-400ਵੇਂ ਪ੍ਰਕਾਸ਼ ਪੁਰਬ ਮੌਕੇ ਗੁਰੂ ਤੇਗ਼ ਬਹਾਦਰ ਬਾਣੀ ਦੇ ਆਡੀਓ-ਵੀਡੀਓ ਟਰੈਕ ਜਾਰੀ ਕੀਤੇ ਜਾਣਗੇ – ਡਾ. ਬੀ. ਐੱਸ. ਘੁੰਮਣ

ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦਾ 400ਵੇਂ ਪ੍ਰਕਾਸ਼ ਪੁਰਬ
ਗੁਰੂ ਤੇਗ਼ ਬਹਾਦਰ ਬਾਣੀ -ਗੁਰਮਤਿ ਸੰਗੀਤ ਪਰਿਪੇਖ ਵਿਸ਼ੇ ‘ਤੇ ਅੰਤਰ-ਰਾਸ਼ਟਰੀ ਵੈਬੀਨਾਰ ਸੰਪੰਨ

ਨਿਊਜ਼ ਪੰਜਾਬ

ਪਟਿਆਲਾ, 13 ਅਗਸਤ: ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬੀ.ਐਸ. ਘੁੰਮਣ ਨੇ ਕਿਹਾ ਹੈ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਆਡੀਓ ਤੇ ਵੀਡੀਓ ਟਰੈਕ ਜਾਰੀ ਕੀਤੇ ਜਾਣਗੇ।
ਡਾ. ਘੁੰਮਣ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ 400 ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਉਲੀਕੇ ਗਏ ਪ੍ਰੋਗਰਾਮਾਂ ਦੀ ਲੜੀ ਹੇਠ ਪੰਜਾਬੀ ਯੂਨੀਵਰਸਿਟੀ ਦੇ ਗੁਰਮਤਿ ਸੰਗੀਤ ਵਿਭਾਗ ਵੱਲੋਂ ਕਰਵਾਏ ਗਏ ਦੋ ਰੋਜ਼ਾ ਅੰਤਰ-ਰਾਸ਼ਟਰੀ ਵੈਬੀਨਾਰ ਦੀ ਸਮਾਪਤੀ ਮੌਕੇ ਸੰਬੋਧਨ ਕਰ ਰਹੇ ਸਨ। ਕੋਵਿਡ ਕਰਕੇ ਆਨ ਲਾਇਨ ਕਰਵਾਏ ਗਏ ਇਸ ਵੈਬੀਨਾਰ ‘ਚ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਬਾਣੀ ਅਤੇ ਗੁਰਮਤਿ ਸੰਗੀਤ ਪਰਿਪੇਖ ਵਿਸ਼ੇ ‘ਤੇ ਵਿਸ਼ੇਸ਼ ਚਰਚਾ ਹੋਈ। ਇਸ ਦੌਰਾਨ ਵੱਖ-ਵੱਖ ਗਿਆਨ ਧਾਰਾਵਾਂ ਦੇ ਨਾਲ ਸੰਬੰਧਿਤ ਵਿਦਵਾਨਾਂ ਨੇ ਭਾਗ ਲਿਆ।
