ਹੋਮ ਗਾਰਡ ਜਵਾਨਾਂ ਵੱਲੋਂ ਕੋਰੋਨਾ ਮਹਾਂਮਾਰੀ ਸਮੇਂ ਨਿਭਾਈ ਡਿਊਟੀ ਬੇਮਿਸਾਲ : ਡੀ.ਜੀ.ਪੀ. ਭਾਵੜਾ -ਡੀ.ਜੀ.ਪੀ. ਵੱਲੋਂ ਕੋਰੋਨਾ ਮਹਾਂਮਾਰੀ ਸਮੇਂ ਦੌਰਾਨ ਵਧੀਆਂ ਸੇਵਾਵਾਂ ਦੇਣ ਵਾਲਿਆਂ ਦਾ ਸਨਮਾਨ
-ਮਿਲੇ ਸਨਮਾਨ ਸਦਕਾ ਜਵਾਨਾਂ ‘ਚ ਡਿਊਟੀ ਕਰਨ ਲਈ ਹੋਰ ਉਤਸ਼ਾਹ ਪੈਦਾ ਹੋਵੇਗਾ : ਕਮਾਡੈਂਟ ਰਾਏ ਸਿੰਘ ਧਾਲੀਵਾਲ
ਨਿਊਜ਼ ਪੰਜਾਬ
ਪਟਿਆਲਾ, 21 ਸਤੰਬਰ: ਡੀ.ਜੀ.ਪੀ. ਹੋਮ ਗਾਰਡਜ਼ ਸ੍ਰੀ ਵੀ.ਕੇ. ਭਾਵੜਾ ਨੇ ਹੋਮ ਗਾਰਡ ਜਵਾਨਾਂ ਅਤੇ ਕੋਰੋਨਾ ਮਹਾਂਮਾਰੀ ਸਮੇਂ ਦੌਰਾਨ ਬਿਹਤਰੀਨ ਸੇਵਾਵਾਂ ਦੇਣ ਵਾਲੇ ਵਿਅਕਤੀਆਂ ਦਾ ਅੱਜ ਪਟਿਆਲਾ ਵਿਖੇ ਕਰਵਾਏ ਸਮਾਗਮ ਦੌਰਾਨ ਸਨਮਾਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸੁਰੱਖਿਆ ਜਵਾਨਾਂ ਨੇ ਕੋਰੋਨਾ ਮਹਾਂਮਾਰੀ ਦੇ ਇਸ ਔਖੇ ਸਮੇਂ ‘ਚ ਬਿਨਾਂ ਜਾਨ ਦੀ ਪ੍ਰਵਾਹ ਕੀਤੇ ਦਿਨ-ਰਾਤ ਢੱਟਕੇ ਡਿਊਟੀ ਦਿੱਤੀ ਹੈ, ਜੋ ਕਿ ਬੇਮਿਸਾਲ ਹੈ।
ਡੀ.ਜੀ.ਪੀ. ਵੱਲੋਂ ਅੱਜ ਕਮਾਡੈਂਟ ਰਾਏ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਕੋਰੋਨਾ ਵਿਰੁੱਧ ਕੰਮ ਕਰ ਰਹੀ ਟੀਮ ਦੇ ਕੁਝ ਕਰਮਚਾਰੀਆਂ ਨੂੰ ਬਿਹਤਰ ਸੇਵਾਵਾਂ ਬਦਲੇ ਸਨਮਾਨ ਪੱਤਰ ਦੇਕੇ ਉਨ੍ਹਾਂ ਦਾ ਹੌਸਲਾ ਵਧਾਇਆ।
ਇਸ ਮੌਕੇ ਡਿਪਟੀ ਕਮਾਡੈਂਟ ਜਨਰਲ ਹਰਮਨਜੀਤ ਸਿੰਘ ਵੱਲੋਂ ਕੋਰੋਨਾ ਦੀ ਕਰੋਪੀ ਦੌਰਾਨ ਆਪਣੀ ਜਾਨ ਖ਼ਤਰੇ ‘ਚ ਪਾ ਕੇ ਲੋਕਾਂ ਲਈ ਮਸੀਹਾ ਸਾਬਿਤ ਹੋ ਰਹੇ ਅਤੇ ਲੋੜਵੰਦਾਂ ਨੂੰ ਹਰ ਵਸਤੂ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਕੋਰੋਨਾ ਯੋਧਿਆਂ ਨੂੰ ਦਿਲੋਂ ਸਲਾਮ ਕਰਦੇ ਹੋਏ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿਵਾਇਆ ।
ਇਸ ਮੌਕੇ ਕਮਾਡੈਂਟ ਰਾਏ ਸਿੰਘ ਧਾਲੀਵਾਲ ਨੇ ਡੀ.ਜੀ.ਪੀ. ਭਾਵੜਾ ਦਾ ਹੋਮ ਗਾਰਡਜ਼ ਜਵਾਨਾਂ ਨੂੰ ਦਿੱਤੇ ਸਨਮਾਨ ਲਈ ਧੰਨਵਾਦ ਕਰਦਿਆ ਕਿਹਾ ਕਿ ਇਸ ਨਾਲ ਕੋਰੋਨਾ ਵਿਰੁੱਧ ਲੜਾਈ ਲੜ ਰਹੇ ਵਿਅਕਤੀ ਦਾ ਮਨੋਬਲ ਉਚਾ ਹੋਵੇਗਾ ਅਤੇ ਮਹਿਕਮੇ ਵਿੱਚ ਵੀ ਸਵੈ-ਇੱਛੁਕ ਸੇਵਾ ਕਰਨ ਲਈ ਵੀ ਇੱਕ ਨਵੀਂ ਕ੍ਰਾਂਤੀ ਆਵੇਗੀ। ਇਸ ਮੌਕੇ ਕਰਮਜੀਤ ਸਿੰਘ, ਗੁਰਿੰਦਰ ਸਿੰਘ, ਮੋਹਨ ਦੀਪ ਸਿੰਘ, ਕਾਕਾ ਰਾਮ ਵਰਮਾ, ਡਾ. ਪੂਨਮ ਜੈਨ ਅਤੇ ਪ੍ਰੋ. ਸਿਮਰਨਜੀਤ ਕੌਰ ਬਰਾੜ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਆਈ.ਜੀ. ਪਟਿਆਲਾ ਰੇਂਜ ਸ. ਜਤਿੰਦਰ ਸਿੰਘ ਔਲਖ ਅਤੇ ਐਸ.ਐਸ.ਪੀ. ਪਟਿਆਲਾ ਵਿਕਰਮ ਜੀਤ ਦੁੱਗਲ ਵੀ ਵਿਸ਼ੇਸ਼ ਤੌਰ ਤੇ ਪਹੁੰਚੇ।
ਕੈਪਸ਼ਨ: ਡੀ.ਜੀ.ਪੀ. ਸ੍ਰੀ ਵੀ.ਕੇ. ਭਾਵੜਾ ਕੋਰੋਨਾ ਮਹਾਂਮਾਰੀ ਦੌਰਾਨ ਵਧੀਆਂ ਸੇਵਾਵਾਂ ਦੇਣ ਵਾਲਿਆਂ ਦਾ ਸਨਮਾਨ ਕਰਦੇ ਹੋਏ।