ਮੋਗਾ – ਡਿਪਟੀ ਕਮਿਸ਼ਨਰ ਨੇ ਕਿਹਾ ਲੋਕ ਝੂਠੀਆਂ ਅਫ਼ਵਾਹਾਂ ਵਿੱਚ ਵਿਸ਼ਵਾਸ਼ ਨਾ ਕਰਨ – ਕੋਵਿਡ-19 ਸਬੰਧੀ ਟੈਸਟ ਕਰਵਾਉਣ ਤੋਂ ਰੋਕਣਾ ਨਾ ਸਮਝੀ

             ਕਰੋਨਾ ਵਿਰੁੱਧ ਵਿੱਢੇ ਮਿਸ਼ਨ ਫਤਹਿ ਦੀ ਤੇਜ਼ ਗਤੀ ਨੂੰ ਲੋਕਾਂ ਦੇ ਸਾਂਝੇ ਸਹਿਯੋਗ ਸਦਕਾ ਰੱਖਿਆ ਜਾ ਸਕੇਗਾ ਬਰਕਰਾਰ-ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਨੇ ਫੇਸਬੁੱਕ ਲਾਈਵ ਜਰੀਏ ਸਿਹਤ ਮਾਹਿਰ ਦੇ ਸਹਿਯੋਗ ਨਾਲ ਸਾਂਝੀ ਕੀਤੀ ਕੋਵਿਡ-19 ਪ੍ਰਤੀ ਮਹੱਤਵਪੂਰਨ ਜਾਣਕਾਰੀ
-ਕੋਵਿਡ-19 ਦੇ ਤਾਜ਼ਾ ਹਾਲਾਤਾਂ ਬਾਰੇ ਚਾਨਣਾ ਪਾਉਣ ਦੇ ਨਾਲ ਨਾਲ ਮੋਗਾ ਵਾਸੀਆਂ ਦੇ ਸੁਆਲਾਂ ਦੇ ਦਿੱਤੇ ਜੁਆਬ

