ਰਜਿੰਦਰਾ ਹਸਪਤਾਲ – ਵਾਰਡਾਂ ਦੇ ਗੁਸਲਖਾਨਿਆਂ ਤੇ ਟੁਆਇਲਟਸ ਦੀ ਵੀ ਤਿੰਨ-ਤਿੰਨ ਵਾਰ ਸਫ਼ਾਈ ਯਕੀਨੀ ਬਣਾਈ

newspunjab.net              ਰਜਿੰਦਰਾ ਹਸਪਤਾਲ ਦੇ ਕੋਵਿਡ ਵਾਰਡ ਤੇ ਬਾਥਰੂਮਾਂ ਦੀ ਸਾਫ਼-ਸਫ਼ਾਈ ‘ਤੇ ਜ਼ੋਰ
-ਇਲਾਜ ਅਧੀਨ ਮਰੀਜਾਂ ਨੇ ਸਾਫ਼-ਸਫ਼ਾਈ ‘ਤੇ ਸੰਤੁਸ਼ਟੀ ਜਤਾਈ

ਨਿਊਜ਼ ਪੰਜਾਬ

ਪਟਿਆਲਾ, 10 ਅਗਸਤ: ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੀ ਐਮ.ਸੀ.ਐਚ. ਇਮਾਰਤ ਵਿਖੇ ਕੋਵਿਡ-19 ਪਾਜਿਟਿਵ ਮਰੀਜਾਂ ਦੇ ਇਲਾਜ ਲਈ ਸਥਾਪਤ ਕੋਵਿਡ ਬਲਾਕ ਦੀ ਸਾਫ਼-ਸਫ਼ਾਈ ਤੇ ਸੈਨੇਟਾਈਜੇਸ਼ਨ ਵੱਲ ਵੀ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ। ਇਸ ਮੰਤਵ ਲਈ ਵਿਸ਼ੇਸ਼ ਤੌਰ ‘ਤੇ ਇੱਕ ਸੀਨੀਅਰ ਡਾਕਟਰ ਨੂੰ ਨੋਡਲ ਅਫ਼ਸਰ ਵੀ ਤਾਇਨਾਤ ਕੀਤਾ ਗਿਆ ਹੈ, ਜਿਸ ਦੀ ਨਿਗਰਾਨੀ ਹੇਠ ਵਾਰਡਾਂ ‘ਚ ਤਿੰਨ ਵਾਰ ਅਤੇ ਵਾਰਡਾਂ ਦੇ ਗੁਸਲਖਾਨਿਆਂ ਤੇ ਟੁਆਇਲਟਸ ਦੀ ਵੀ ਤਿੰਨ-ਤਿੰਨ ਵਾਰ ਸਫ਼ਾਈ ਯਕੀਨੀ ਬਣਾਈ ਜਾ ਰਹੀ ਹੈ। ਇਸ ਲਈ ਹਸਪਤਾਲ ‘ਚ ਤਿੰਨ ਸ਼ਿਫ਼ਟਾਂ ‘ਚ ਕੰਮ ਕਰਦੇ ਕਰਮਚਾਰੀ ਹਰ ਸ਼ਿਫ਼ਟ ‘ਚ ਤਾਇਨਾਤ ਰਹਿੰਦੇ ਹਨ।
ਸਰਕਾਰੀ ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਪਾਰਸ ਪਾਂਡਵ ਨੇ ਦੱਸਿਆ ਕਿ ਐਮ.ਸੀ.ਐਚ. ਬਿਲਡਿੰਗ ‘ਚ ਆਈ.ਸੀ.ਯੂ ਨੂੰ ਹੁਣ 5ਵੀਂ ਮੰਜਿਲ ‘ਤੇ ਤਬਦੀਲ ਕਰ ਦਿੱਤਾ ਗਿਆ ਹੈ ਤਾਂ ਕਿ ਕੋਵਿਡ ਦੇ ਮਰੀਜਾਂ ਦਾ ਹੋਰ ਬਿਹਤਰ ਢੰਗ ਨਾਲ ਇਲਾਜ ਸੰਭਵ ਹੋ ਸਕੇ। ਇਸ ਇਮਾਰਤ ‘ਚ ਸਾਫ਼-ਸਫ਼ਾਈ ਬਾਰੇ ਉਨ੍ਹਾਂ ਦੱਸਿਆ ਕਿ ਟੁਆਇਲਟਸ ਦੀ ਸਫ਼ਾਈ ਦਾ ਕੰਮ ਸੁਲੱਭ ਵੱਲੋਂ ਕਰਵਾਇਆ ਜਾਂਦਾ ਹੈ ਜਦੋਂਕਿ ਵਾਰਡਾਂ ਦੀ ਸਫ਼ਾਈ ਲਈ ਹਸਪਤਾਲ ਦੇ ਕਰਮਚਾਰੀ ਸ਼ਿਫ਼ਟਾਂ ਮੁਤਾਬਕ ਡਿਊਟੀ ਕਰਦੇ ਹਨ।
ਇੱਥੇ ਇਲਾਜ ਅਧੀਨ ਮਰੀਜਾਂ, ਜਿਨ੍ਹਾਂ ‘ਚ ਗੁਰਪ੍ਰੀਤ ਸਿੰਘ ਰੰਧਾਵਾ, ਸੰਜੇ ਗੋਇਲ, ਅਸ਼ੋਕ ਬਾਂਸਲ, ਸੁਭਾਸ਼ ਚੰਦ, ਪਰਮਾਨੰਦ ਸਮੇਤ ਹੋਰ ਕਈ ਮਰੀਜਾਂ ਨੇ ਸੰਤੁਸ਼ਟੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਟੁਆਇਲਟਸ ਬਿਲਕੁਲ ਸਾਫ਼ ਸੁਥਰੇ ਹਨ ਅਤੇ ਸਾਫ਼-ਸਫ਼ਾਈ ਵੀ ਤਿੰਨ ਵਾਰ ਹੁੰਦੀ ਹੈ। ਏ.ਸੀ. ਚੱਲਦੇ ਹਨ ਅਤੇ ਉਨ੍ਹਾਂ ਨੂੰ ਇੱਥੇ ਕੋਈ ਮੁਸ਼ਕਿਲ ਨਹੀਂ ਸਗੋਂ ਸਮੇਂ-ਸਮੇਂ ‘ਤੇ ਡਾਕਟਰ ਅਤੇ ਹੋਰ ਮੈਡੀਕਲ ਅਮਲਾ ਉਨ੍ਹਾਂ ਦੀ ਸਿਹਤ ਜਾਂਚ ਕਰਕੇ ਉਨ੍ਹਾਂ ਦਾ ਇਲਾਜ ਕਰ ਰਿਹਾ ਹੈ।
ਕੋਵਿਡ ਕੇਅਰ ਇੰਚਾਰਜ ਸ੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ, ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ.ਪੀ. ਸੋਨੀ ਤੇ ਪ੍ਰਮੁੱਖ ਸਕੱਤਰ ਡੀ.ਕੇ. ਤਿਵਾੜੀ ਦੀ ਅਗਵਾਈ ਹੇਠ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਡਾਕਟਰ ਅਤੇ ਹੋਰ ਕਰਮਚਾਰੀ ‘ਮਿਸ਼ਨ ਫ਼ਤਿਹ’ ਤਹਿਤ ਕੋਵਿਡ-19 ਖ਼ਿਲਾਫ਼ ਪੂਰੀ ਤਨਦੇਹੀ ਨਾਲ ਡਟੇ ਹੋਏ ਹਨ।
ਸ੍ਰੀਮਤੀ ਮਲਿਕ ਨੇ ਕਿਹਾ ਕਿ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ, ਐਮ.ਐਸ. ਡਾ. ਪਾਰਸ ਪਾਂਡਵ, ਡਾ. ਵਿਸ਼ਾਲ ਚੋਪੜਾ, ਡਾ. ਵਿਕਾਸ ਸ਼ਰਮਾ, ਡਾ. ਅਮਨਦੀਪ ਸਿੰਘ ਬਖ਼ਸ਼ੀ, ਡਾ. ਸਚਿਨ ਕੌਸ਼ਲ, ਡਾ. ਹਰਜੀਤ ਚਾਵਲਾ, ਡਾ. ਲਵਲੀਨ ਭਾਟੀਆ ਸਮੇਤ ਨਰਸਿੰਗ ਤੇ ਹੋਰ ਮੈਡੀਕਲ ਅਮਲਾ ਇਸ ਗੱਲੋਂ ਵਚਨਬੱਧ ਹੈ ਕਿ ਕਿਸੇ ਵੀ ਮਰੀਜ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।