ਪਦਮਸ਼੍ਰੀ ਸ, ਸੁਰਿੰਦਰ ਸਿੰਘ ‘ਸਿੰਘ ਬੰਧੂ’ ਨੇ ਦੋਵੇਂ ਦਿਨ ਵੈਬੀਨਾਰ ਦੀ ਪ੍ਰਧਾਨਗੀ ਕੀਤੀ। ਕੈਨੇਡਾ ਤੋਂ ਡਾ ਜਸਵੰਤ ਸਿੰਘ ਨੇ ਗੁਰਬਾਣੀ ਦੇ ਪ੍ਰਸੰਗ ਵਿੱਚ ਰਾਗਾਂ ਅਤੇ ਗੁਰੂ ਤੇਗ਼ ਬਹਾਦਰ ਬਾਣੀ ਦੇ ਸਬੰਧਾਂ ਬਾਰੇ ਵਿਸਥਾਰ ਵਿੱਚ ਵਿਚਾਰ ਵਟਾਂਦਰਾ ਕੀਤਾ। ਡਾ ਹਰਵਿੰਦਰ ਸਿੰਘ ਨੇ ਗੁਰਬਾਣੀ ਦੇ ਮਨੁੱਖੀ ਜੀਵਨ ‘ਤੇ ਪ੍ਰਭਾਵ ਨੂੰ ਪੇਸ਼ ਕੀਤਾ। ਹੈੱਡ ਐਨਸਾਈਕਲੋਪੀਡੀਆ ਡਾ ਪਰਮਵੀਰ ਸਿੰਘ ਨੇ ਅਕਾਲ ਪੁਰਖ ਨਾਲ ਜੁੜਨ ਵਿਚ ਮਨੁੱਖ ਨੂੰ ਸੰਬੋਧਿਤ ਕਰਦੇ ਹੋਏ ਕਈ ਬਾਣੀ ਹਵਾਲੇ ਦਿੱਤੇ।
ਡਾ ਏ ਪੀ ਸਿੰਘ ਰਿਦਮ ਨੇ ਗੁਰਮਤਿ ਸੰਗੀਤ ਦੇ ਰਵਾਇਤੀ ਸਾਜ਼ਾਂ ਨਾਲ ਗੁਰੂ ਤੇਗ਼ ਬਹਾਦਰ ਸਾਹਿਬ ਦੀ ਬਾਣੀ ਦੀ ਰਾਗਾਤਮਿਕ ਪ੍ਰਸਤੁਤੀ ਦਿੱਤੀ। ਡਾਇਰੈਕਟਰ ਗੁਰਮਤਿ ਸੰਗੀਤ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ ਪ੍ਰੋ ਕਰਤਾਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗਾਂ ਵਿੱਚ ਗੁਰੂ ਤੇਗ਼ ਬਹਾਦਰ ਬਾਣੀ ਦੀਆਂ ਸ਼ਬਦ ਰਚਨਾਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਪ੍ਰਿੰਸੀਪਲ ਅੰਮ੍ਰਿਤਪਾਲ ਸਿੰਘ ਕਾਲਕਾ ਨੇ ਪਰੰਪਰਾ ਦੇ ਰਵਾਇਤੀ ਕੀਰਤਨਕਾਰਾਂਦੁਆਰਾ ਗੁਰੂ ਤੇਗ਼ ਬਹਾਦਰ ਬਾਣੀ ਗਾਉਣ ਦੇ ਢੰਗ ਬਾਰੇ ਵਿਚਾਰ-ਵਟਾਂਦਰਾ ਕੀਤਾ।
ਡਾ ਜਸਬੀਰ ਕੌਰ ਪ੍ਰਿੰਸੀਪਲ ਗੁਰਮਤਿ ਕਾਲਜ ਨੇ ਇਤਿਹਾਸਕ ਪਰਿਪੇਖ ਬਾਰੇ ਵਿਚਾਰ-ਵਟਾਂਦਰਾ ਕੀਤਾ ਅਤੇ ਵੱਖ-ਵੱਖ ਬਾਣੀ ਰਚਨਾਵਾਂ ਨੂੰ ਨਿਰਧਾਰਿਤ ਰਾਗਾਂ ਵਿਚ ਪੇਸ਼ ਕੀਤਾ। ਮੁਖੀ ਗੁਰੂ ਗੋਬਿੰਦ ਸਿੰਘ ਚੇਅਰ ਡਾ. ਗੁਰਮੀਤ ਸਿੰਘ ਸਿੱਧੂ ਨੇ ਵੀ ਗੁਰੂ ਦੀ ਰਾਗ ਮੁਕਤ ਬਾਣੀ ਵਿੱਚ ਸੰਗੀਤ ਤੱਤਾਂ ਦੀ ਭੂਮਿਕਾ ਦਾ ਉਦਾਹਰਨ ਦਿੱਤਾ। ਉਨ੍ਹਾਂ ਨੇ ਖੋਜਕਾਰਾਂ ਨੂੰ ਸਲਾਹ ਦਿੱਤੀ ਕਿ ਸ੍ਰੀ ਅਖੰਡ ਪਾਠ ਸਾਹਿਬ ਦੇ ਅੰਤ ‘ਤੇ ਗੁਰੂ ਤੇਗ਼ ਬਹਾਦਰ ਸਾਹਿਬ ਦੇ ਸਲੋਕ ਪਾਠ ਵਿੱਚ ਸੰਗੀਤ ਦੀ ਭੂਮਿਕਾ ਦਾ ਪਤਾ ਲਗਾਉਣ।