ਡਾ. ਸਵਰਨਜੀਤ ਸਿੰਘ

ਮੋਗਾ, 17 ਸਤੰਬਰ: ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਫੇਸਬੁੱਕ ਲਾਈਵ ਜਰੀਏ ਮੋਗਾ ਵਾਸੀਆਂ ਦੇ ਰੁਬਰੂ ਹੋਏ। ਫੇਸਬੁੱਕ ਲਾਈਵ ਜਰੀਏ ਸ੍ਰੀ ਸੰਦੀਪ ਹੰਸ ਨੇ ਜਿੱਥੇ ਲੋਕਾਂ ਨੂੰ ਕੋਵਿਡ-19 ਦੇ ਤਾਜ਼ਾ ਹਾਲਾਤਾਂ ਅਤੇ ਜ਼ਿਲ੍ਹੇ ਵਿੱਚ ਕਰੋਨਾ ਦੇ ਐਕਟਿਵ ਕੇਸਾਂ ਆਦਿ ਬਾਰੇ ਵਿਸਥਾਰਪੂਰਵਕ ਦੱਸਿਆ ਉੱਥੇ ਮੋਗਾ ਵਾਸੀਆਂ ਦੇ ਲਾਈਵ ਅਧੀਨ ਕਮੈਟ ਬਾਕਸ ਵਿਚਲੇ ਸੁਆਲਾਂ ਦੇ ਜੁਆਬ ਵੀ ਦਿੱਤੇ।
ਉਨ੍ਹਾਂ ਲੋਕਾਂ ਨੂੰ ਇਸ ਫੇਸਬੁੱਕ ਲਾਈਵ ਜਰੀਏ ਅਪੀਲ ਕੀਤੀ ਕਿ ਉਹ ਝੂਠੀਆਂ ਅਫ਼ਵਾਹਾਂ ਵਿੱਚ ਵਿਸ਼ਵਾਸ਼ ਨਾ ਕਰਨ, ਅਜਿਹੀਆਂ ਅਫ਼ਵਾਹਾਂ ਵਿੱਚ ਆ ਕੇ ਕੋਵਿਡ-19 ਸਬੰਧੀ ਟੈਸਟ ਨਾ ਕਰਵਾਉਣਾ ਇੱਕ ਬਹੁਤ ਵੱਡੀ ਨਾ ਸਮਝੀ ਸਾਬਤ ਹੋਵੇਗੀ।ਉਨ੍ਹਾਂ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਕੁਝ ਨਾ-ਸਮਝ ਲੋਕ ਗੁੰਮਰਾਹਕੁੰਨ ਪ੍ਰਚਾਰ ਤੋ ਪ੍ਰਭਾਵਿਤ ਹੋ ਕੇ ਸੈਪਲਿੰਗ ਕਰਵਾਉਣ ਤੋ ਮਨ੍ਹਾਂ ਕਰ ਰਹੇ ਹਨ, ਜਿਸ ਨਾਲ ਜਿੱਥੇ ਉਹ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਰਹੇ ਹਨ, ਉੱਥੇ ਹੀ ਆਪਣੇ ਪਰਿਵਾਰ ਅਤੇ ਆਸੇ ਪਾਸੇ ਦੇ ਲੋਕਾਂ ਲਈ ਵੀ ਖਤਰੇ ਦੀ ਦਾਅਵਤ ਦੇ ਰਹੇ ਹਨ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਵਿੱਢੇ ਗਏ ਕਰੋਨਾ ਦੇ ਸਕੰਰਮਕਣ ਨੂੰ ਖਤਮ ਕਰਨ ਲਈ ਮਿਸ਼ਨ ਫਤਹਿ ਦੀ ਤੇਜ਼ ਗਤੀ ਨੂੰ ਸਾਂਝੇ ਸਹਿਯੋਗ ਸਦਕਾ ਹੀ ਬਰਕਰਾਰ ਰੱਖਿਆ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਇਹ ਸਾਡਾ ਸਾਂਝਾ ਮਿਸ਼ਨ ਹੈ ਜਿਸ ਤਹਿਤ ਕਰੋਨਾ ਉੱਪਰ ਸਾਂਝੇ ਸਹਿਯੋਗ ਦੇ ਨਾਲ ਹੀ ਫਤਹਿ ਹਾਸਲ ਕੀਤੀ ਜਾ ਸਕਦੀ ਹੈ।
ਫੇਸਬੁੱਕ ਲਾਈਵ ਵਿੱਚ ਸਿਹਤ ਵਿਭਾਗ ਦੇ ਮਾਹਿਰ ਮੈਡੀਕਲ ਅਫ਼ਸਰ ਗੁਰਵਰਿੰਦਰ ਸਿੰਘ ਵੀ ਡਿਪਟੀ ਕਮਿਸ਼ਨਰ ਨਾਲ ਮੌਜੂਦ ਸਨ ਜਿਸ ਨੇ ਮੋਗਾ ਵਾਸੀਆਂ ਨੂੰ ਕੋਵਿਡ-19 ਪ੍ਰਤੀ ਬੜੀ ਹੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਇਸ ਪ੍ਰੋਗਰਾਮ ਵਿੱਚ ਉਨ੍ਹਾਂ ਵੱਲੋ ਆਮ ਵਿਅਕਤੀ ਦੇ ਮਨ ਵਿੱਚ ਕੋਵਿਡ-19 ਪ੍ਰਤੀ ਉੱਠਦੇ ਸਵਾਲਾਂ ਦੇ ਬੜੀ ਹੀ ਵਿਸਥਾਰ ਸਹਿਤ ਜੁਆਬ ਦਿੱਤੇ ਤਾਂ ਕਿ ਮੋਗਾ ਵਾਸੀ ਕਰੋਨਾ ਪ੍ਰਤੀ ਜਾਗਰੂਕ ਹੋ ਕੇ ਇਸਦੀ ਚਪੇਟ ਵਿੱਚ ਆਉਣ ਤੋ ਬਚੇ ਰਹਿਣ ਅਤੇ ਦੂਸਰਿਆਂ ਨੂੰ ਵੀ ਇਸਦੇ ਸੰਕਰਮਣ ਤੋ ਬਚਾ ਸਕਣ।