ਰਜਿੰਦਰਾ ਹਸਪਤਾਲ ‘ਚ ਕੋਵਿਡ ਪੀੜਤਾਂ ਦੀ ਸਫ਼ਲਤਾ ਪੂਰਵਕ ਸਰਜਰੀ -ਕੋਵਿਡ ਦੇ ਮੱਦੇਨਜ਼ਰ ਟਾਲੇ ਜਾ ਸਕਣ ਵਾਲੇ ਓਪਰੇਸ਼ਨ ਅੱਗੇ ਪਾਏ

-ਰਾਜਿੰਦਰਾ ਹਸਪਤਾਲ ਦੇ ਡਾਕਟਰ ਤੇ ਹੋਰ ਅਮਲਾ ਕੋਵਿਡ ਮਰੀਜਾਂ ਦੀ ਬਿਹਤਰ ਸੰਭਾਂਲ ਲਈ 24 ਘੰਟੇ ਤਤਪਰ

ਨਿਊਜ਼ ਪੰਜਾਬ

ਪਟਿਆਲਾ, 13 ਅਗਸਤ: ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਡਾਕਟਰਾਂ ਨੇ ਇੱਥੇ ਐਮ.ਸੀ.ਐਚ. ਇਮਾਰਤ ਵਿਖੇ ਕੋਵਿਡ-19 ਪਾਜਿਟਿਵ ਮਰੀਜਾਂ ਦੇ ਇਲਾਜ ਲਈ ਸਥਾਪਤ ਕੋਵਿਡ ਬਲਾਕ ਵਿਖੇ ਦਾਖਲ 5 ਮਰੀਜਾਂ ਦੀ ਐਮਰਜੈਂਸੀ ਹਾਲਤ ‘ਚ ਸਫ਼ਲਤਾ ਪੂਰਵਕ ਸਰਜਰੀ ਕਰਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ। ਮਿਸ਼ਨ ਫ਼ਤਿਹ ਤਹਿਤ ਕੀਤੀਆਂ ਗਈਆਂ ਇਹ ਸਰਜਰੀਆਂ ਕੋਵਿਡ ਮਰੀਜਾਂ ਦੀ ਹੰਗਾਮੀ ਹਾਲਤ ‘ਚ ਜਾਨ ਬਚਾਉਣ ਦਾ ਸਫ਼ਲ ਉਪਰਾਲਾ ਸਾਬਤ ਹੋਈਆਂ ਹਨ।
ਸਰਕਾਰੀ ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਪਾਰਸ ਪਾਂਡਵ ਨੇ ਦੱਸਿਆ ਕਿ ਪਟਿਆਲਾ ਦੀ ਗਿਆਨ ਕਲੋਨੀ ਦੀ 50 ਸਾਲਾ ਮਹਿਲਾ ਮਰੀਜ ਪਿੱਤੇ ਦੀ ਪੱਥਰੀ ਤੋਂ ਪੀੜਤ ਸੀ ਅਤੇ ਇਸਦੀ ਸਫ਼ਲ ਸਰਜਰੀ ਕੀਤੀ ਗਈ। ਜਦੋਂਕਿ ਨਾਭਾ ਦੀ ਕੱਦ ਕਲੋਨੀ ਦੀ ਇੱਕ 31 ਸਾਲਾ ਮਹਿਲਾ ਦਾ ਪੇਟ ਖੋਲ੍ਹ ਕੇ ਇਸ ਦੀ ਆਂਤੜੀ ਦੀ ਸਫ਼ਲ ਸਰਜਰੀ ਕਰਕੇ ਬੈਂਡ ਕੱਟਕੇ ਇਸਦਾ ਬੰਨ੍ਹ ਹਟਾਇਆ ਗਿਆ।
ਡਾ. ਪਾਂਡਵ ਨੇ ਦੱਸਿਆ ਕਿ ਇਸੇ ਤਰ੍ਹਾਂ ਹੀ ਰਾਜਿੰਦਰਾ ਹਸਪਤਾਲ ਦੀ ਐਮਰਜੈਂਸੀ ‘ਚ ਦਾਖਲ ਹੋਏ ਲੁਧਿਆਣਾ ਦੇ ਇੱਕ ਵਿਅਕਤੀ ਦੇ ਜਾਂਘ ਦੀਆਂ ਹਰਨੀਆਂ ਦਾ ਸਫ਼ਲ ਉਪਰੇਸ਼ਨ ਕੀਤਾ ਗਿਆ। ਇਸੇ ਤਰ੍ਹਾਂ ਹੀ ਮੰਡੀ ਗੋਬਿੰਦਗੜ੍ਹ ਦੇ ਇੱਕ ਵਿਅਕਤੀ ਦੇ ਪੇਟ ‘ਚ ਡੂੰਘਾ ਜਖ਼ਮ ਹੋਇਆ ਸੀ, ਉਸਦੀ ਸਫ਼ਲ ਸਰਜਰੀ ਕੀਤੀ ਗਈ। ਜਦੋਂਕਿ ਇੱਕ ਹੋਰ ਮਹਿਲਾ ਦੀ ਧੁੰਨੀ ਦੀ ਆਂਤ ‘ਚ ਫਸੀ ਹਰਨੀਆ ਦਾ ਉਪਰੇਸ਼ਨ ਵੀ ਸਫ਼ਲਤਾ ਪੂਰਵਕ ਕੀਤਾ ਗਿਆ ਹੈ।
ਇਸੇ ਦੌਰਾਨ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ ਨੇ ਦੱਸਿਆ ਕਿ ਕੋਵਿਡ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਕੋਵਿਡ ਮਰੀਜਾਂ ਦੀ ਬਿਹਤਰ ਦੇਖਭਾਲ ਲਈ ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ਼ ਵਿਭਾਗ ਨੇ ਓ.ਪੀ.ਡੀ. ‘ਚ ਮਰੀਜਾਂ ਨੂੰ ਸਮਾਂ ਦੇ ਕੇ ਕੀਤੀਆਂ ਜਾਣ ਵਾਲੀਆਂ ਅਤੇ ਕੁਝ ਸਮਾਂ ਟਾਲੀਆਂ ਜਾ ਸਕਣ ਵਾਲੀਆਂ ਸਰਜਰੀਆਂ, ਨੂੰ ਇੱਕ ਮਹੀਨਾ ਅੱਗੇ ਪਾਉਣ ਦਾ ਫੈਸਲਾ ਕੀਤਾ ਹੈ।
ਇਸ ਦੇ ਨਾਲ ਹੀ ਮੈਡੀਕਲ ਕਾਲਜਾਂ ਦੇ ਸਾਰੇ ਵਿਭਾਗਾਂ ਦੇ ਡਾਕਟਰਾਂ ਨੂੰ ਇਕਜੁੱਟ ਕਰਦਿਆਂ ਕੋਵਿਡ ਮਰੀਜਾਂ ਦੇ ਇਲਾਜ ਲਈ ਤਾਇਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਹੀ ਰਾਜਿੰਦਰਾ ਹਸਪਤਾਲ ਵਿਖੇ ਓ.ਪੀ.ਡੀ. ਦੇ ਦਿਨ ਵੀ ਘਟਾਏ ਗਏ ਹਨ ਅਤੇ ਇਨਡੋਰ ਵਾਰਡ ਯੂਨਿਟਾਂ ਨੂੰ ਵੀ ਇਕਜੁਟ ਕੀਤਾ ਗਿਆ ਹੈ ਤਾਂ ਕਿ ਕੋਵਿਡ ਦੇ ਮਰੀਜਾਂ ਦੀ ਸੰਭਾਲ ਪਹਿਲ ਦੇ ਅਧਾਰ ‘ਤੇ ਕੀਤੀ ਜਾ ਸਕੇ।
ਕੋਵਿਡ ਕੇਅਰ ਇੰਚਾਰਜ ਸ੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ, ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ.ਪੀ. ਸੋਨੀ ਤੇ ਪ੍ਰਮੁੱਖ ਸਕੱਤਰ ਡੀ.ਕੇ. ਤਿਵਾੜੀ ਦੀ ਦੇਖ-ਰੇਖ ਹੇਠ ਰਾਜਿੰਦਰਾ ਹਸਪਤਾਲ ਦੇ ਸਮੂਹ ਵਿਭਾਗਾਂ ਦੇ ਡਾਕਟਰ ਅਤੇ ਹੋਰ ਅਮਲਾ ‘ਮਿਸ਼ਨ ਫ਼ਤਿਹ’ ਤਹਿਤ ਕੋਵਿਡ-19 ਖ਼ਿਲਾਫ਼ ਆਪਣੀ ਡਿਊਟੀ ਪੇਸ਼ੇਵਰ ਢੰਗ ਨਾਲ ਨਿਭਾ ਰਿਹਾ ਹੈ, ਜਿਸ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ।

********
ਫੋਟੋ ਕੈਪਸ਼ਨ-ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਕੋਵਿਡ ਪਾਜ਼ਿਟਿਵ ਮਰੀਜਾਂ ਦੇ ਉਪਰੇਸ਼ਨ ਕੀਤੇ ਜਾਣ ਦੀਆਂ ਤਸਵੀਰਾਂ।