ਲੁਧਿਆਣਾ – ਡਿਪਟੀ ਕਮਿਸ਼ਨਰ ਵੱਲੋਂ ਬੁੱਧੀਜੀਵੀ ਵਰਗ ਅਤੇ ਮੈਡੀਕਲ ਕਾਲਜ਼ ਪ੍ਰਿੰਸੀਪਲਾਂ ਨੂੰ ਜਾਗਰੂਕਤਾ ਮੁਹਿੰਮ ਵਿੱਚ ਸਹਿਯੋਗ ਦੇਣ ਦੀ ਅਪੀਲ

newspunjab.net           ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਵੈਬ ਸੈਮੀਨਾਰ ਦੌਰਾਨ ਵੱਖ-ਵੱਖ ਮੈਡੀਕਲ ਕਾਲਜ਼ਾਂ ਦੇ ਪ੍ਰੋਫੈਸਰ/ਡਾਕਟਰ ਸਾਹਿਬਾਨ ਨਾਲ ਵੀਡੀਓ ਕਾਨਫਰੰਸ ਰਾਹੀਂ ਵਿਦਿਆਰਥੀਆਂ ਨੂੰ ਕਰਵਾਈ ਜਾ ਰਹੀ ਆਨਲਾਈਨ ਪੜ੍ਹਾਈ ਸਮੇਂ ਪੰਜਾਬ ਸਰਕਾਰ ਦੀ ਚਲਾਈ ਮੁਹਿੰਮ ਮਿਸ਼ਨ ਫਤਿਹ ਤਹਿਤ ਕੋਰੋਨਾ ਵਾਇਰਸ ਦੀ ਰੋਕਥਾਮ/ਬਚਾਓ ਸਬੰਧੀ ਜਾਗਰੂਕ ਕਰਨ ਲਈ ਮੀਟਿੰਗ ਕਰਦਿਆਂ ਕੀਤਾ

ਨਿਊਜ਼ ਪੰਜਾਬ

ਲੁਧਿਆਣਾ, 28 ਅਗਸਤ  – ਸਮਾਜ ਨੂੰ ਸਹੀ ਦਿਸ਼ਾ ਅਤੇ ਸੇਧ ਦੇਣ ਵਿੱਚ ਪੜ੍ਹੇ ਲਿਖੇ ਬੁੱਧੀਜੀਵੀ ਵਰਗ ਅਤੇ ਅਧਿਆਪਕਾਂ ਨੇ ਸਦਾ ਹੀ ਜ਼ਿਕਰਯੋਗ ਉਸਾਰੂ ਭੂਮਿਕਾ ਨਿਭਾਈ ਹੈ। ਕਾਲਜ਼ਾਂ ਦੇ ਪ੍ਰੋਫੈਸਰ ਅਤੇ ਲੈਕਚਰਾਰ ਵੱਖ-ਵੱਖ ਸ਼ੋਸਲ ਮੀਡੀਆ ਦੇ ਤਕਨੀਕੀ ਸਾਧਨਾਂ ਰਾਹੀਂ ਆਪਣੇ ਵਿਦਿਆਰਥੀਆਂ ਨਾਲ ਜੁੜੇ ਹੋਏ ਹਨ। ਉਨ੍ਹਾਂ ਵੱਲ਼ੋ ਆਪਣੇ ਉਚੇਰੀ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਜਾਣਕਾਰੀ ਬਹੁਤ ਹੀ ਤੇਜ਼ੀ ਨਾਲ ਸਮਾਜ ਵਿੱਚ ਅਸਰਦਾਰ ਢੰਗ ਨਾਲ ਲਾਗੂ ਹੋ ਜਾਂਦੀ ਹੈ। ਅੱਜ ਕੋਰੋਨਾ ਮਹਾਂਮਾਰੀ ਕੋਵਿਡ ਦੀਆਂ ਸਾਵਧਾਨੀਆਂ ਅਪਣਾਉਣ ਅਤੇ ਛੋਟੇ ਲੱਛਣ ਪਾਏ ਜਾਣ ‘ਤੇ ਤੁਰੰਤ ਟੈਸਟਿੰਗ ਕਰਾਉਣ ਦੀ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਸਾਂਝੀ ਕੀਤੀ ਜਾਣ ਵਾਲੀ ਜਾਣਕਾਰੀ ਸਮਾਜ ਲਈ ਬਹੁਤ ਹੀ ਅਸਰਦਾਰ ਸਾਬਿਤ ਹੋਵੇਗੀ। ਇਸ ਲਈ ਅਧਿਆਪਕ ਵਰਗ ਹਰ ਮਾਧਿਅਮ ਰਾਹੀਂ ਵਿਦਿਆਰਥੀਆਂ ਨੂੰ ਇਹ ਜਾਣਕਾਰੀਆਂ ਦੇ ਕੇ ਕੋਰੋਨਾ ਮਹਾਂਮਾਰੀ ਤੋਂ ਬਚਾਓ ਦੇ ਢੰਗ ਤਰੀਕਿਆਂ ਬਾਰੇ ਸੁਚੇਤ ਕਰਨ।
