ਕੋਵਿਡ-19 ਟੈਸਟਿੰਗ ਲਈ ਮੋਹਾਲੀ ਦੀ ਪੰਜਾਬ ਬਾਇਓਟੈਕਨਾਲੌਜੀ ਇਨਕਿਉਬੇਟਰ ਵਾਇਰਲ ਡਾਇਗਨੋਸਟਿਕ ਲੈਬੋਰਟਰੀ ਦਾ ਉਦਘਾਟਨ

ਨਿਊਜ਼ ਪੰਜਾਬ

ਚੰਡੀਗੜ੍ਹ, 10 ਅਗਸਤ: ਸਾਇੰਸ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਅਧੀਨ ਆਉਂਦੇ ਮੋਲੀਕਿਊਲਰ ਡਾਇਗਨੋਸਟਿਕ ਅਧਾਰਤ ਆਰਟੀ-ਪੀਸੀਆਰ ਦੀ ਸਮਰਥਾ ਨਾਲ ਖੁਰਾਕ, ਪਾਣੀ, ਖੇਤੀਬਾੜੀ ਅਤੇ ਵਾਤਾਵਰਣ ਦੇ ਖੇਤਰਾਂ ਵਿੱਚ ਐਨ.ਏ.ਬੀ.ਐਲ ਦੁਆਰਾ ਮਾਨਤਾ ਪ੍ਰਾਪਤ ਸਹੂਲਤਾਂ ਦੇਣ ਵਾਲੇ ਪੰਜਾਬ ਬਾਇਓਟੈਕਨਾਲੌਜੀ ਇਨਕਿਉਬੇਟਰ ਨੂੰ ਇਸ ਵਿਸ਼ਵ ਵਿਆਪੀ ਮਹਾਂਮਾਰੀ ਸਮੇਂ ਸੂਬੇ ਵਿੱਚ ਕੋਵਿਡ-19 ਦੀ ਟੈਸਟਿੰਗ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਚੁਣਿਆ ਗਿਆ ਹੈ।

ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਅਤੇ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਸਹਿਯੋਗ ਨਾਲ 1000 ਫੁੱਟ ਤੋਂ ਵੱਧ ਰਕਬੇ ਵਿਚ ਸਥਾਪਤ ਇਕ ਯੋਜਨਾਬੱਧ ਬੁਨਿਆਦੀ ਢਾਂਚੇ ਅਤੇ ਅਤਿ-ਆਧੁਨਿਕ ਉਪਕਰਣਾਂ ਵਾਲੀ  ਪੀ.ਬੀ.ਟੀ.ਆਈ. ਦੀ ਵਾਇਰਲ ਡਾਇਗਨੋਸਟਿਕ ਲੈਬੋਰਟਰੀ ਦਾ ਕੋਵਿਡ-19 ਟੈਸਟਿੰਗ ਦੀ ਸਮਰੱਥਾ ਵਧਾਉਣ ਲਈ ਅੱਜ ਉਦਘਾਟਨ ਕੀਤਾ ਗਿਆ। ਇਸ ਮੌਕੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ, ਸ੍ਰੀ ਅਲੋਕ ਸ਼ੇਖਰ ਆਈ.ਏ.ਐੱਸ ਪੀ.ਐੱਸ.ਐੱਸ.ਟੀ.ਈ., ਸ੍ਰੀ ਡੀ.ਕੇ. ਤਿਵਾੜੀ ਆਈ.ਏ.ਐੱਸ., ਪੀ.ਐੱਸ.ਐੱਮ.ਈ.ਆਰ, ਡਾ. ਰਾਜ ਬਹਾਦਰ, ਉੱਪ ਕੁਲਪਤੀ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਅਤੇ ਹੋਰ ਪਤਵੰਤੇ  ਸ਼ਾਮਲ ਸਨ। ਮੰਤਰੀਆਂ ਨੇ ਇਸ ਮੌਕੇ ਸ੍ਰੀ ਅਲੋਕ ਸ਼ੇਖਰ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ।

ਸ੍ਰੀ ਅਲੋਕ ਸ਼ੇਖਰ ਨੇ ਦੱਸਿਆ ਕਿ ਲੈਬੋਰਟਰੀ ਪੂਰੀ ਤਰ੍ਹਾਂ ਕਾਰਜਸ਼ੀਲ ਹੋ ਗਈ ਹੈ ਅਤੇ ਆਈ.ਸੀ.ਐਮ.ਆਰ. ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਕੋਵਿਡ ਦੇ ਸੈਂਪਲਾਂ ਦਾ ਵਿਸ਼ਲੇਸ਼ਣ ਕਰਨਾ ਸ਼ੁਰੂ ਕਰ ਦਿੱਤਾ ਹੈ। ਪੀ.ਬੀ.ਟੀ.ਆਈ. ਦੇ ਸੀ.ਈ.ਓ. ਡਾ. ਅਜੀਤ ਦੂਆ ਨੇ ਦੱਸਿਆ ਕਿ ਰੋਜ਼ਾਨਾ 100 ਨਮੂਨਿਆਂ ਦੀ ਜਾਂਚ ਨਾਲ ਸ਼ੁਰੂਆਤ ਕਰਦਿਆਂ, ਹੁਣ ਆਟੋਮੈਟਿਡ ਆਰ.ਐੱਨ.ਏ. ਐਕਸਟ੍ਰੇਕਸ਼ਨ ਸਿਸਟਮ ਲਗਾਉਣ ਨਾਲ ਟੈਸਟਿੰਗ ਦੀ ਸਮਰਥਾ ਪ੍ਰਤੀ ਦਿਨ 1000 ਟੈਸਟਾਂ ਤੱਕ ਵਧਾ ਦਿੱਤੀ ਜਾਵੇਗੀ। ਇਸ ਮੌਕੇ ਪੀ.ਪੀ.ਸੀ.ਬੀ. ਅਤੇ ਵਿਪਰੋ ਲਿਮਟਿਡ ਦੁਆਰਾ ਅਤਿ-ਆਧੁਨਿਕ ਉਪਕਰਣਾਂ ਅਤੇ ਪੀ.ਪੀ.ਈ. ਕਿੱਟਾਂ ਮੁਹੱਈਆ ਕਰਵਾਉਣ ਲਈ ਕੀਤੀ ਸਹਾਇਤਾ ਦਾ ਧੰਨਵਾਦ ਵੀ ਕੀਤਾ।

