ਪਿਛਲੇ 3 ਦਿਨਾਂ ‘ਚ ਲੁਧਿਆਣਾਂ ਦੇ 4 ਨਿੱਜੀ ਹਸਪਤਾਲਾਂ ਵੱਲੋਂ ਕੋਵਿਡ ਦਾ ਇਲਾਜ਼ ਸ਼ੁਰੂ – ਡਿਪਟੀ ਕਮਿਸ਼ਨਰ

ਸ਼੍ਰੀ ਰਘੁਨਾਥ ਹਸਪਤਾਲ ਅਗਰ ਨਗਰ ਵਿਖੇ 10 ਬਿਸਤਰਿਆਂ ਵਾਲਾ ਕੋਵਿਡ ਕੇਅਰ ਸੈਂਟਰ ਸ਼ੁਰੂ
ਪੁਲਿਸ ਕਮਿਸ਼ਨਰ ਵੱਲੋਂ ਹੋਰ ਨਿੱਜੀ ਹਸਪਤਾਲਾਂ ਨੂੰ ਇਸ ਔਖੀ ਘੜੀ ‘ਚ ਜ਼ਿਲ੍ਹਾ ਪ੍ਰਸਾਸ਼ਨ ਦਾ ਸਹਿਯੋਗ ਕਰਨ ਦੀ ਅਪੀਲ