ਇਹ ਅਪੀਲ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਵੈਬ ਸੈਮੀਨਾਰ ਦੌਰਾਨ ਵੱਖ-ਵੱਖ ਮੈਡੀਕਲ ਕਾਲਜ਼ਾਂ ਦੇ ਪ੍ਰੋਫੈਸਰ/ਡਾਕਟਰ ਸਾਹਿਬਾਨ ਨਾਲ ਵੀਡੀਓ ਕਾਨਫਰੰਸ ਰਾਹੀਂ ਵਿਦਿਆਰਥੀਆਂ ਨੂੰ ਕਰਵਾਈ ਜਾ ਰਹੀ ਆਨਲਾਈਨ ਪੜ੍ਹਾਈ ਸਮੇਂ ਪੰਜਾਬ ਸਰਕਾਰ ਦੀ ਚਲਾਈ ਮੁਹਿੰਮ ਮਿਸ਼ਨ ਫਤਿਹ ਤਹਿਤ ਕੋਰੋਨਾ ਵਾਇਰਸ ਦੀ ਰੋਕਥਾਮ/ਬਚਾਓ ਸਬੰਧੀ ਜਾਗਰੂਕ ਕਰਨ ਲਈ ਮੀਟਿੰਗ ਕਰਦਿਆਂ ਕੀਤਾ। ਇਸ ਵੈਬ ਸੈਮੀਨਾਰ ਵਿੱਚ ਹੋਰ ਮਾਹਰ ਡਾਕਟਰ ਸਹਿਬਾਨ ਤੋਂ ਇਲਾਵਾ ਪ੍ਰਮੁੱਖ ਤੌਰ ‘ਤੇ ਪੀ.ਸੀ.ਐਮ.ਏ. ਪ੍ਰਧਾਨ ਡਾ. ਅਸ਼ਵਨੀ ਭੱਲਾਂ, ਪੀ.ਜੀ.ਆਈ. ਪ੍ਰੋਫਸਰ ਡਾ.ਸੰਦੀਪ ਬਾਂਸਲ ਅਤੇ ਅਰਬਿੰਦੋ ਕਾਲਜ਼ ਦੇ ਡਾ. ਅਜੇ ਸ਼ਰਮਾ ਵੀ ਹਾਜਰ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੱਜ ਆਨਲਾਈਨ ਸਿੱਖਿਆ ਦੇ ਚੱਲ ਰਹੇ ਪ੍ਰੋਗਰਾਮ ਨੂੰ ਸ਼ੋਸ਼ਲ ਮੀਡੀਆ ਰਾਹੀਂ ਅਧਿਆਪਕ ਅਤੇ ਵਿਦਿਆਰਥੀ ਸਫਲਤਾ ਪੂਰਵਕ ਚਲਾ ਰਹੇ ਹਨ। ਇਸ ਤੋਂ ਇਲਾਵਾ ਸ਼ੋਸ਼ਲ ਮੀਡੀਆ ਦੇ ਹੋਰ ਮਾਧਿਅਮ ਫੇਸਬੁੱਕ, ਟਵੀਟਰ, ਇੰਸਟਾਗ੍ਰਾਮ ਅਤੇ ਯੂਟਿਊਬ ਵੀ ਵਿਦਿਆਰਥੀਆਂ ਤੱਕ ਪਹੁੰਚ ਕਰਨ ਦਾ ਸਰਲ ਮਾਧਿਅਮ ਹੈ। ਅਧਿਆਪਕਾਂ ਨੂੰ ਸ਼ੋਸ਼ਲ ਮੀਡੀਆ ‘ਤੇ ਇਸ ਤਰ੍ਹਾ ਦੇ ਪਲੇਟਫਾਰਮ ‘ਤੇ ਕੋਵਿਡ ਦੀਆਂ ਸਾਵਧਾਨੀਆਂ ਬਾਰੇ ਜਾਣਕਾਰੀ ਸਾਂਝੀ ਕਰਨ ਦੇ ਨਾਲ-ਨਾਲ ਲੋਕਾਂ ਨੂੰ ਲੱਛਣ ਪਾਏ ਜਾਣ ਤੇ ਵਿਦਿਆਰਥੀਆਂ ਨੁੰ ਟੈਸਟਿੰਗ ਲਈ ਪ੍ਰੇਰਿਤ ਕਰਨ ਦੀ ਵੀ ਅਪੀਲ ਕਰਨੀ ਚਾਹੀਦੀ ਹੈ। ਜਦੋਂਂਂ ਸਤੰਬਰ ਮਹੀਨੇ ਦੇ ਅੰਤ ਵਿੱਚ ਇਹ ਮਹਾਂਮਾਰੀ ਦੇ ਚਰਮ ਸੀਮਾ ਤੇ ਪਹੁੰਚਣ ਦੀ ਆਸ ਕੀਤੀ ਜਾ ਰਹੀ ਹੈ, ਅਜਿਹੇ ਸਮੇਂ ਤੋਂ ਪਹਿਲਾਂ ਜੇਕਰ ਇਨ੍ਹਾ ਉਚੇਰੀ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੂੰ ਜਾਗਰੁਕਤਾ ਅਭਿਆਨ ਚਲਾਉਣ ਵਿੱਚ ਸਹਿਯੋਗ ਦੇਣ ਲਈ ਪ੍ਰੇਰਿਤ ਕਰ ਲਿਆ ਜਾਵੇ ਤਾਂ ਮਹਾਂਮਾਰੀ ਨਾਲ ਡੱਟ ਕੇ ਮੁਕਾਬਲਾ ਕਰਕੇ ਕੋਰੋਨਾ ਹਰਾਉਣ ਅਤੇ ਮਿਸ਼ਨ ਫਤਿਹ ਨੂੰ ਕਾਮਯਾਬ ਕਰਨ ਵਿੱਚ ਅਸੀਂ ਕਾਫੀ ਹੱਦ ਤੱਕ ਸਫ਼ਲ ਹੋ ਜਾਵਾਂਗੇ। ਉਨ੍ਹਾਂ ਕਿਹਾ ਕਿ ਮਾਸਕ ਪਾਉਣ, ਆਪਸੀ ਵਿੱਥ ਰੱਖਣ ਅਤੇ ਹੋਰ ਸਾਵਧਾਨੀਆਂ ਅਪਣਾ ਕੇ ਇਸ ਮਹਾਂਮਾਰੀ ‘ਤੇ ਕਾਬੂ ਪਾਉਣਾ ਕਾਫੀ ਆਸਾਨ ਹੈ, ਸਿਹਤ ਵਿਭਾਗ ਦੇ ਮਾਹਿਰ ਵੀ ਇਸ ਦੀ ਪੁਸ਼ਟੀ ਕਰਦੇ ਹਨ।
ਪੀ.ਸੀ.ਐਮ.ਏ. ਦੇ ਪ੍ਰਧਾਨ ਡਾ. ਅਸ਼ਵਨੀ ਭੱਲਾ ਨੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਪਹਿਲਾਂ ਸਕੂਲ ਪ੍ਰਿੰਸੀਪਲਾਂ, ਕਾਲਜ਼ ਪ੍ਰਿੰਸੀਪਲਾਂ ਅਤੇ ਹੁਣ ਵੱਖ-ਵੱਖ ਮੈਡੀਕਲ ਕਾਲਜ਼ਾਂ ਦੇ ਪ੍ਰੋਫੈਸਰ/ਡਾਕਟਰ ਸਹਿਬਾਨ ਨੂੰ ਇਸ ਕੋਵਿਡ ਮਹਾਂਮਾਰੀ ਦੇ ਖਾਤਮੇ ਲਈ ਦਿੱਤੇ ਸੱਦੇ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਸ਼ਰਮਾ ਦੀ ਯੋਗ ਅਗੁਵਾਈ ਵਿੱਚ ਅੱਜ ਦੇ ਇਸ ਵੈਬ ਸੈਮੀਨਾਰ ਲਈ 2 ਹਜ਼ਾਰ ਤੋਂ ਵੱਧ ਲੋਕ ਰਜਿਸਟਰਡ ਹੋਏ ਹਨ ਅਤੇ ਲਾਈਵ ਸੈਸ਼ਨ ਦੌਰਾਨ ਕਰੀਬ ਯੂਟਿਊਬ ਅਤੇ ਫੇਸਬੁੱਕ ‘ਤੇ 750 ਦੇ ਕਰੀਬ ਲੋਕ ਜੁੜੇ।
ਡਾ.ਭੱਲਾ ਨੇ ਅੱਗੇ ਕਿਹਾ ਕਿ ਇਸ ਕੋਰੋਨਾ ਮਹਾਂਮਾਰੀ ਨੇ ਸਾਡੇ ਭਵਿੱਖ ਨੂੰ ਤਾਲਾ ਲਾਇਆ ਹੋਇਆ ਹੈ ਤੇ ਇਸ ਦੀ ਚਾਬੀ ਵੀ ਸਾਡੇ ਕੋਲ ਹੀ ਹੈ, ਉਹ ਚਾਬੀ ਦਾ ਮਤਲਬ ਪੰਜਾਬ ਸਰਕਾਰ ਦੁਆਰਾ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਮਾਜਿਕ ਵਿੱਥ ਬਣਾ ਕੇ, ਮਾਸਕ ਦੀ ਵਰਤੋਂ ਅਤੇ ਵਾਰ-ਵਾਰ ਹੱਥ ਧੋ ਕੇ ਇਸ ਤਾਲੇ ਨੂੰ ਖੋਲਿਆ ਜਾ ਸਕਦਾ ਹੈ।
