ਪਟਿਆਲਾ ਜ਼ਿਲ੍ਹੇ ਦੇ ਸਾਰੇ 376 ਸੈਕੰਡਰੀ, ਹਾਈ ਤੇ ਮਿਡਲ ,ਪ੍ਰਾਇਮਰੀ ਵਿੰਗ ਦੇ 876ਸਕੂਲ ਬਣੇ ਸਮਾਰਟ

ਨਿਊਜ਼ ਪੰਜਾਬ

ਪਟਿਆਲਾ 1 ਸਤੰਬਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਲਗਭਗ ਤਿੰਨ ਸਾਲ ਪਹਿਲਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਆਰੰਭ ਕੀਤੀ ਗਈ ਸਿੱਖਿਆ ਸੁਧਾਰ ਮੁਹਿੰਮ ਤਹਿਤ ਪਟਿਆਲਾ ਜ਼ਿਲ੍ਹੇ ਦੇ ਸਾਰੇ 376 ਸੀਨੀਅਰ, ਹਾਈ ਤੇ ਮਿਡਲ ਸਕੂਲ ਸਮਾਰਟ ਸਕੂਲਾਂ ‘ਚ ਤਬਦੀਲ ਹੋ ਚੁੱਕੇ ਹਨ।ਸਿੱਖਿਆ ਵਿਭਾਗ ਵੱਲੋਂ ਨਿਸ਼ਚਤ ਕੀਤੇ ਮਾਪਦੰਡਾਂ ਤਹਿਤ ਜ਼ਿਲ੍ਹੇਦੇ 940 ਪ੍ਰਾਇਮਰੀ ਸਕੂਲਾਂ ‘ਚੋਂ 876 ਸਕੂਲ, ਸਮਾਰਟ ਸਕੂਲ ਬਣ ਚੁੱਕੇ ਹਨ। ਬਾਕੀ ਰਹਿੰਦੇ 64 ਸਕੂਲਾਂ ਨੂੰ ਸਮਾਰਟ ਸਕੂਲਾਂ ‘ਚ ਤਬਦੀਲ ਕਰਨ ਦਾ ਕੰਮ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਹਰਿੰਦਰ ਕੌਰ ਨੇ ਦੱਸਿਆ ਕਿ ਸਮਾਰਟ ਸਕੂਲਾਂ ਦੇ ਮਾਪਦੰਡਾਂ ਤਹਿਤ ਸਰਕਾਰੀ ਸਕੂਲਾਂ ਵਿੱਚ ਨਵੀਆਂ ਤਕਨੀਕਾਂ ਅਤੇ ਗਤੀਵਿਧੀਆਂ ‘ਤੇ ਅਧਾਰਿਤ ਸਿੱਖਣ-ਸਿਖਾਓੁਣ ਵਿਧੀਆਂ ਨੂੰ ਸਕੂਲ ਪੱਧਰ ਤੇ ਅਮਲੀ ਜਾਮਾ ਪਹਿਨਾਉਣ ਲਈ ਸਕੂਲਾਂ ਵਿੱਚ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ,ਜਿਨ੍ਹਾਂ ਵਿੱਚ ਸਮਾਰਟ ਕਲਾਸ ਰੂਮ (ਪ੍ਰੋਜੈਕਟਰ ਤੇ ਐਲ.ਈ.ਡੀਜ਼), ਕਲਰ ਕੋਡਿੰਗ, ਸੁੰਦਰ ਗੇਟ, ਸਕੂਲ ਵਿੱਚ ਵਿੱਦਿਅਕ ਵਾਤਾਵਰਨ ਤਿਆਰ ਕਰਨ ਲਈ ਬਾਲਾ ਵਰਕ (ਬਿਲਡਿੰਗ ਐਜ ਲਰਨਿੰਗ ਏਡ),ਐਲ.ਈ.ਡੀ/ਕੰਪਿਊਟਰ ਲੈਬ, ਈ-ਕੰਟੈਂਟ, ਸੁੰਦਰ ਤੇ ਮਿਆਰੀ ਵਰਦੀ, ਟਾਈ, ਬੈਲਟ ਅਤੇ ਪਹਿਚਾਣ ਪੱਤਰ ਸ਼ਾਮਲ ਹਨ।
ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਇੰਜ. ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਨੂੰ ਉਕਤ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਹਿਤ ਸਕੂਲ ਅਧਿਆਪਕਾਂ ਵੱਲੋਂ ਲੋਕਾਂ ਦਾ ਸਹਿਯੋਗ ਲਿਆ ਜਾ ਰਿਹਾ ਹੈ। ਮਿਹਨਤੀ ਅਤੇ ਸਿਰੜੀ ਅਧਿਆਪਕਾਂ ਵੱਲੋਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਦੇ ਉਪਰਾਲਿਆਂ ਤੋਂ ਪ੍ਰੇਰਣਾ ਲੈ ਕੇ, ਸਿੱਖਿਆ ਵਿਭਾਗ ਵੱਲੋਂ ਜਨ ਭਾਗੀਦਾਰੀ ਨਾਲ ਸਰਕਾਰੀ ਸਕੂਲਾਂ ਨੂੰ ਸੈਲਫ ਮੇਡ ਸਮਾਰਟ ਸਕੂਲ ਬਣਾਉਣ ਦੀ ਮੁਹਿੰਮ ਲੋਕ ਲਹਿਰ ਵਿੱਚ ਪਰਿਵਰਤਿਤ ਹੋ ਗਈ ਹੈ।
ਜ਼ਿਲ੍ਹਾ ਸਮਾਰਟ ਸਕੂਲ ਮੈਂਟਰ ਰੰਧੇਵਾ ਸਿੰਘ ਦਾ ਕਹਿਣਾ ਹੈ ਕਿ ਸਿੱਖਿਆ ਵਿਭਾਗ ਦੀ ਸਕੂੂਲ ਸੁਧਾਰ ਮੁਹਿੰਮ ਨੂੰ ਮਿਲ ਰਹੀ ਇਸ ਸਫਲਤਾ ਦੀ ਵਿਲੱਖਣਤਾ ਇਹ ਹੈ ਕਿ ਇਸ ਮੁਹਿੰਮ ‘ਚ ਸਿੱਖਿਆ ਵਿਭਾਗ ਵੱਲੋਂ ਇੱਕ ਮਾਰਗ ਦਰਸ਼ਕ ਅਤੇ ਪ੍ਰੇਰਕ ਦੀ ਭੂਮਿਕਾ ਨਿਭਾਉਣ ਦੇ ਨਾਲ ਨਾਲ ਸਮੱਗਰਾ ਸਿੱਖਿਆ ਅਭਿਆਨ ਤਹਿਤ ਸਕੂਲਾਂ ਦੀ ਮਾਲੀ ਮਦਦ ਵੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਰਕਾਰ ਵਲੋਂ 60:40 ਦੇ ਅਨੁਪਾਤ ਨਾਲ ਸਮਾਰਟ ਸਕੂਲ ਬਣਾਉਣ ਦੀ ਨੀਤੀ ਵੀ ਬਣਾਈ ਗਈ ਤੇ ਜਿਸ ਤਹਿਤ ਸਰਕਾਰ ਵਲੋਂ ਇਹਨਾਂ ਸਕੂਲ਼ਾਂ ਨੂੰ ਮਾਲੀ ਮਦਦ ਦਿੱਤੀ ਗਈ ਹੈ। ਸਹਾਇਕ ਸਮਾਰਟ ਸਕੂਲ ਕੋਆਰਡੀਨੇਟਰ ਲਖਵਿੰਦਰ ਸਿੰਘ ਕੌਲੀ ਦਾ ਕਹਿਣਾ ਹੈ ਕਿ ਸਕੂਲ ਅਧਿਆਪਕਾਂ ਵਿੱਚ ਇਕ ਖਾਸ ਕਿਸਮ ਦੇ ਜਜਬੇ ਦੀ ਭਾਵਨਾ ਤਹਿਤ ਕੀਤੇ ਜਾ ਰਹੇ ਕੰਮ ਸਦਕਾ ਪਿੰਡਾਂ ਦੀਆਂ ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ, ਪ੍ਰਵਾਸੀ ਭਾਰਤੀਆਂ ਅਤੇ ਦਾਨੀ ਸੱਜਣਾਂ ਵੱਲੋਂ ਲਗਾਤਾਰ ਦਿੱਤੇ ਜਾ ਰਹੇ ਸਹਿਯੋਗ ਨਾਲ ਸਰਕਾਰੀ ਸਕੂਲਾਂ ਦਾ ਕਾਇਆ ਕਲਪ ਹੋ ਰਿਹਾ ਹੈ ਅਤੇ ਬਾਕੀ ਰਹਿੰਦੇ ਪ੍ਰਾਇਮਰੀ ਸਕੂਲਾਂ ਨੂੰ ਸਮਾਰਟ ਸਕੂਲਾਂ ‘ਚ ਤਬਦੀਲ ਕਰਨ ਦਾ ਕੰਮ ਜਲਦ ਹੀ ਨੇਪਰੇ ਚੜ੍ਹਨ ਦੀ ਉਮੀਦ ਹੈ।
  I/71314/2020
ਤਸਵੀਰ:- ਪਟਿਆਲਾ ਜਿਲ੍ਹੇ ਦੇ ਸਮਾਰਟ ਸਕੂਲਾਂ ਦੀ ਝਲਕ।