ਗੁਰਮਤਿ ਸੰਗੀਤ ਵਿਭਾਗ ਦੇ ਇੰਚਾਰਜ ਡਾ ਕੰਵਲਜੀਤ ਸਿੰਘ ਨੇ ਦੱਸਿਆ ਕਿ ਗੁਰਮਤਿ ਸੰਗੀਤ ਵਿਭਾਗ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਮੁੱਖ ਰਾਗਾਂ ਦੇ ਆਡੀਓ-ਵੀਡੀਓ ਟਰੈਕਾਂ ਨੂੰ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਰਵਾਇਤੀ ਤੰਤੀ ਸਾਜ਼ਾਂ ਰਬਾਬ, ਸਾਰੰਦਾ, ਤਾਊਸ, ਦਿਲਰੁਬਾ ਨਾਲ ਤਿਆਰ ਕਰ ਕੇ ਯੂ-ਟਿਊਬ ‘ਤੇ ਅਪਲੋਡ ਕੀਤਾ ਹੈ। ਉਨ੍ਹਾਂ ਦਸਿਆ ਕਿ ਕੋਵਿਡ 19 ਦੀ ਸਥਿਤੀ ਵਿਚ ਵਿਭਾਗ ਨੇ ਵਿਦਿਆਰਥੀਆਂ ਦੇ ਸੰਗੀਤ ਅਭਿਆਸ ਸੈਸ਼ਨਾ ਲਈ ਐੱਚ-ਡੀ ਕੁਆਲਟੀ ਦੇ ਤਾਨਪੂਰੇ ਅਪਲੋਡ ਕੀਤੇ ਗਏ ਹਨ।
ਡਾ ਯਸ਼ਪਾਲ ਸ਼ਰਮਾ ਡੀਨ ਫੈਕਲਟੀ ਆਰਟ ਐਂਡ ਕਲਚਰ ਨੇ ਸਾਰੇ ਭਾਗੀਦਾਰਾਂ, ਖੋਜਕਾਰਾਂ, ਵਿਦਵਾਨਾਂ ਅਤੇ ਵਾਈਸ ਚਾਂਸਲਰ ਡਾ ਬੀ ਐਸ ਘੁੰਮਣ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਕੁਲਵਿੰਦਰ ਕੌਰ, ਡਾ ਪੂਨਮ ਸ਼ਰਮਾ ਜਲੰਧਰ, ਡਾ ਜੋਤੀ ਸ਼ਰਮਾ, ਡਾ ਏ.ਪੀ. ਸਿੰਘ, ਪ੍ਰੋ ਸਵਰ ਲੀਜ਼ਨ ਕੌਰ, ਸ. ਪ੍ਰਭਜੋਤ ਸਿੰਘ, ਸੰਜੇ ਭਾਰਧਵਾਜ, ਮੋਨਿਕਾ ਅਰੋੜਾ, ਮੁਹੰਮਦ ਹਬੀਬ, ਡਾ. ਰਿਤੂ ਭਾਰਦਵਾਜ ਆਦਿ ਨੇ ਵੀ ਹਿੱਸਾ ਲਿਆ।
**********
ਫੋਟੋ ਕੈਪਸ਼ਨ- ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਵੈਬੀਨਾਰ ਨੂੰ ਸੰਬੋਧਨ ਕਰਦੇ ਹੋਏ ਡਾ.ਬੀ.ਐਸ. ਘੁੰਮਣ ਅਤੇ ਹੋਰ ਵਿਦਵਾਨ