10 ਅਕਤੂਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਵੇਗਾ ਪਸ਼ਚਾਤਾਪ ਸਮਾਗਮ – ਰਾਜਾ ਹੀਰਾ ਸਿੰਘ ਡੋਗਰਾ ਵਲੋਂ ਕੀਤੀ ਗਈ ਸੀ ਕਤਲੇਆਮ
ਨਿਊਜ਼ ਪੰਜਾਬ
ਅੰਮ੍ਰਿਤਸਰ, 21 ਸਤੰਬਰ – ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਵਾਪਰੇ ਸਿੱਖਾਂ ਦੇ ਆਪਸੀ ਕਤਲੇਆਮ ਦਾ ਸਿੱਖ ਕੌਮ ਵਲੋਂ 10 ਅਕਤੂਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਪਸ਼ਚਾਤਾਪ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ ਹੈ I ਪੌਣੇ ਦੋ ਸਦੀਆਂ ਪਹਿਲਾਂ ਰਾਜਾ ਹੀਰਾ ਸਿੰਘ ਡੋਗਰਾ ਵਲੋਂ ਆਪਣੇ ਹੀ ਸਿੱਖ ਭਰਾਵਾਂ ‘ਤੇ ਫੌਜਾਂ ਚਾੜ੍ਹ ਕੇ ਮਹਾਰਾਜਾ ਰਣਜੀਤ ਸਿੰਘ ਦੇ ਦੋ ਸਪੁੱਤਰਾਂ ਰਾਜਕੁਮਾਰ ਕਸ਼ਮੀਰਾ ਸਿੰਘ ਤੇ ਰਾਜਕੁਮਾਰ ਪਿਸ਼ੌਰਾ ਸਿੰਘ ਅਤੇ ਮਾਝੇ ਦੀ ਮਹਾਨ ਧਾਰਮਿਕ ਸ਼ਖ਼ਸੀਅਤ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦ ਸਮੇਤ ਹਜ਼ਾਰਾਂ ਸਿੱਖਾਂ ਨੂੰ ਕਤਲ ਕਰਨ ਦੀ ਵਾਪਰੀ ਹਿਰਦੇਵੇਧਕ ਘਟਨਾ ਸਬੰਧੀ ਸਿੱਖ ਪੰਥ ਵਲੋਂ ਆਉਣ ਵਾਲੀ 10 ਅਕਤੂਬਰ ਨੂੰ 176 ਵਰ੍ਹਿਆਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਸ਼ਚਾਤਾਪ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਅੱਜ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਪ੍ਰੈੱਸ ਨੋਟ ਜਾਰੀ ਕਰਕੇ ਸ਼੍ਰੋਮਣੀ ਕਮੇਟੀ ਨੂੰ ਇਹ ਆਦੇਸ਼ ਦਿੱਤਾ ਹੈ ਕਿ ਉਹ ਪਸ਼ਚਾਤਾਪ ਦਿਵਸ ਨੂੰ ਲੈ ਕੇ ਸਮੂਹ ਪੰਥਕ ਜਥੇਬੰਦੀਆਂ ਤੇ ਸਭਾ ਸੁਸਾਇਟੀਆਂ ਨੂੰ ਸੱਦੇ ਭੇਜ ਕੇ ਸਮਾਗਮ ਦੀ ਤਿਆਰੀ ਕਰੇ I