ਧਾਂਦਰਾ ਕਲੱਸਟਰ – ਬਸੰਤ ਐਵੇਨਿਊ -ਜਨਤਾ ਇਨਕਲੇਵ ਸਮੇਤ 21 ਇਲਾਕਿਆਂ ਦਾ ਕੇਂਦਰੀ ਸਕੀਮ ‘ਚ 100 ਕਰੋੜ ਨਾਲ ਹੋਵੇਗਾ ਵਿਕਾਸ
ਧਾਂਦਰਾ ਕਲੱਸਟਰ ਵਿੱਚ ਮਹਿਮੂਦਪੁਰਾ, ਧਾਂਦਰਾ, ਜਨਤਾ ਕਲੋਨੀ ਗਿੱਲ, ਗੁਰੂ ਨਾਨਕ ਨਗਰ, ਹਿੰਮਤ ਸਿੰਘ ਨਗਰ, ਭਗਤ ਸਿੰਘ ਨਗਰ, ਸ਼ਹੀਦ ਬਾਬਾ ਦੀਪ ਸਿੰਘ ਨਗਰ, ਬਾਬਾ ਦੀਪ ਸਿੰਘ ਨਗਰ, ਬੇਰੀ ਕਲੋਨੀ ਚੌਹਾਨ ਨਗਰ, ਗੁਰੂ ਨਾਨਕ ਨਗਰ (ਦੁੱਗਰੀ), ਪ੍ਰੀਤ ਵਿਹਾਰ, ਸ਼ਹੀਦ ਭਗਤ ਸਿੰਘ ਨਗਰ, ਸਤਜੋਤ ਨਗਰ, ਬਸੰਤ ਐਵੇਨਿਊ , ਜਨਤਾ ਇਨਕਲੇਵ, ਰੂਪਨ ਨਗਰ, ਤੇਰਾ ਨਗਰ, ਮਾਣਕਵਾਲ, ਜਸਦੇਵ ਸਿੰਘ ਨਗਰ, ਨਿਊ ਗੁਰੂ ਤੇਗ ਬਹਾਦਰ ਨਗਰ ਅਤੇ ਦੇਵ ਨਗਰ ਸ਼ਾਮਿਲ ਕੀਤੇ ਗਏ ਹਨ।
ਨਿਊਜ਼ ਪੰਜਾਬ
ਲੁਧਿਆਣਾ, 06 ਅਗਸਤ – ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੰਦੀਪ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਭਾਰਤ ਸਰਕਾਰ ਦੇ ਸਹਿਯੋਗ ਨਾਲ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਸਿਆਮਾ ਪ੍ਰਸ਼ਾਦ ਮੁਖਰਜੀ ਰੂਅਰਬਨ ਮਿਸ਼ਨ ਚਲਾਇਆ ਗਿਆ ਹੈ, ਜਿਸ ਵਿਚ ਇਕ ਕਲੱਸਟਰ ਦੀ ਚੋਣ ਕੀਤੀ ਗਈ ਹੈ, ਜੋ ਕਿ ਪਿੰਡ ਧਾਂਦਰਾ ਦੇ ਨਾਮ ਤੇ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਧਾਂਦਰਾ ਕਲੱਸਟਰ ਵਿਚ 21 ਪੰਚਾਇਤਾਂ ਸ਼ਾਮਿਲ ਹਨ, ਜਿੰਨਾ ਦੇ ਸਮੁੱਚੇ ਵਿਕਾਸ ਲਈ ਹਰ ਤਰ੍ਹਾਂ ਦੇ ਵਿਕਾਸ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਇੰਨ੍ਹਾਂ ਵਿਕਾਸ ਕਾਰਜ਼ਾਂ ‘ਚ ਸੀਵਰੇਜ, ਸੜਕਾਂ, ਸੋਲਰ ਲਾਈਟਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਜੋ ਕਾਰਜ ਫੰਡਾਂ ਦੀ ਘਾਟ ਕਾਰਨ ਅਧੂਰੇ ਰਹਿ ਗਏ ਹਨ, ਉਨ੍ਹਾਂ ਨੂੰ ਇਸ ਮਿਸ਼ਨ ਰਾਹੀਂ ਪ੍ਰਾਪਤ ਫੰਡਾਂ ਰਾਹੀਂ ਨੇਪਰੇ ਚਾੜ੍ਹਿਆ ਜਾ ਰਿਹਾ ਹੈ। ਇਸ ਪ੍ਰੋਜੈਕਟ ਦੇ ਮਾਧਿਅਮ ਰਾਹੀਂ 100 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਧਾਂਦਰਾ ਕਲੱਸਟਰ ਵਿੱਚ ਮਹਿਮੂਦਪੁਰਾ, ਧਾਂਦਰਾ, ਜਨਤਾ ਕਲੋਨੀ ਗਿੱਲ, ਗੁਰੂ ਨਾਨਕ ਨਗਰ, ਹਿੰਮਤ ਸਿੰਘ ਨਗਰ, ਭਗਤ ਸਿੰਘ ਨਗਰ, ਸ਼ਹੀਦ ਬਾਬਾ ਦੀਪ ਸਿੰਘ ਨਗਰ, ਬਾਬਾ ਦੀਪ ਸਿੰਘ ਨਗਰ, ਬੇਰੀ ਕਲੋਨੀ ਚੌਹਾਨ ਨਗਰ, ਗੁਰੂ ਨਾਨਕ ਨਗਰ (ਦੁੱਗਰੀ), ਪ੍ਰੀਤ ਵਿਹਾਰ, ਸ਼ਹੀਦ ਭਗਤ ਸਿੰਘ ਨਗਰ, ਸਤਜੋਤ ਨਗਰ, ਬਸੰਤ ਐਵੇਨਿੳੂ, ਜਨਤਾ ਇਨਕਲੇਵ, ਰੂਪਨ ਨਗਰ, ਤੇਰਾ ਨਗਰ, ਮਾਣਕਵਾਲ, ਜਸਦੇਵ ਸਿੰਘ ਨਗਰ, ਨਿਊ ਗੁਰੂ ਤੇਗ ਬਹਾਦਰ ਨਗਰ ਅਤੇ ਦੇਵ ਨਗਰ ਸ਼ਾਮਿਲ ਕੀਤੇ ਗਏ ਹਨ।
ਉਨ੍ਹਾਂ ਕਿਹਾ ਇਸ ਪ੍ਰੋਜੈਕਟ ਦੀ ਭਾਰਤ ਸਰਕਾਰ ਵੱਲੋਂ ਪੂਰੇ ਭਾਰਤ ਵਿਚ ਸਾਲ 2016 ਵਿਚ ਸ਼ੁਰੂਆਤ ਕੀਤੀ ਗਈ। ਜਿਸ ਦਾ ਕੰਮ ਹੁਣ ਪੰਜਾਬ ਵਿੱਚ ਸ਼ੁਰੂ ਹੋ ਗਿਆ ਹੈ ਅਤੇ ਪੰਜਾਬ ਦੇ ਪੰਜ ਜ਼ਿਲੇ ਇਸ ਪ੍ਰੋਜੈਕਟ ਵਿਚ ਕਵਰ ਕੀਤੇ ਜਾ ਚੁੱਕੇ ਹਨ, ਜਿੰਨਾ ਵਿੱਚ ਜ਼ਿਲ੍ਹਾ ਲੁਧਿਆਣਾ ਪਹਿਲਾ ਜ਼ਿਲ੍ਹਾ ਹੈ ਜਿਸ ਨੇ ਦੂਜੇ ਪੜਾਅ ਵਿੱਚ ਭਾਰਤ ਸਰਕਾਰ ਵਲੋਂ ਪ੍ਰਾਪਤ ਪਹਿਲੀ ਕਿਸ਼ਤ ਵਿਚੋਂ ਸਭ ਤੋਂ ਵਧ ਖ਼ਰਚ ਕਰਕੇ ਪੰਜਾਬ ਵਿਚ ਪਹਿਲਾਂ ਦਰਜਾ ਵੀ ਪ੍ਰਾਪਤ ਕੀਤਾ ਹੈ। ਹੁਣ ਤੱਕ ਕਲੱਸਟਰ ਪੱਧਰੀ ਦੇ ਕੰਮਾਂ ‘ਤੇ ਲਗਭਗ 7 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ, ਜਿਸ ਨਾਲ 21 ਪਿੰਡਾਂ ਵਿਚ ਸੋਲਰ ਲਾਈਟਾਂ ਲਗਾਈਆਂ ਜਾ ਚੁੱਕੀਆਂ ਹਨ ਅਤੇ ਇਸ ਤੋਂ ਇਲਾਵਾ, ਰੂਰਲ ਹੱਟਸ, ਨਾਡੇਪ, ਸ਼ਮਸ਼ਾਨ ਘਾਟ, ਬੱਸ ਸਟਾਪ, ਲਾਇਬ੍ਰੇਰੀ, ਆਂਗਨਵਾੜੀ, ਚਿਲਡਰਨਜ ਪਾਰਕ, ਪ੍ਰਾਇਮਰੀ ਸਮਾਰਟ ਸਕੂਲ, ਤੋਂ ਇਲਾਵਾ 8 ਪਿੰਡਾਂ ਵਿਚ ਸੀਵਰੇਜ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ।
ਜ਼ਿਲ੍ਹਾ ਮੈਨੇਜਰ ਐਮ.ਐਸ. ਕੰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਇਲਾਵਾ ਚੱਲ ਰਹੇ ਪ੍ਰੋਜੈਕਟਾਂ ਵਿਚ ਲੇਕ, ਬਹੁਮੰਤਵੀ ਵਪਾਰਕ ਸੈਂਟਰ, ਐਗਰੋ ਪ੍ਰੋਸੈਸਿੰਗ ਯੂਨਿਟ, ਕਲੱਸਟਰ ਲੈਵਲ ਕਮਰਸੀਅਲ ਸਪੇਸ ਸੈਂਟਰ, ਕਲੱਸਟਰ ਲੈਵਲ ਸਪੋਰਟਸ ਸਟੇਡੀਅਮ, ਸਕਿੱਲ ਡਿਵੈਲਪਮੈਂਟ ਸੈਂਟਰ, ਪਸ਼ੂ ਹਸਪਤਾਲ, ਸਿਵਲ ਡਿਸਪੈਂਸਰੀ, ਸਮਾਰਟ ਸੈਕੰਡਰੀ ਸਕੂਲ, ਆਂਗਣਵਾੜੀ ਸਮਾਰਟ ਪਲੇ ਵੇਅ ਸਕੂਲ, ਸੀਵਰੇਜ ਅਤੇ ਗਲੀਆਂ ਬਣਾਉਣ ਦੇ ਕੰਮ ਪ੍ਰਗਤੀ ਅਧੀਨ ਹੈ। ਉਨ੍ਹਾਂ ਕਿਹਾ ਕਿ 90 ਲੱਖ ਰੁਪਏ ਦੇ ਕਰੀਬ ਲਾਗਤ ਨਾਲ ਇੱਕ ਬਹੁਮੰਤਵੀ ਸਪੋਰਟਸ ਕੰਪਲੈਕਸ ਦੀ ਵੀ ਉਸਾਰੀ ਚੱਲ ਰਹੀ ਹੈ।