ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ  ਨੇ 500 ਤੋਂ ਵੱਧ ਕੋਵਿਡ ਪਾਜ਼ੇਟਿਵ ਪੁਲਿਸ ਮੁਲਾਜ਼ਮਾਂ ਦੀ ਹੌਸਲਾ-ਅਫ਼ਜ਼ਾਈ ਲਈ ਫੋਨ ਰਾਹੀਂ ਕੀਤੀ ਗੱਲਬਾਤ

ਨਿਊਜ਼ ਪੰਜਾਬ
ਨੋਵਲ ਸਕੀਮ ਦਾ ਉਦੇਸ਼ ਪ੍ਰਭਾਵਿਤ ਅਧਿਕਾਰੀਆਂ/ਕਰਮਚਾਰੀਆਂ  ਨੂੰ ਚੜਦੀ ਕਲਾ ਵਿੱਚ ਰੱਖਣਾ ਅਤੇ ਉਤਸ਼ਾਹਿਤ ਕਰਨਾ : ਡੀ.ਜੀ.ਪੀ.
ਚੰਡੀਗੜ, 6 ਸਤੰਬਰ : ਜ਼ਮੀਨੀ ਪੱਧਰ ‘ਤੇ ਪੁਲਿਸ ਦੀ  ਹੌਸਲਾ-ਅਫ਼ਜ਼ਾਈ ਅਤੇ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਡੀਜੀਪੀ, ਪੰਜਾਬ ਦੇ ਨਿਰਦੇਸ਼ਾਂ ਤਹਿਤ ਇੱਕ ਨੋਵਲ ਯੋਜਨਾ ਅਧੀਨ ਉੱਚ ਪੁਲਿਸ ਅਧਿਕਾਰੀਆਂ ਨੇ ਵੱਖ-ਵੱਖ ਹਸਪਤਾਲਾਂ  ਵਿੱਚ ਜ਼ੇਰੇ-ਇਲਾਜ ਜਾਂ ਘਰਾਂ ਵਿੱਚ ਇਕਾਂਤਵਾਸ 500 ਤੋਂ ਵੱਧ ਕੋਵਿਡ ਪਾਜ਼ੇਟਿਵ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨਾਲ ਟੈਲੀਫੋਨ ਰਾਹੀਂ ਗੱਲਬਾਤ ਕੀਤੀ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀਜੀਪੀ ਦਿਨਕਰ ਗੁਪਤਾ ਵਲੋਂ ਪਿਛਲੇ ਹਫਤਿਆਂ ਦੌਰਾਨ ਨਿੱਜੀ ਤੌਰ ‘ਤੇ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਕਰਮਚਾਰੀਆਂ ਨੂੰ ਪੂਰਨ ਰੂਪ ਵਿੱਚ ਉਤਸ਼ਾਹਿਤ ਅਤੇ ਚੜਦੀ ਕਲਾ ਵਿਚ ਰੱਖਣ ਦੇ ਉਦੇਸ਼ ਨਾਲ ਕੀਤੇ ਯਤਨਾਂ ਤਹਿਤ ਸਾਰੇ ਏ.ਡੀ.ਜੀ.ਪੀ ਅਤੇ ਆਈ.ਜੀ.ਪੀ  ਰੈਂਕ ਦੇ ਅਧਿਕਾਰੀਆਂ ਵੱਲੋਂ ਸਮੂਹਿਕ ਸੰਪਰਕ ਪ੍ਰੋਗਰਾਮ ਦੇ ਹਿੱਸੇ ਵਜੋਂ ਪਾਜ਼ੇਟਿਵ ਅਧਿਕਾਰੀਆਂ/ਕਰਮਚਾਰੀਆਂ  ਨੂੰ ਫ਼ੋਨ ਕਾਲਾਂ ਕੀਤੀਆਂ ਗਈਆਂ।