ਜਿਕਰਯੋਗ ਹੈ ਕਿ ਪੀ.ਬੀ.ਟੀ.ਆਈ. ਆਪਣੀ  ਕਿਸਮ ਦੀ ਪਹਿਲੀ  ਪਬਲਿਕ ਸੈਕਟਰ ਲੈਬਾਰਟਰੀ ਹੈ ਜੋ ਦੇਸ਼ ਦੇ ਉਦਯੋਗਾਂ, ਨਿਰਯਾਤ ਕਰਨ ਵਾਲਿਆਂ, ਵਪਾਰੀਆਂ, ਕਿਸਾਨਾਂ, ਮਧੂ ਮੱਖੀ ਪਾਲਕਾਂ, ਉੱਦਮੀਆਂ, ਸਟਾਰਟ-ਅਪਸ ਤੇ ਰੈਗੂਲੇਟਰਾਂ ਅਤੇ ਵਿਸ਼ੇਸ਼ ਤੌਰ ‘ਤੇ ਪੰਜਾਬ ਨੂੰ 2007 ਤੋਂ ਅਤਿ-ਆਧੁਨਿਕ ਸੇਵਾਵਾਂ ਪ੍ਰਦਾਨ ਕਰ ਰਹੀ ਹੈ।

ਇਸ ਸਮੇਂ ਦੌਰਾਨ, ਇਸ ਨੇ ਵੱਖ ਵੱਖ ਮੰਤਰਾਲਿਆਂ ਦੁਆਰਾ ਵੱਖ-ਵੱਖ ਰਾਸ਼ਟਰੀ ਅਤੇ ਰਾਜ ਪੱਧਰੀ ਮਾਨਤਾ ਅਤੇ ਰਾਸ਼ਟਰੀ ਰੈਫਰਲ ਲੈਬੋਰਟਰੀ ਦਾ ਦਰਜਾ ਹਾਸਲ ਕੀਤਾ ਹੈ, ਜਿਸ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਭਾਰਤ ਸਰਕਾਰ ਦੁਆਰਾ ਰੈਫ਼ਰਲ ਲੈਬੋਰਟਰੀ ਵਜੋਂ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ, ਭਾਰਤ ਸਰਕਾਰ ਦੁਆਰਾ ਐਲਐਮਓ/ਜੀਐਮਓ ਖੋਜ ਲਈ ਨੈਸ਼ਨਲ ਰੈਫਰਲ ਲੈਬੋਰਟਰੀ ਵਜੋਂ  ਨੋਟੀਫਾਈ ਕਰਨਾ ਸ਼ਾਮਲ ਹੈ। । ਇਸ ਨੇ ਭੋਜਨ ਪ੍ਰਮਾਣਿਕਤਾ ਵਰਗੇ ਪ੍ਰਮੁੱਖ ਖੇਤਰਾਂ ਵਿੱਚ ਅੰਤਰਰਾਸ਼ਟਰੀ ਸੰਬੰਧ ਵੀ ਸਥਾਪਤ ਕੀਤੇ ਹਨ। ਪੀ.ਬੀ.ਟੀ.ਆਈ. ਦੀਆਂ ਸਮਰਥਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਰਾਜ ਸਰਕਾਰ ਨੇ ਆਪਣੇ ਟੀਚਾਗਤ ਸੈਕਟਰਾਂ ਵਿਚ ਇਸ ਨੂੰ ਸਟੇਟ ਐਨਾਲਿਟੀਕਲ ਏਜੰਸੀ ਵਜੋਂ ਨੋਟੀਫਾਈ ਕੀਤਾ ਹੈ।

ਪੀ.ਬੀ.ਟੀ.ਆਈ. ਦੀ ਟੀਮ ਨੇ ਸੂਬੇ ਵਿਚ ਕੋਵਿਡ-19 ਕਰਫਿਊ ਦੌਰਾਨ ਸੂਬੇ ਅਤੇ ਗੁਆਂਢੀ ਖੇਤਰਾਂ ਦੇ ਫੂਡ ਬਰਾਮਦਕਰਤਾ ਅਤੇ ਪ੍ਰੋਸੈਸਰਸ ਨੂੰ ਮਿਸਾਲੀ ਸਹਾਇਤਾ ਮੁਹੱਈਆ ਕਰਵਾਈ, ਜਿਸ ਲਈ ਪੀ.ਐੱਸ.ਐੱਸ.ਟੀ.ਈ ਦੁਆਰਾ ਉਹਨਾਂ ਦੀ ਸ਼ਲਾਘਾ ਵੀ ਕੀਤੀ ਗਈ।

ਤਸਵੀਰ – ਸੰਕੇਤਕ