ਸਿਵਲ ਸਰਜਨ ਲੁਧਿਆਣਾ ਵੱਲੋਂ ਲੋਕਾਂ ਨੂੰ ਡੇਂਗੂ, ਚਿਕਨਗੁਨੀਆਂ ਬੁਖਾਰ ਤੋਂ ਬਚਾਅ ਕਰਨ ਦੀ ਅਪੀਲ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸੁ਼ੱਕਰਵਾਰ ਦਾ ਦਿਨ ਡਰਾਈ ਡੇਅ ਫਰਾਈ ਡੇਅ ਦੇ ਤੌਰ ‘ਤੇ ਮਨਾਇਆ ਗਿਆ
ਨਿਊਜ਼ ਪੰਜਾਬ
ਲੁਧਿਆਣਾ, 18 ਸਤੰਬਰ -ਸਿਵਲ ਸਰਜਨ ਲੁਧਿਆਣਾ ਸ਼੍ਰੀ ਰਾਜੇਸ਼ ਕੁਮਾਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਡੇਂਗੂ, ਚਿਕਨਗੁਨੀਆਂ ਬੁਖਾਰ ਦਾ ਸੀਜਨ ਸ਼ੁਰੂ ਹੋ ਚੁੱਕਾ ਹੈ। ਡੇਂਗੂ ਬੁਖਾਰ ਦੇ ਕਾਰਨ, ਲੱਛਣ ਅਤੇ ਇਸ ਤੋਂ ਕਿਵੇ ਬਚਿਆ ਜਾ ਸਕਦਾ ਹੈ ਇਸ ਸਬੰਧੀ ਉਨ੍ਹਾਂ ਵੱਲੋਂ ਦੱਸਿਆ ਗਿਆ ਹੈ ਕਿ ਡੇਂਗੂ ਬੁਖਾਰ ਮਾਦਾ ਏਡੀਜ਼ ਅਜੈਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਇਸ ਨੂੰ ਟਾਇਗਰ ਮੱਛਰ ਵੀ ਕਹਿੰਦੇ ਹਨ। ਇਸ ਦੇ ਸਰੀਰ ਤੇ ਟਾਇਗਰ ਵਰਗੀਆਂ ਧਾਰੀਆਂ ਬਣੀਆਂ ਹੁੰਦੀਆਂ ਹਨ। ਇਹ ਮੱਛਰ ਕੂਲਰਾਂ, ਕੰਨਟੇਨਰਾਂ, ਫਰਿਜ ਦੇ ਪਿੱਛੇ ਲੱਗੀਆਂ ਟ੍ਰੇਆਂ, ਗਮਲਿਆਂ, ਘਰਾਂ ਦੀਆਂ ਛੱਤਾਂ ਉੱਪਰ ਪਏ ਟਾਇਰ, ਕਬਾੜ ਆਦਿ ਵਿੱਚ ਖੜ੍ਹੇ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ। ਇੱਕ ਹਫਤੇ ਦੇ ਅੰਦਰ ਇੱਕ ਅੱਡੇ ਤੋਂ ਪੂਰਾ ਅਡਲਟ ਮੱਛਰ ਬਣ ਕੇ ਤਿਆਰ ਹੋ ਜਾਂਦਾ ਹੈ। ਇੱਕ ਚਮਚ ਪਾਣੀ ਵਿੱਚ ਇਹ ਮੱਛਰ ਪੈਦਾ ਹੋ ਜਾਂਦਾ ਹੈ। ਇਹ ਮੱਛਰ ਜ਼ਿਆਦਾਤਰ ਸਵੇਰੇ ਵੇਲੇ ਸੂਰਜ ਚੜ੍ਹਨ ਤੋਂ ਬਾਅਦ ਅਤੇ ਸ਼ਾਮ ਨੂੰ ਸੂਰਜ ਡੁਬਣ ਵੇਲੇ ਕੱਟਦਾ ਹੈ। ਇਹ ਮੱਛਰ ਜ਼ਿਆਦਾਤਰ ਸਰੀਰ ਦੇ ਹੇਠਲੇ ਹਿੱਸਿਆਂ ਤੇ ਕੱਟਦਾ ਹੈ ਇਸਦੀ ਪੈਦਾਵਾਰ 20 ਡਿਗਰੀ ਤਾਪਮਾਨ ਵਿੱਚ ਜ਼ਿਆਦਾ ਹੁੰਦੀ ਹੈ।