ਇਸ ਮੁਹਿੰਮ ਵਿੱਚ ਸ਼ਾਮਲ ਸੀਨੀਅਰ ਅਧਿਕਾਰੀਆਂ ਨੇ ਨਾ ਕੇਵਲ ਅਧਿਕਾਰੀਆਂ/ਕਰਮਚਾਰੀਆਂ ਦੀ ਸਿਹਤ ਅਤੇ ਤੰਦਰੁਸਤੀ ਬਾਰੇ ਪੁੱਛਿਆ ਸਗੋਂ ਉਨਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਵੀ ਦਿੱਤਾ। ਡਾਕਟਰੀ ਪਿਛੋਕੜ ਵਾਲੇ ਕੁਝ ਸੀਨੀਅਰ ਅਫਸਰਾਂ ਨੇ ਉਨਾਂ ਨੂੰ ਇਲਾਜ ਸਬੰਧੀ ਸੁਝਾਅ ਅਤੇ ਸਲਾਹ ਵੀ ਦਿੱਤੀ। ਇਲਾਜ਼ ਅਧੀਨ ਚੱਲ ਰਹੇ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੇ ਸਮੇਂ ਸਮੇਂ ‘ਤੇ ਸਰਕਾਰ ਅਤੇ ਪੁਲਿਸ ਵਿਭਾਗ ਦੁਆਰਾ ਦਿੱਤੀ ਜਾ ਰਹੀ ਸਹਾਇਤਾ ਅਤੇ ਯਤਨਾਂ ‘ਤੇ ਤਸੱਲੀ ਪ੍ਰਗਟਾਈ ਹੈ।
ਰਾਜ ਵਿੱਚ ਹੁਣ ਤੱਕ ਕੁੱਲ 3803 ਪੁਲਿਸ ਅਧਿਕਾਰੀ/ਕਰਮਚਾਰੀ ਕੋਵਿਡ ਪਾਜ਼ੇਟਿਵ ਪਾਏ ਗਏ ਹਨ  ਅਤੇ ਇਨਾਂ ਵਿੱਚੋਂ 2186 (57%) ਪੂਰੀ ਤਰਾਂ ਠੀਕ ਹੋ ਗਏ ਹਨ। ਇਸ ਸਮੇਂ 1597 ਅਧਿਕਾਰੀ/ ਕਰਮਚਾਰੀ ਪਾਜ਼ੇਟਿਵ ਹਨ, ਜਿਨਾਂ ਵਿਚ 38 ਗਜ਼ਟਿਡ ਅਧਿਕਾਰੀ ਅਤੇ 21 ਐਸ.ਐਚ.ਓ. ਸ਼ਾਮਲ ਹਨ। ਪੁਲਿਸ ਮੁਲਾਜ਼ਮਾਂ ਦੇ ਤਕਰੀਬਨ 32 ਪਰਿਵਾਰਕ ਮੈਂਬਰ ਵੀ ਕੋਵਿਡ ਪਾਜ਼ੇਟਿਵ ਹਨ। 50 ਹੋਰ ਪੁਲਿਸ ਮੁਲਾਜ਼ਮ ਜੋ ਪਾਜ਼ੇਟਿਵ ਵਿਅਕਤੀਆਂ ਦੇ ਨੇੜਲੇ ਸੰਪਰਕ ਵਿੱਚ ਸਨ, ਸਵੈ-ਇਕਾਂਤਵਾਸ ਅਧੀਨ ਹਨ। ਇੱਕ ਡੀਐਸਪੀ ਸਣੇ ਕੁੱਲ 20 ਅਧਿਕਾਰੀਆਂ/ ਕਰਮਚਾਰੀਆਂ ਨੇ ਪਿਛਲੇ ਦਿਨੀਂ ਕਰੋਨਾ ਵਾਇਰਸ ਦੀ ਰੋਕਥਾਮ ਦੌਰਾਨ ਫਰੰਟ ਲਾਈਨ ਯੋਧਿਆਂ ਵਜੋਂ ਲੜਦਿਆਂ ਆਪਣੀ ਜਾਨ ਦਿੱਤੀ ਹੈ।
