ਸੰਯੁਕਤ ਰਾਸ਼ਟਰ ਨੇ ਚਾਰ ਦੇਸ਼ਾਂ ‘ਚ ਭੁਖਮਰੀ ਪੈਣ ਦੀ ਦਿੱਤੀ ਚਿਤਾਵਨੀ, ਕੋਰੋਨਾ ਨਾਲ ਮੁਕਾਬਲੇ ਲਈ ਭਾਰਤ ਭੇਜ ਰਿਹੈ ਟੀਮਾਂ

ਨਿਊਜ਼ ਪੰਜਾਬ, 6 ਸਿਤੰਬਰ 

ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ (United Nations) ਜਨਰਲ ਸਕੱਤਰ ਐਂਟੋਨੀਓ ਗੁਤਰਸ(Antonio Guterres) ਨੇ ਚਾਰ ਦੇਸ਼ਾਂ ‘ਚ ਭੁਖਮਰੀ ਫੈਲਣ ਅਤੇ ਖੁਰਾਕ ਸੰਕਟ ਗਹਿਰਾਉਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਹਿਕਾ ਕਿ ਸੰਘਰਸ਼ ਪ੍ਰਭਾਵਿਤ ਕਾਂਗੋ, ਯਮਨ, ਦੱਖਣੀ ਸੁਡਾਨ ਅਤੇ ਪੂਰਬ-ਉੱਤਰ ਨਾਈਜੀਰੀਆ ‘ਚ ਅਕਾਲ ਪੈਣ ਅਤੇ ਖੁਰਾਕ ਸੰਕਟ ਗਹਿਰਾਉਣ ਦਾ ਖ਼ਤਰਾ ਹੈ। ਇਸ ਨਾਲ ਲੱਖਾਂ ਲੋਕਾਂ ਦੀ ਜ਼ਿੰਦਗੀ ਖ਼ਤਰੇ ‘ਚ ਪੈ ਸਕਦੀ ਹੈ। ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਨੂੰ ਭੇਜੇ ਨੋਟ ‘ਚ ਸੰਯੁਕਤ ਰਾਸ਼ਟਰ ਜਨਰਲ ਨੇ ਕਿਹਾ ਕਿ ਚਾਰ ਦੇਸ਼ ਖੁਰਾਕ ਸੰਕਟ ਦੇ ਕ੍ਰਮ ‘ਚ ਦੁਨੀਆ ‘ਚ ਸਭ ਤੋਂ ਉੱਪਰ ਹਨ।

ਉੱਧਰ, ਭਾਰਤ ਕੋਰੋਨਾ ਵਾਇਰਸ ਨਾਲ ਮੁਕਾਬਲੇ ਲਈ ਸੰਯੁਕਤ ਰਾਸ਼ਟਰ (UN) ਮਿਸ਼ਨ ਵਿਚ ਆਪਣਾ ਯੋਗਦਾਨ ਦੇਣ ਲਈ ਮਾਹਿਰਾਂ ਦੀਆਂ ਦੋ ਟੀਮਾਂ ਦੱਖਣੀ ਸੂਡਾਨ ਅਤੇ ਕਾਂਗੋ ਭੇਜ ਰਿਹਾ ਹੈ। ਇਸ ਨਾਲ ਇਨ੍ਹਾਂ ਥਾਵਾਂ ‘ਤੇ ਯੂਐੱਨ ਦੀਆਂ ਸ਼ਾਂਤੀ ਰੱਖਿਆ ਮੁਹਿੰਮਾਂ ਤਹਿਤ ਡਾਕਟਰੀ ਸਹੂਲਤਾਂ ਨੂੰ ਮਜ਼ਬੂਤੀ ਮਿਲੇਗੀ।

ਭਾਰਤ ਦੇ ਯੂਐੱਨ ਮਿਸ਼ਨ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਰਸ ਦੀ ਅਪੀਲ ‘ਤੇ ਇਹ ਟੀਮਾਂ ਭੇਜੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਮਹਾਮਾਰੀ ਨਾਲ ਮੁਕਾਬਲੇ ਲਈ ਇਨ੍ਹਾਂ ਦੇਸ਼ਾਂ ਵਿਚ ਭਾਰਤੀ ਸ਼ਾਂਤੀ ਰਖਿਅਕਾਂ ਵੱਲੋਂ ਸਥਾਪਿਤ ਹਸਪਤਾਲਾਂ ਦੀਆਂ ਸਹੂਲਤਾਂ ਨੂੰ ਵਧਾਉਣ ਦੀ ਅਪੀਲ ਕੀਤੀ ਸੀ। 15 ਮਾਹਿਰਾਂ ਦੀ ਇਕ ਟੀਮ ਕਾਂਗੋ ਦੇ ਗੋਮਾ ਜਾਏਗੀ। ਇੱਥੇ ਭਾਰਤ ਵੱਲੋਂ ਸਾਲ 2005 ਤੋਂ ਸੰਚਾਲਿਤ ਹਸਪਤਾਲ ਵਿਚ ਪਹਿਲੇ ਤੋਂ ਹੀ 18 ਮਾਹਿਰਾਂ ਸਮੇਤ 90 ਭਾਰਤੀ ਹਨ। ਯੂਐੱਨ ਸ਼ਾਂਤੀ ਮਿਸ਼ਨ ਦਾ ਕੰਟਰੋਲ ਕੇਂਦਰ ਗੋਮਾ ਵਿਚ ਸਥਿਤ ਹੈ। ਇਸ ਮਿਸ਼ਨ ਤਹਿਤ ਇੱਥੇ 2,030 ਭਾਰਤੀ ਸ਼ਾਂਤੀ ਸੈਨਿਕ ਤਾਇਨਾਤ ਹਨ। 15 ਮੈਂਬਰੀ ਮਾਹਿਰਾਂ ਦੀ ਦੂਜੀ ਟੀਮ ਦੱਖਣੀ ਸੂਡਾਨ ਦੇ ਜੁਬਾ ਜਾਏਗੀ। ਇਸ ਦੇਸ਼ ਵਿਚ ਸਾਲ 2016 ਤੋਂ ਇਕ ਭਾਰਤੀ ਹਸਪਤਾਲ ਸੰਚਾਲਿਤ ਹੈ। ਇਸ ਹਸਪਤਾਲ ਵਿਚ 12 ਮਾਹਿਰਾਂ ਸਮੇਤ 77 ਭਾਰਤੀ ਹਨ। ਦੱਖਣੀ ਸੂਡਾਨ ਵਿਚ 2,420 ਭਾਰਤੀ ਫ਼ੌਜੀ ਵੀ ਹਨ।