ਜਹਿਰੀਲੀ ਸ਼ਰਾਬ – ਪੰਜਾਬ ਦੇ ਕੈਬਨਿਟ ਮੰਤਰੀਆਂ ਵੱਲੋਂ ਬਾਜਵਾ ਤੇ ਦੂਲੋ ਨੂੰ ਕਾਂਗਰਸ ’ਚੋਂ ਤੁਰੰਤ ਬਾਹਰ ਕੱਢਣ ਦੀ ਮੰਗ – ਕਿਹਾ ਬਾਜਵਾ ਤੇ ਦੂਲੋ ਸਰਕਾਰ ਨੂੰ ਅਸਥਿਰ ਕਰਨ ਦੀ ਤਾਕ ਵਿੱਚ

ਨਿਊਜ਼ ਪੰਜਾਬ
ਚੰਡੀਗੜ, 6 ਅਗਸਤ – ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਪਾਰਟੀ ਦੇ ਸੰਸਦ ਮੈਂਬਰਾਂ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋਂ ਖਿਲਾਫ਼ ਸਖ਼ਤ ਕਰਵਾਈ ਕਰਨ ਦੀ ਕੀਤੀ ਮੰਗ ਤੋਂ ਦੋ ਦਿਨ ਬਾਅਦ ਪੰਜਾਬ ਦੇ ਸਮੁੱਚੀ ਕੈਬਨਿਟ ਨੇ ਇਨਾਂ ਦੋਵਾਂ ਨੇਤਾਵਾਂ ਦੀਆਂ ਪਾਰਟੀ ਤੇ ਸਰਕਾਰ ਵਿਰੋਧੀ ਗਤੀਵਿਧੀਆਂ ਨੂੰ ਘੋਰ ਅਨੁਸ਼ਾਸਨਹੀਣਤਾ ਦੱਸਦਿਆਂ ਪਾਰਟੀ ’ਚੋਂ ਬਾਹਰ ਦਾ ਰਸਤਾ ਵਿਖਾਉਣ ਦੀ ਮੰਗ ਕੀਤੀ ਹੈ।
ਨਕਲੀ ਸ਼ਰਾਬ ਦੇ ਦੁਖਾਂਤ ’ਤੇ ਸੂਬੇ ਵਿੱਚ ਆਪਣੀ ਪਾਰਟੀ ਦੀ ਸਰਕਾਰ ’ਤੇ ਹਮਲਾ ਬੋਲਣ ਲਈ ਬਾਜਵਾ ਤੇ ਦੂਲੋ ਨੂੰ ਬਰਖ਼ਾਸਤ ਕਰਨ ਦੀ ਮੰਗ ਕਰਦਿਆਂ ਕੈਬਨਿਟ ਮੰਤਰੀਆਂ ਨੇ ਕਿਹਾ ਕਿ ਦੋਵੇਂ ਰਾਜ ਸਭਾ ਮੈਂਬਰਾਂ ਦੀਆਂ ਕਾਰਵਾਈਆਂ ਲਈ ਪਾਰਟੀ ਹਾਈ ਕਮਾਨ ਨੂੰ ਤੁਰੰਤ ਤੇ ਸਖਤ ਕਦਮ ਚੁੱਕਣਾ ਚਾਹੀਦਾ ਹੈ।
ਮੰਤਰੀਆਂ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਬਿਨਾਂ ਕਿਸੇ ਢਿੱਲ ਅਤੇ ਦੇਰੀ ਕੀਤਿਆਂ ਦੋਵਾਂ ਮੰਤਰੀਆਂ ’ਤੇ ਤੁਰੰਤ ਕਾਰਵਾਈ ਨੂੰ ਅੰਜ਼ਾਮ ਦੇਣ ਲਈ ਕਾਰਵਾਈ ਦੀ ਮੰਗ ਕੀਤੀ। ਇਨਾਂ ਸੰਸਦ ਮੈਂਬਰਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸੂਬਾ ਸਰਕਾਰ ’ਤੇ ਵਾਰ-ਵਾਰ ਹਮਲੇ ਕਰਨ ਦਾ ਜ਼ਿਕਰ ਕਰਦਿਆਂ ਉਨਾਂ ਕਿਹਾ ਕਿ ਜਦੋਂ ਸੂਬੇ ਵਿੱਚ ਵਿਧਾਨ ਸਭਾ ਚੋਣਾਂ ਦਾ ਸਮਾਂ ਦੋ ਸਾਲ ਤੋਂ ਵੀ ਘੱਟ ਰਹਿੰਦਾ ਹੋਵੇ ਤਾਂ ਅਜਿਹੇ ਸਮੇਂ ਅਨੁਸ਼ਾਸਨਹੀਣਤਾ ਨੂੰ ਬਿਲਕੁਲ ਵੀ ਸਹਿਣ ਨਹੀਂ ਕੀਤਾ ਜਾ ਸਕਦਾ।
ਇਨਾਂ ਦੋਵਾਂ ਨੇਤਾਵਾਂ ਵੱਲੋਂ ਨਕਲੀ ਸ਼ਰਾਬ ਦੀ ਤਰਾਸਦੀ ’ਤੇ ਚਿੰਤਾਵਾਂ ਜ਼ਾਹਰ ਕਰਨ ਦੇ ਫੈਸਲੇ ’ਤੇ ਸਵਾਲ ਚੁੱਕਦਿਆਂ ਮੰਤਰੀਆਂ ਨੇ ਕਿਹਾ ਕਿ ਦੋਵੇਂ ਸੰਸਦ ਮੈਂਬਰਾਂ ਨੇ ਆਪਣੇ ਰਾਜ ਸਭਾ ਦੇ ਸਮੇਂ ਦੌਰਾਨ ਕਦੇ ਵੀ ਪੰਜਾਬ ਦੇ ਹਿੱਤਾਂ ਦਾ ਮਸਲਾ ਨਹੀਂ ਉਠਾਇਆ ਜਦਕਿ ਉਹ ਨੁਮਾਇੰਦਗੀ ਸੂਬੇ ਦੀ ਕਰਦੇ ਹਨ। ਮੰਤਰੀਆਂ ਨੇ ਕਿਹਾ, ‘‘ਦੋਵਾਂ ਨੇ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਆਰਡੀਨੈਂਸ ਖਿਲਾਫ ਸੰਸਦ ਵਿਚ ਆਵਾਜ਼ ਕਿਉਂ ਨਹੀਂ ਉਠਾਈ?’’ ਉਨਾਂ ਕਿਹਾ ਕਿ ਬੇਅਦਬੀ ਮਾਮਲਿਆਂ ਦੀ ਜਾਂਚ ਵਿੱਚ ਸੀ.ਬੀ.ਆਈ ਦੀ ਨਾਕਾਮੀ ’ਤੇ ਦੋਵਾਂ ਨੇ ਚੁੱਪ ਕਿਉਂ ਨਹੀਂ ਤੋੜੀ?
ਕੈਬਨਿਟ ਮੰਤਰੀਆਂ ਨੇ ਕਿਹਾ ਕਿ ਨਕਲੀ ਸ਼ਰਾਬ ਦੀ ਘਟਨਾ ਨਾਲ ਨਿਪਟਣ ਵਿੱਚ ਸਰਕਾਰ ਵਿਰੁੱਧ ਰੋਸ ਜ਼ਾਹਰ ਲਈ ਪਾਰਟੀ ਅਤੇ ਸਰਕਾਰ ਦੇ ਮੰਚ ਨੂੰ ਦਰਕਿਨਾਰ ਕਰਨ ਅਤੇ ਇਸ ਮਾਮਲੇ ਦੀ ਸੀ.ਬੀ.ਆਈ ਅਤੇ ਈ.