ਇਸ ਬਿਮਾਰੀ ਤੋਂ ਠੀਕ ਹੋਏ 20 ਤੋਂ ਵੱਧ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੇ ਆਪਣੀ ਮਰਜ਼ੀ ਨਾਲ ਬਲੱਡ ਪਲਾਜ਼ਮਾ ਦਾਨ ਕੀਤਾ ਹੈ ਅਤੇ 100 ਤੋਂ ਵੱਧ ਹੋਰ ਲੋਕਾਂ ਨੇ ਵੀ ਸਮਾਜ ਦੀ ਭਲਾਈ ਲਈ ਅਜਿਹਾ ਕਰਨ ਦੀ ਪੇਸ਼ਕਸ਼ ਕੀਤੀ ਹੈ।
ਇੱਕ ਭਲਾਈ ਸਬੰਧੀ ਉਪਰਾਲੇ ਵਜੋਂ ਸਾਰੇ ਕੋਵਿਡ ਪਾਜ਼ੇਟਿਵ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ ਡਾਕਟਰਾਂ ਵਲੋਂ ਸਿਫਾਰਸ਼ ਕੀਤੀਆਂ ਸਿਹਤ ਕਿੱਟਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਜਿਸ ਵਿੱਚ ਡਿਜੀਟਲ ਥਰਮਾਮੀਟਰ, ਪਲਸ ਆਕਸੀਮੀਟਰ, ਸੈਨੀਟਾਈਜ਼ਰ, ਦਵਾਈਆਂ, ਵਿਟਾਮਿਨ ਆਦਿ ਸ਼ਾਮਲ ਹਨ। ਇਨਾਂ ਕਿੱਟਾਂ ਦੀ ਟੈਕਸਾਂ ਸਮੇਤ ਕੀਮਤ 1700 ਰੁਪਏ ਬਣਦੀ ਹੈ ਪਰ ਪਾਜ਼ੇਟਿਵ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ ਇਹ ਕਿੱਟਾਂ ਬਿਲਕੁਲ ਮੁਫਤ ਦਿੱਤੀਆਂ ਗਈਆਂ ਹਨ।
ਹਾਲਾਂਕਿ ਵਾਧੂ ਜ਼ਿੰਮੇਵਾਰੀਆਂ ਅਤੇ ਸਿੱਧੇ ਸੰਕਟ ਸਬੰਧੀ ਚਿੰਤਾਵਾਂ ਕਾਰਨ ਫਰੰਟਲਾਈਨ ਪੁਲਿਸ ਫੋਰਸ ਬਹੁਤ ਜ਼ਿਆਦਾ ਦਬਾਅ ਹੇਠ ਹੈ, ਪਰ ਛੋਟੇ ਤੋਂ ਲੈ ਕੇ ਉੱਚ ਪੁਲਸ ਅਧਿਕਾਰੀਆਂ/ਕਰਮਚਾਰੀਆਂ ਦਾ ਮਨੋਬਲ ਅਤੇ ਉਤਸ਼ਾਹ ਦ੍ਰਿੜ ਤੇ ਉੱਚਾ ਹੈ।
ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਹਰ ਪੁਲਿਸ ਅਧਿਕਾਰੀ/ਕਰਮਚਾਰੀ ਦੀ ਰਿਸ਼ਟਪੁਸ਼ਟਤਾ  ਉਨਾਂ (ਡੀਜੀਪੀ) ਦੀ ਨਿੱਜੀ ਜ਼ਿੰਮੇਵਾਰੀ ਹੈ ਅਤੇ ਇਹ ਸੰਪਰਕ ਪ੍ਰੋਗਰਾਮ ਭਵਿੱਖ ਵਿੱਚ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਰਾਜ ਵਿੱਚ ਹਰ ਕੋਵਿਡ ਪਾਜ਼ੇਟਿਵ ਪੁਲਿਸ ਮੁਲਾਜ਼ਮ ਮੁੜ ਤੋਂ ਸਿਹਤਯਾਬ ਨਹੀਂ ਹੋ  ਜਾਂਦਾ।
———-