ਅਰਬਿੰਦੋ ਕਾਲਜ਼ ਦੇ ਡਾ. ਅਜੇ ਸ਼ਰਮਾ ਨੇ ਡਿਪਟੀ ਕਮਿਸ਼ਨਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ ਦੀ ਲੜੀ ਨੂੰ ਤੋੜਨ ਲਈ ਨੌਜਵਾਨ ਵਰਗ ਅਹਿਮਾ ਭੂਮਿਕਾ ਨਿਭਾ ਸਕਦਾ ਹੈ। ਇਸੇ ਲੜੀ ਤਹਿਤ ਉਹ ਅੰਤਰ-ਕਾਲਜ਼ ਮੁਕਾਬਲੇ ਤਹਿਤ ਲੇਖ ਲਿਖਣ ਮੁਕਾਬਲੇ ਕਰਵਾ ਰਹੇ ਹਨ ਅਤੇ ਉਨ੍ਹਾਂ ਵੱਲੋਂ ਪ੍ਰੋਗਰਾਮਾਂ ਦੀ ਲੰਬੀ ਲੜੀ ਵੀ ਉਲੀਕ ਲਈ ਗਈ ਹੈ।
ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਸ਼ਰਮਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਾਡੇ ਸਮਾਜ ਵਿੱਚ ਗੁਰੂ ਦੀ ਬਹੁਤ ਵੱਡੀ ਮਹੱਤਤਾ ਹੈ। ਸਾਡਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਮੇਂ-ਸਮੇਂ ‘ਤੇ ਆਪਣੇ ਗੁਰੂਆਂ ਤੋਂ ਪ੍ਰੇਰਣਾ ਲੈ ਕੇ ਚੇਲੇ ਕਾਮਯਾਬ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਦਾ ਅੰਤ ਕਰਨ ਲਈ ਸਾਡੀ ਨੌਜਵਾਨ ਪੀੜ੍ਹੀ ਅਹਿਮ ਰੋਲ ਅਦਾ ਕਰੇਗੀ। ਉਨ੍ਹਾਂ ਕਿਹਾ ਕਿ ਅਕਸਰ ਸਾਡੇ ਦਫ਼ਤਰਾਂ ਵਿੱਚ ਵੀ ਦੇਖਿਆ ਗਿਆ ਹੈ ਕਿ ਨੌਜਵਾਨ ਪੀੜੀ ਸਕਾਰਾਤਮਕ ਸੌਚ ਰੱਖਦੀ ਹੈ ਅਤੇ ਦਫ਼ਤਰੀ ਕੰਮਾਂ ਲਈ ਵੀ ਟੈਕਨੋਲੋਜੀ ਦਾ ਪੂਰਾ ਲਾਹਾ ਲੈਂਦੇ ਹਨ।
ਸ੍ਰੀ ਸ਼ਰਮਾਂ ਵੱਲੋਂ ਇਸ ਮੌਕੇ ‘ਕੋਵਿਡ ਅਵੇਰਨੈਸ ਕੰਪੇਨ’ ਪੋਸਟਰ ਰੀਲੀਜ ਕਰਦਿਆਂ ਅਪੀਲ ਕੀਤੀ ਕਿ ਇਸ ਮਹਾਂਮਾਰੀ ‘ਤੇ ਜਿੱਤ ਪ੍ਰਾਪਤ ਕਰਨ ਲਈ ਸਾਰਿਆਂ ਦਾ ਸਹਿਯੋਗ ਜ਼ਰੂਰੀ ਹੈ।