ਡੀ ਪਾਸੋਂ ਜਾਂਚ ਕਰਵਾਉਣ ਲਈ ਰਾਜਪਾਲ ਤੱਕ ਪਹੁੰਚ ਕਰਕੇ ਦੋਵਾਂ ਸੰਸਦ ਮੈਂਬਰਾਂ ਨੇ ਨਾ ਸਿਰਫ ਜਮਹੂਰੀ ਸਾਸ਼ਨ ਦੀ ਬੁਨਿਆਦ ਨੂੰ ਸੱਟ ਮਾਰੀ ਹੈ ਸਗੋਂ ਪੁਲਿਸ ਫੋਰਸ ਦੇ ਵੱਕਾਰ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਜਦਕਿ ਸੂਬੇ ਦੀ ਪੁਲਿਸ ਕੋਵਿਡ ਦੀ ਮਹਾਂਮਾਰੀ ਦੇ ਦਬਾਅ ਦੇ ਬਾਵਜੂਦ ਸ਼ਰਾਬ ਮਾਫੀਏ ’ਤੇ ਸ਼ਿਕੰਜਾ ਕੱਸ ਰਹੀ ਹੈ।
ਮੰਤਰੀਆਂ ਨੇ ਕਿਹਾ ਕਿ ਇਹ ਜਮਹੂਰੀ ਪ੍ਰਣਾਲੀ ਤੇ ਸੰਸਥਾਵਾਂ ਦੇ ਕੰਮ ਕਰਨ ਦਾ ਢੰਗ ਨਹੀਂ ਹੈ। ਉਨਾਂ ਕਿਹਾ ਕਿ ਸੀ.ਬੀ.ਆਈ ਜਾਂਚ ਦੀ ਲੋੜ ਤਾਂ ਹੀ ਪੈਂਦੀ ਹੈ ਜੇਕਰ ਪੁਲਿਸ ਨਤੀਜੇ ਦੇਣ ਵਿਚ ਨਾਕਾਮ ਰਹਿ ਜਾਵੇ ਜਦਕਿ ਇਸ ਵੇਲੇ ਅਜਿਹਾ ਨਹੀਂ ਹੈ। ਉਨਾਂ ਕਿਹਾ ਕਿ ਬੇਅਦਬੀ ਮਾਮਲਿਆਂ ਦੀ ਜਾਂਚ ਵਿੱਚ ਸੀ.ਬੀ.ਆਈ. ਦੀ ਨਾਅਹਿਲੀਅਤ ਸਮੁੱਚੇ ਪੰਜਾਬ ਨੇ ਵੇਖੀ ਹੈ ਅਤੇ ਹੁਣ ਆਖਰ ਵਿੱਚ ਇਹ ਮਾਮਲਾ ਸੂਬੇ ਦੀ ਪੁਲੀਸ ਹੱਲ ਕਰਨ ਵਿੱਚ ਲੱਗੀ ਹੋਈ ਹੈ। ਮੰਤਰੀਆਂ ਨੇ ਕਿਹਾ ਕਿ ਇੱਥੋਂ ਤੱਕ ਕਿ ਮਿੱਥ ਕੇ ਕੀਤੇ ਕਤਲਾਂ ਨੂੰ ਵੀ ਸੀ.ਬੀ.ਆਈ. ਨੇ ਨਹੀਂ ਸਗੋਂ ਸੂਬੇ ਦੀ ਪੁਲੀਸ ਨੇ ਸੁਲਝਾਇਆ। ਉਨਾਂ ਨੇ ਨਕਲੀ ਸ਼ਰਾਬ ਕੇਸ ਵਿੱਚ ਹਰੇਕ ਦੋਸ਼ੀ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜਾ ਕਰਨ ਲਈ ਪੰਜਾਬ ਪੁਲੀਸ ਦੀ ਯੋਗਤਾ ਵਿੱਚ ਭਰੋਸਾ ਜ਼ਾਹਰ ਕੀਤਾ।
ਮੰਤਰੀਆਂ ਨੇ ਆਖਿਆ ਕਿ ਹੋਰ ਤਾਂ ਹੋਰ, ਸੀ.ਬੀ.ਆਈ. ਜਾਂਚ ਦੀ ਸਿਫਾਰਸ਼ ਕਰਨ ਜਾਂ ਨਾ ਕਰਨ ਦਾ ਫੈਸਲਾ ਵੀ ਸੂਬਾ ਸਰਕਾਰ ਨੇ ਲੈਣ ਨਾ ਕਿ ਇਨਾਂ ਦੋਵਾਂ ਸੰਸਦ ਮੈਂਬਰਾਂ ਨੇ, ਜੋ ਸੰਸਦ ਵਿੱਚ ਪੰਜਾਬ ਦੇ ਹਿੱਤਾਂ ਲਈ ਆਵਾਜ਼ ਉਠਾਉਣ ਦੇ ਵੀ ਯੋਗ ਨਹੀਂ ਹਨ। ਸੰਸਦ ਮੈਂਬਰ ਵਜੋਂ ਆਪਣੇ ਫਰਜ਼ ਨਿਭਾਉਣ ਦੀ ਬਜਾਏ ਬਾਜਵਾ ਤੇ ਦੂਲੋ ਆਪਣੀ ਸਰਕਾਰ ਨੂੰ ਅਸਥਿਰ ਕਰਨ ਦੀ ਤਾਕ ਵਿੱਚ ਹਨ ਜੋ ਜਾਂ ਤਾਂ ਸੱਤਾ ਦੀ ਲਾਲਸਾ ਦੀ ਭੁੱਖ ਮਿਟਾਉਣ ਲਈ ਅਜਿਹਾ ਕਰਦੇ ਹਨ ਜਾਂ ਫਿਰ ਉਨਾਂ ਲੋਕਾਂ ਦੀ ਸ਼ਹਿ ਨਾਲ ਅਜਿਹਾ ਕਰ ਰਹੇ ਹਨ ਜੋ ਪੰਜਾਬ ਵਿੱਚ ਕਾਂਗਰਸ ਸਰਕਾਰ ਨੂੰ ਅਸਥਿਰ ਕਰਨਾ ਚਾਹੁੰਦੇ ਹਨ। ਮੰਤਰੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਇਨਾਂ ਦੋਵਾਂ ਆਗੂਆਂ ਨੇ ਆਪਣੇ ਆਪ ਨੂੰ ਨਿਕੰਮਾ ਬਣਾ ਲਿਆ ਹੈ ਅਤੇ ਇਨਾਂ ਦੀ ਪਾਰਟੀ ਵਿੱਚ ਕੋਈ ਵੁੱਕਤ ਨਹੀਂ ਹੈ ਤੇ ਇਨਾਂ ਨੂੰ ਬਿਨਾਂ ਕਿਸੇ ਦੇਰੀ ਦੇ ਪਾਰਟੀ ਵਿੱਚੋਂ ਕੱਢ ਦੇਣਾ ਚਾਹੀਦਾ ਹੈ।
ਉਨਾਂ ਕਿਹਾ ਕਿ ਇਸ ਤੋਂ ਵੀ ਮੰਦਭਾਗੀ ਤੇ ਅਸਵੀਕਾਰਨਯੋਗ ਗੱਲ ਹੈ ਕਿ ਆਪਣੇ ਵਤੀਰੇ ਪ੍ਰਤੀ ਦੂਰ-ਦੂਰ ਤੱਕ ਵੀ ਇਹ ਦੋਵੇਂ ਆਗੂ ਸ਼ਰਮਿੰਦਾ ਨਹੀਂ ਹਨ ਅਤੇ ਇਨਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਖਿਲਾਫ ਨਿੱਜੀ ਸ਼ਬਦੀ ਹਮਲੇ ਸ਼ੁਰੂ ਕਰ ਦਿੱਤੇ ਹਨ। ਉਨਾਂ ਕਿਹਾ ਕਿ ਕੋਈ ਵੀ ਸੰਸਦ ਮੈਂਬਰ ਕਿਵੇਂ ਆਪਣੀ ਹੀ ਪਾਰਟੀ ਦੇ ਸੂਬਾ ਪ੍ਰਧਾਨ ਖਿਲਾਫ਼ ਅਜਿਹੀ ਭੱਦੀ ਸ਼ਬਦਾਵਲੀ ਵਰਤ ਸਕਦਾ ਹੈ। ਨਾਲ ਹੀ ਉਨਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਮਜ਼ਬੂਤ ਲੀਡਰਸ਼ਿਪ ਮੌਜੂਦ ਹੈ ਅਤੇ ਸੂਬੇ ਵਿੱਚ ਪਾਰਟੀ ਦੇ ਵੱਕਾਰ ਨੂੰ ਸੱਟ ਮਾਰਨ ਵਾਲੇ ਅਜਿਹੇ ਦੋ ਅਨੁਸ਼ਾਸਨਹੀਣ ਮੈਂਬਰਾਂ ਦੀ ਕੋਈ ਵੀ ਲੋੜ ਨਹੀਂ ਹੈ।