ਸਿਹਤ ਮੰਤਰੀ ਨੇ 30 ਸਤੰਬਰ, 2020 ਤੱਕ ਬਦਲੀਆਂ ਤੇ ਛੁੱਟੀ ’ਤੇ ਲਗਾਈ ਪਾਬੰਦੀ
ਨਿਊਜ਼ ਪੰਜਾਬ
ਚੰਡੀਗੜ, 12 ਅਗਸਤ: ਪੰਜਾਬ ਵਿਚ ਕਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਅੱਜ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ 30 ਸਤੰਬਰ, 2020 ਤੱਕ ਵਿਭਾਗੀ ਬਦਲੀਆਂ ਅਤੇ ਛੁੱਟੀ ’ਤੇ ਮੁਕੰਮਲ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ ਜੋ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।
ਇਸ ਬਾਰੇ ਜਾਣਕਾਰੀ ਦਿੰਦਿਆਂ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਫੈਸਲਾ ਕੋਵਿਡ-19 ਦੇ ਮੌਜੂਦਾ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਲਿਆ ਗਿਆ ਹੈ। ਉਨਾਂ ਕਿਹਾ ਕਿ ਇਹ ਦੇਖਿਆ ਗਿਆ ਹੈ ਕਿ ਕਰੋਨਾ ਵਿਰੁੱਧ ਵਿੱਢੀ ਗਈ ਮੁਹਿੰਮ ਨੂੰ ਹੋਰ ਵਧਿਆ ਢੰਗ ਨਾਲ ਨਜਿੱਠਣ ਲਈ ਸਾਰੇ ਅਧਿਕਾਰੀਆਂ/ਮੈਡੀਕਲ ਸਟਾਫ/ਪੈਰਾ ਮੈਡੀਕਲ ਸਟਾਫ ਦਾ ਆਪਣੇ ਸਟੇਸ਼ਨਾਂ ਤੇ ਤੈਨਾਤ ਰਹਿਣਾ ਜ਼ਰੂਰੀ ਹੋ ਗਿਆ ਹੈ। ਇਸ ਦੌਰਾਨ ਕਿਸੇ ਅਧਿਕਾਰੀ/ਕਰਮਚਾਰੀ ਨੂੰ ਕਿਸੇ ਵੀ ਤਰਾਂ ਦੀ ਛੁੱਟੀ ਵੀ ਨਹੀਂ ਦਿੱਤੀ ਜਾਵੇਗੀ ਅਤੇ ਸਿਰਫ ਮੈਟਰਨਟੀ ਲੀਵ ਅਤੇ ਅਤੀ ਜਰੂਰੀ ਕਾਰਣ ਕਰਕੇ ਚਾਇਲਡ ਕੇਅਰ ਲੀਵ ਕੇਸਾਂ ਵਿਚ ਹੀ ਛੁੱਟੀ ਸਬੰਧੀ ਛੋਟ ਹੋਵੇਗੀ।
ਸ. ਸਿੱਧੂ ਨੇ ਦੱਸਿਆ ਕਿ ਇਹ ਹੁਕਮ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਰੈਗੂਲਰ ਅਫਸਰਾਂ/ਮੁਲਾਜ਼ਮਾਂ ਤੋਂ ਇਲਾਵਾ ਵੱਖ-ਵੱਖ ਵਿੰਗਾਂ/ਸੰਸਥਾਵਾਂ ਵਿਚ ਠੇਕੇ/ਆਊਟਸੋਰਸਿੰਗ ਦੇ ਅਧਾਰ ’ਤੇ ਕੰਮ ਕਰ ਰਹੇ ਸਾਰਿਆਂ ਮੁਲਾਜ਼ਮਾਂ ’ਤੇ ਲਾਗੂ ਹੋਣਗੇ।