ਨਿਊਜ਼ ਪੰਜਾਬ

ਲੁਧਿਆਣਾ, 12 ਅਗਸਤ  – ਜ਼ਿਲ੍ਹਾ ਪ੍ਰਸ਼ਾਸਨ ਦੇ ਨਿਰੰਤਰ ਯਤਨਾਂ ਸਦਕਾ 4 ਨਿੱਜੀ ਹਸਪਤਾਲਾਂ ਨੇ ਪਿਛਲੇ ਤਿੰਨ ਦਿਨਾਂ ਦੇ ਸਮੇਂ ਵਿੱਚ ਆਪਣੇ ਹਸਪਤਾਲਾਂ ਵਿੱਚ ਕੋਵਿਡ ਕੇਅਰ ਸੈਂਟਰ ਸ਼ੁਰੂ ਕੀਤੇ ਹਨ। ਅੱਜ, ਸ਼ਹਿਰ ਦੇ ਅਗਰ ਨਗਰ ਖੇਤਰ ਵਿੱਚ ਸ਼੍ਰੀ ਰਘੁਨਾਥ ਹਸਪਤਾਲ ਦੇ ਪ੍ਰਬੰਧਕਾਂ ਨੇ ਆਪਣੇ ਹਸਪਤਾਲ ਵਿੱਚ 10 ਬਿਸਤਰਿਆਂ ਵਾਲਾ ਕੋਵਿਡ ਕੇਅਰ ਸੈਂਟਰ ਸ਼ੁਰੂ ਕੀਤਾ ਹੈ।
ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਕੁਮਾਰ ਅਗਰਵਾਲ ਨੇ ਅੱਜ ਸ਼੍ਰੀ ਰਘੂਨਾਥ ਹਸਪਤਾਲ ਦਾ ਦੌਰਾ ਕੀਤਾ ਅਤੇ ਕੋਵਿਡ ਕੇਅਰ ਸੈਂਟਰ ਸੁਰੂ ਕਰਨ ਲਈ ਪ੍ਰਬੰਧਕਾਂ ਦਾ ਧੰਨਵਾਦ ਵੀ ਕੀਤਾ।
ਜ਼ਿਕਰਯੋਗ ਹੈ ਕਿ ਦੂਸਰੇ ਤਿੰਨ ਪ੍ਰਾਈਵੇਟ ਹਸਪਤਾਲ ਜਿਨ੍ਹਾਂ ਵੱਲੋ ਕੋਵਿਡ ਕੇਅਰ ਸੈਂਟਰ ਸਥਾਪਤ ਕੀਤੇ ਹਨ, ਮਾਲ ਰੋਡ ‘ਤੇ ਅਰੋੜਾ ਨਿਊਰੋ ਸੈਂਟਰ ਵਿਖੇ 10 ਬਿਸਤਰਿਆਂ ਵਾਲਾ, ਡੀ.ਐਮ.ਸੀ.ਐਚ ਦੇ ਨੇੜੇ ਵਰਮਾ ਸੁਪਰ ਸਪੈਸ਼ਲਿਟੀ ਹਸਪਤਾਲ ਵਿਚ 25 ਬਿਸਤਰਿਆਂ ਵਾਲਾ ਸੈਂਟਰ ਅਤੇ ਇਕ 25 ਬਿਸਤਰਿਆਂ ਵਾਲਾ “ਆਈ.ਐਮ.ਏ. ਲੁਧਿਆਣਾ ਕੋਵਿਡ ਕੇਅਰ ਸੈਂਂਟਰ” ਭਗਵਾਨ ਮਹਾਵੀਰ ਹੋਮਿਓਪੈਥਿਕ ਮੈਡੀਕਲ ਕਾਲਜ ਅਤੇ ਹਸਪਤਾਲ ਹੰਬੜਾਂ ਰੋਡ ਲੁਧਿਆਣਾ ਵਿਖੇ ਸ਼ਾਮਲ ਹਨ।
ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਵਸਨੀਕਾਂ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਕੋਵਿਡ ਦੇ ਇਲਾਜ ਲਈ ਬਿਸਤਰਿਆਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣਾ ਨਹੀਂ ਚਾਹੀਦਾ ਅਤੇ ਮੋਬਾਈਲ ਐਪ ਂਐਚ.ਬੀ.ਐਮ.ਐਸ.ਪੰਜਾਬਂ ਜਾਂ ਸਰਕਾਰੀ ਵੈਬ ਲਿੰਕਸ ਂ“https://ludhiana.nic.in/notice/covid-19-bed-status-in-ludhiana-district/” ਜਾਂ
www.hbmspunjab.in” ਰਾਹੀਂ ਖਾਲੀ ਪਈ ਬਿਸਤਰੇ ਦੀ ਸਥਿਤੀ ਦੀ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੋਵਿਡ ਇਲਾਜ ਮੁਹੱਈਆ ਕਰਾਉਣ ਵਾਲੇ ਸਾਰੇ ਨਿੱਜੀ ਹਸਪਤਾਲਾਂ ਦਾ ਡਾਟਾ ਮੋਬਾਈਲ ਐਪ ਦੇ ਨਾਲ ਨਾਲ ਵੈਬ ਲਿੰਕਸ ਉੱਤੇ ਜੋੜਿਆ ਗਿਆ ਹੈ।
ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਕੁਮਾਰ ਅਗਰਵਾਲ ਨੇ ਹੋਰ ਪ੍ਰਾਈਵੇਟ ਹਸਪਤਾਲਾਂ ਦੇ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਅੱਗੇ ਆਉਣ ਅਤੇ ਆਪਣੇ ਹਸਪਤਾਲਾਂ ਵਿੱਚ ਕੋਵਿਡ ਕੇਅਰ ਸੈਂਟਰ ਸਥਾਪਤ ਕਰਨ ਤਾਂ ਜੋ ਉਹ ਇਸ ਔਖੀ ਘੜੀ ‘ਚ ਸਮਾਜ ਲਈ ਸੱਚੀ ਸੇਵਾ ਕਰ ਸਕਣ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ(ਵਿਕਾਸ)-ਕਮ-ਨੋਡਲ ਅਫਸਰ ਕੋਵਿਡ-19 ਸ੍ਰੀ ਸੰਦੀਪ ਕੁਮਾਰ ਵੀ ਹਾਜ਼ਰ ਸਨ।