113 ਵਿਅਕਤੀਆਂ ਨੂੰ ਮਾਰਨ ਵਾਲੇ ਜਹਿਰੀਲੀ ਸ਼ਰਾਬ ਦੇ 3 ਡਰੰਮਾਂ ਦੀ ਕੀਮਤ ਸੀ 30 ਹਜ਼ਾਰ ਰੁਪਏ – ਘਟਨਾਵਾਂ ਨਾਲ ਸਬੰਧਿਤ ਹੈਰਾਨੀਜਨਕ ਤੱਥ ਆਏ ਸਾਹਮਣੇ – ਪੜ੍ਹੋ ਨਿਊਜ਼ ਪੰਜਾਬ ਦੀ ਰਿਪੋਰਟ

ਨਿਊਜ਼ ਪੰਜਾਬ
ਅਮ੍ਰਿਤਸਰ , 8 ਅਗਸਤ – ਪੰਜਾਬ ਨੂੰ ਸ਼ਰਮਸ਼ਾਰ ਕਰਨ ਵਾਲੀ ਜਹਿਰੀਲੀ ਸ਼ਰਾਬ ਦੀ ਦੁਖਦਾਈ ਘਟਨਾ ਜਿਸ ਵਿੱਚ ਹੁਣ ਤੱਕ 113 ਵਿਅਕਤੀਆਂ ਦੀ ਮੌਤ ਹੋ ਚੁਕੀ ਹੈ ਸਬੰਧੀ ਹੋਇਆ ਦੋਸ਼ੀਆਂ ਦੀਆਂ ਗ੍ਰਿਫਤਾਰੀਆਂ ਨਾਲ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ |

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਦੋਸ਼ੀ ਸਤਨਾਮ ਸਿੰਘ ਪੁੱਤਰ ਹਰਜੀਤ ਸਿੰਘ ਵੱਲੋਂ ਪੁਲਿਸ ਕੋਲ ਪੁੱਛਗਿੱਛ ਦੌਰਾਨ ਕੀਤੇ ਖੁਲਾਸਿਆਂ ਬਾਰੇ ਦੋ ਦੋਸ਼ੀਆਂ ਨੇ ਪੁਲਿਸ ਕੋਲ ਮੰਨਿਆ ਹੈ ਕਿ ਉਨਾਂ ਨੇ 27 ਜੁਲਾਈ ਨੂੰ ਪੰਡੋਰੀ ਗੋਲਾ, ਤਰਨਤਾਰਨ ਦੇ ਅਵਤਾਰ ਸਿੰਘ ਕੋਲੋਂ ਤਿੰਨ ਨਾਜਾਇਜ਼ ਸ਼ਰਾਬ ਦੇ ਤਿੰਨ ਡਰੰਮ ਖਰੀਦੇ ਸਨ। ਹਰਜੀਤ ਸਿੰਘ ਨੇ ਇਹ ਸ਼ਰਾਬ ਲੈਣ ਲਈ ਪੰਦਰਾਂ ਦਿਨ ਪਹਿਲਾਂ ਅਵਤਾਰ ਸਿੰਘ ਨੂੰ 15 ਹਜ਼ਾਰ ਰੁਪਏ ਦਿੱਤੇ ਸਨ ਅਤੇ ਦੂਜੀ ਕਿਸ਼ਤ ਦੇ 15 ਹਜ਼ਾਰ ਰੁਪਏ ਇਹ ਨਾਜਾਇਜ ਦਾਰੂ ਪ੍ਰਾਪਤ ਹੋਣ ਉੱਤੇ ਦੇਣੇ ਸਨ। ਡੀਜੀਪੀ ਨੇ ਦੱਸਿਆ ਕਿ ਇਨਾਂ ਦੋਵੇਂ ਦੋਸ਼ੀਆਂ ਨੇ ਇਸ ਮਾਮਲੇ ਵਿੱਚ ਸ਼ਾਮਲ ਤੇਰਾਂ ਹੋਰ ਵਿਅਕਤੀਆਂ ਦੇ ਨਾਮ ਉਜਾਗਰ ਕੀਤੇ ਹਨ ਜਿਨਾਂ ਦੀ ਗਿ੍ਰਫਤਾਰੀ ਲਈ ਛਾਪੇਮਾਰੀ ਜਾਰੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਮੁਤਾਬਕ ਸਰਗਨਾਵਾਂ ਵਿਰੁੱਧ ਐਫਆਈਆਰਜ਼ ਵਿਚ ਆਈ.ਪੀ.ਸੀ ਦੀ ਧਾਰਾ 302 ਸ਼ਾਮਲ ਕੀਤੀ ਗਈ ਹੈ, ਜੋ ਕਿ ਤਿੰਨ ਜ਼ਿਲਿਆਂ ਵਿਚ 113 ਵਿਅਕਤੀਆਂ ਦੀ ਮੌਤ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹਨ।

 

ਪੰਡੋਰੀ ਗੋਲਾ ਰਹਿਣ ਵਾਲੇ ਪਿਉ-ਪੁੱਤਰ , ਹਰਜੀਤ ਸਿੰਘ ਅਤੇ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਦੀ ਗਿ੍ਰਫਤਾਰੀ ਨਾਲ ਇਸ ਮਾਮਲੇ ਵਿੱਚ ਕੁਲ ਗਿ੍ਰਫਤਾਰੀਆਂ ਦੀ ਗਿਣਤੀ 54 ਹੋ ਗਈ ਹੈ । ਹੁਣ ਤੱਕ ਤਰਨ ਤਾਰਨ ਵਿੱਚ 37, ਅਮਿ੍ਰਤਸਰ ਦਿਹਾਤੀ ਵਿੱਚ 9 ਅਤੇ ਬਟਾਲਾ ਵਿੱਚ 8 ਗਿ੍ਰਫਤਾਰੀਆਂ ਹੋਈਆਂ ਹਨ। ਡੀਜੀਪੀ ਨੇ ਦੱਸਿਆ ਕਿ ਕਸ਼ਮੀਰ ਸਿੰਘ ਅਤੇ ਸਤਨਾਮ ਸਿੰਘ ਉਰਫ ਸੱਤਾ ਤੋਂ ਇਲਾਵਾ ਹਰਜੀਤ ਸਿੰਘ ਅਤੇ ਸ਼ਮਸ਼ੇਰ ਉੱਤੇ ਕਤਲ ਦੇ ਦੋਸ਼ਾਂ ਤਹਿਤ ਮਾਮਲਾ ਵੀ ਦਰਜ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਕੇਸ ਵਿਚ ਸ਼ਾਮਿਲ ਅਪਰਾਧੀਆਂ ਨੂੰ ਪਨਾਹ ਦੇਣ ਦੇ ਦੋਸ਼ ਹੇਠ ਦੋ ਐਫ.ਆਈ.ਆਰ ਆਈ.ਪੀ.ਸੀ ਦੀ ਧਾਰਾ 216 ਤਹਿਤ ਦਰਜ ਕੀਤੀਆਂ ਗਈਆਂ ਹਨ ਅਤੇ ਇਸ ਸਬੰਧੀ 21 ਵਿਆਕਤੀਆਂ ਨੂੰ ਗਿ੍ਰਫਤਾਰ ਕੀਤਾ ਕੀਤਾ ਜਾ ਚੁੱਕਾ ਹੈ।ਪਹਿਲੀ ਮੌਤ 31 ਜੁਲਾਈ ਨੂੰ ਰਿਪੋਰਟ ਹੋਣ ਤੋਂ ਹੁਣ ਤੱਕ ਤਿੰਨ ਪ੍ਰਭਤਾਵਿਤ ਜ਼ਿਲਿਆਂ ਵਿਚ 887 ਛਾਪੇਮਾਰੀਆਂ ਕੀਥੀਆਂ ਗਈਆਂ ਹਨ (ਤਰਨ ਤਾਰਨ-303, ਅੰਮਿ੍ਰਤਸਰ ਦਿਹਾਤੀ-330 ਅਤੇ ਬਟਾਲਾ-254)।
ਜਦਕਿ ਹਰਜੀਤ ਨੂੰ ਅੰਮਿ੍ਰਤਸਰ ਦਿਹਾਤੀ ਪੁਲਿਸ ਨੇ ਕਾਬੂ ਕੀਤਾ ਸੀ, ਜਿਸ ‘ਤੇ ਇੱਕ ਐਫ.ਆਈ.ਆਰ ਦਰਜ ਕੀਤੀ ਗਈ ਹੈ।ਉਸ ਦਾ ਪੁੱਤਰ ਤਰਨ ਤਾਰਨ ਪੁਲਿਸ ਨੇ ਫੜਿਆ ਹੈ, ਜਿਸ ‘ਤੇ 84 ਮੌਤਾਂ ਨਾਲ ਸਬੰਧਤ 3 ਐਫ.ਆਈ ਦਰਜ ਕੀਤੀਆਂ ਗਈਆਂ ਹਨ।ਦੋ ਐਫ.ਆਈ ਆਰ 14 ਮੌਤਾਂ ਨਾਲ ਸਬੰਧਤ ਬਟਾਲਾ ਵਿਖੇ ਦਰਜ ਕੀਤੀਆਂ ਗਈਆਂ ਹਨ।ਤਾਲਮੇਲ ਰਹੀਂ ਕੀਤੀ ਗਈ ਛਾਪੇਮਾਰੀ ਨਾਲ ਇੰਨਾਂ ਦੋਵਾਂ ਦੀ ਗਿ੍ਰਫਤਾਰੀ ਅੱਜ ਸਵੇਰੇ ਕੀਤੀ ਗਈ।

