ ਇਸ ਸੁਆਦੀ, ਸਿਹਤਮੰਦ ਅਤੇ ਇਮਿਉਨਟੀ ਨੂੰ ਵਧਾਉਣ ਵਾਲੇ ਡਰਿੰਕ, ਜਿਸ ਵਿੱਚ ਕਰਕੂਮਿਨਔਡਸ ਅਤੇ ਨਾਨ-ਕਰਕੁਮਿਨੋਇਡਜ ਜਿਵੇਂ ਟੂਰਮੇਰੋਨਜ ਦੋਵਾਂ ਦੇ ਲਾਭ ਹਨ, ਨੂੰ ਤਿਆਰ ਕਰਨ ਲਈ 50 ਸਾਲਾਂ ਤੋਂ ਵੱਧ ਸਮੇਂ ਦੀ ਆਪਣੀਮੁਹਾਰਤ, ਗਿਆਨ ਅਤੇ ਤਜਰਬੇ ਦੀ ਵਰਤੋਂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਮੁੱਚੇ ਪੰਜਾਬ ‘ਚ ਵੇਰਕਾ ਹਲਦੀ ਦੁੱਧ ਦੀ ਸਪਲਾਈ ਕਰਨ ਦਾ ਮਾਣ ਪਟਿਆਲਾ ਦੇ ਵੇਰਕਾ ਪਲਾਂਟ ਨੂੰ ਹਾਸਲ ਹੋਇਆ ਹੈ ਅਤੇ ਪਲਾਂਟ ਵੱਲੋਂ ਰੋਜ਼ਾਨਾ 20 ਤੋਂ 25 ਹਜ਼ਾਰ ਹਲਦੀ ਦੁੱਧ ਦੀਆਂ ਬੋਤਲਾਂ ਪੈਕ ਕੀਤੀਆਂ ਜਾਂਦੀਆਂ ਹਨ।
ਸ. ਗੁਰਮੇਲ ਸਿੰਘ ਨੇ ਦੱਸਿਆ ਕਿ ਵੇਰਕਾ ਹਲਦੀ ਦੁੱਧ ਮਿਸਨ ਫ਼ਤਿਹ ਦੇ ਹਿੱਸੇ ਵਜੋਂ 25 ਰੁਪਏ (200 ਮਿਲੀਲੀਟਰ) ਦੀ ਕੀਮਤ ਵਿੱਚ ਲਾਂਚ ਕੀਤਾ ਗਿਆ ਹੈ ਜੋ ਸਮਾਜ ਦੇ ਸਾਰੇ ਵਰਗਾਂ ਵਿੱਚ ਹੈ ਅਤੇ ਇਹ ਦੁੱਧ ਛੋਟੀ ਉਮਰ ਦੇ ਬੱਚਿਆਂ ਤੇ ਬਜੁਰਗਾਂ ਦੀ ਸਿਹਤ ਲਈ ਲਾਭਕਾਰੀ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਉਤਪਾਦ ਸਾਰੀਆਂ ਪ੍ਰਚੂਨ ਦੁਕਾਨਾਂ ਅਤੇ ਵੇਰਕਾ ਬੂਥਾਂ ‘ਤੇ ਉਪਲੱਬਧ ਹੈ।
ਫੋਟੋ ਕੈਪਸ਼ਨ- ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਵੇਰਕਾ ਦਾ ਹਲਦੀ ਦੁੱਧ ਜਾਰੀ ਕਰਦੇ ਹੋਏ। ਉਨ੍ਹਾਂ ਦੇ ਨਾਲ ਐਸ.ਡੀ.ਐਮ. ਸ. ਚਰਨਜੀਤ ਸਿੰਘ ਅਤੇ ਵੇਰਕਾ ਮਿਲਕ ਪਲਾਂਟ ਦੇ ਜੀ.ਐਮ. ਸ. ਗੁਰਮੇਲ ਸਿੰਘ ਵੀ ਨਜ਼ਰ ਆ ਰਹੇ ਹਨ।