ਡੇਂਗੂ ਤੋਂ ਬਚਾਓ ਲਈ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸੁ਼ੱਕਰਵਾਰ ਦਾ ਦਿਨ ਡਰਾਈ ਡੇਅ ਫਰਾਈ ਡੇਅ ਦੇ ਤੌਰ ‘ਤੇ ਮਨਾਇਆ ਗਿਆ ਜਿਸ ਵਿੱਚ ਸਰਕਾਰੀ ਦਫਤਰ ਪੰਜਾਬ ਰੋਡਵੇਜ਼ ਵਰਕਸ਼ਾਪ, ਪੀ.ਆਰ.ਟੀ.ਸੀ. ਵਰਕਸ਼ਾਪ, ਫਲੱਡ ਕੰਟਰੋਲ ਰੂਮ ਦਫਤਰ, ਦਰੇਸੀ ਗਰਾਊਂਡ, ਸੈਂਟਰਲ ਪੋਸਟ ਆਫਿਸ ਭਦੌੜ ਹਾਊਸ, ਐਲ.ਐਮ.ਸੀ.ਦਫਤਰ, ਨੇੜੇ ਦਰੇਸੀ ਗਰਾਊਂਡ, ਸੁਵਿਧਾ ਕੇਂਦਰ ਨੇੜੇ ਦਰੇਸੀ ਗਰਾਊਂਡ, ਪੀ.ਐਸ.ਪੀ.ਸੀ.ਐਲ. ਦਫਤਰ ਫੋਕਲ ਪੁਆਇੰਟ, ਸੁਵਿਧਾ ਕੇਂਦਰ ਫੋਕਲ ਪੁਆਇੰਟ ਵਿਖੇ ਜਾ ਕੇ ਬਰੀਡਿੰਗ ਚੈੱਕ ਕੀਤੀ ਗਈ। ਇਨ੍ਹਾਂ ਵਿੱਚੋਂ ਪੰਜਾਬ ਰੋਡਵੇਜ਼ ਵਰਕਸ਼ਾਪ ਵਿੱਚੋਂ ਇੱਕ ਕੂਲਰ ਅਤੇ ਪੀ.ਆਰ.ਟੀ.ਸੀ. ਵਰਕਸ਼ਾਪ ਵਿੱਚੋਂ 2 ਕੂਲਰ ਅਤੇ 5 ਟਾਇਰਾਂ ਵਿੱਚੋਂ ਡੇਂਗੂ ਦਾ ਲਾਰਵਾ ਪਾਇਆ ਗਿਆ। ਡੇਂਗੂ ਦੇ ਲਾਰਵੇ ਨੂੰ ਲਾਰਵੀਸਾਈਡ ਦਵਾਈ ਪਾ ਕੇ ਮੌਕੇ ‘ਤੇ ਹੀ ਨਸ਼ਟ ਕਰ ਦਿੱਤਾ ਗਿਆ। ਟੀਮਾਂ ਵੱਲੋਂ ਪੰਪਲਿਟ, ਪੋਸਟਰ ਵੰਡੇ ਗਏ, ਦਫਤਰਾਂ ਵਿੱਚ ਡੇਂਗੂ, ਚਿਕਨਗੁਨੀਆਂ, ਮਲੇਰੀਆ ਬੁਖਾਰ ਤੋਂ ਬਚਾਓ ਸਬੰਧੀ ਸਿਹਤ ਸਿੱਖਿਆ ਦਿੱਤੀ ਗਈ। ਇਸ ਮੌਕੇ ਮਨਪ੍ਰੀਤ ਸਿੰਘ ਹੈਲਥ ਇੰਨਸਪੈਕਟਰ ਅਤੇ ਐਂਟੀ ਲਾਰਵਾ ਟੀਮ ਮੈਂਬਰ ਮੌਕੇ ‘ਤੇ ਸ਼ਾਮਿਲ ਸੀ।