ਪੰਜਾਬ ਪੁਲਿਸ ਦੇ ਮੁਖੀ ਸ੍ਰੀ ਗੁਪਤਾ ਨੇ ਦੱਸਿਆ ਕਿ ਨਾਜਾਇਜ਼ ਸ਼ਰਾਬ ਤਸਕਰਾਂ ਵਿਰੁੱਧ ਕਾਰਵਾਈ ਬਾਰੇ ਮੁੱਖ ਮੰਤਰੀ ਦੀਆਂ ਹਦਾਇਤਾਂ ਅਨੁਸਾਰ ਪਿਛਲੇ ਚੌਵੀ ਘੰਟਿਆਂ ਦੌਰਾਨ ਕੁੱਲ 116 ਕੇਸ ਦਰਜ ਕੀਤੇ ਗਏ ਹਨ ਅਤੇ 74 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਇਸੇ ਸਮੇਂ ਦੌਰਾਨ ਵੱਖ ਵੱਖ ਥਾਵਾਂ ਤੇ ਛਾਪੇਮਾਰੀ ਕਰਕੇ ਪੰਜਾਬ ਪੁਲਸ ਨੇ 1114 ਲੀਟਰ ਨਾਜਾਇਜ਼ ਸ਼ਰਾਬ, 642 ਲੀਟਰ ਦੇਸੀ ਦਾਰੂ ਅਤੇ 3921 ਕਿਲੋਗ੍ਰਾਮ ਲਾਹਣ ਬਰਾਮਦ ਕੀਤੀ ਹੈ ਜਦਕਿ ਦੇਸੀ ਸ਼ਰਾਬ ਕੱਢਦੇ ਹੋਏ ਪੰਜ ਚੱਲਦੀਆਂ ਭੱਠੀਆਂ ਫੜੀਆਂ ਹਨ।

============ਤਸਵੀਰਾਂ – ਪਟਿਆਲਾ ਪੁਲਿਸ ਵਲੋਂ ਛਾਪੇਮਾਰੀ ਦੌਰਾਨ ਵੱਖ ਵੱਖ ਥਾਵਾਂ ਤੋਂ ਕੀਤੀਆਂ ਬ੍ਰਾਮਦਗੀਆਂ