ਕਲ ਤੋਂ ਪੰਜਾਬ ਵਿੱਚ ਖੁੱਲਣਗੇ ਜਿੰਮ ਤੇ ਯੋਗ ਕੇਂਦਰ ਕਿਹੜੀਆਂ ਕਿਹੜੀਆਂ ਸ਼ਰਤਾਂ ਹੋਈਆਂ ਲਾਗੂ – ਪੜ੍ਹੋ ਹੋਰ ਕਿਹੜੀਆਂ ਸੰਸਥਾਵਾਂ ਰਹਿਣਗੀਆਂ ਬੰਦ
ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕੀਤੀ ਜਾੇਵਗੀ ਸਖਤ ਕਾਰਵਾਈ
ਨਿਊਜ਼ ਪੰਜਾਬ
ਤਰਨ ਤਾਰਨ, 04 ਅਗਸਤ : ਪੰਜਾਬ ਸਰਕਾਰ ਵਲੋਂ 5 ਅਗਸਤ ਤੋਂ ਜਿੰਮ ਅਤੇ ਯੋਗ ਸੰਸਥਾਨ ਖੋਲਣ ਦੇ ਫੈਸਲੇ ਪਿੱਛੋਂ ਡਿਪਟੀ ਕਮਿਸ਼ਨਰ ਤਰਨ ਤਾਰਨ-ਕਮ-ਜਿਲਾ ਮੈਜਿਸਟ੍ਰੇਟ ਸ੍ਰੀ ਕੁਲਵੰਤ ਸਿੰਘ ਵਲੋਂ ਵਿਸਥਾਰਤ ਹਦਾਇਤਾਂ ਜਾਰੀ ਕਰਕੇ ਯੋਗ ਕੇਂਦਰ ਤੇ ਜਿੰਮ ਖੋਲਣ ਦੀ ਛੋਟ ਦਿੱਤੀ ਗਈ ਹੈ।
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਅਨਲੌਕ-3 ਤਹਿਤ ਜਾਰੀ ਹਦਾਇਤਾਂ ਅਨੁਸਾਰ ਜਿੰਮ ਤੇ ਯੋਗ ਕੇਂਦਰ ਮਾਲਕ ਆਪਣੇ ਅਦਾਰੇ 5 ਅਗਸਤ ਤੋਂ ਖੋਲ੍ਹ ਸਕਣਗੇ, ਪਰ ਉਨਾਂ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਜਿੰਮ ਦੇ ਸਟਾਫ ਮੈਂਬਰਾਂ ਅਤੇ ਕਸਰਤ ਕਰਨ ਲਈ ਆਉਣ ਵਾਲਿਆਂ ਵਿਚ 6 ਫੁੱਟ ਦੀ ਦੂਰੀ ਨੂੰ ਬਣੀ ਰਹੇ। ਕੰਟੇਨਮੈਂਟ ਜ਼ੋਨ ਵਿਚ ਪੈਂਦੇ ਸਾਰੇ ਯੋਗ ਕੇਂਦਰ ਤੇ ਜਿੰਮ ਪੂਰੀ ਤਰਾਂ ਬੰਦ ਰਹਿਣਗੇ। ਇਸ ਤੋਂ ਇਲਾਵਾ 65 ਸਾਲ ਤੋਂ ਉੱਪਰ ਦੇ ਵਿਅਕਤੀ, 10 ਸਾਲ ਤੋਂ ਘੱਟ ਉਮਰ ਦੇ ਬੱਚੇ, ਗਰਭਵਤੀ ਮਹਿਲਾਵਾਂ, ਕਿਸੇ ਗੰਭੀਰ ਬਿਮਾਰੀ ਨਾਲ ਪੀੜਤਾਂ ਨੂੰ ਯੋਗ ਕੇਂਦਰ ਤੇ ਜਿਮ ਵਿਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।
ਉਨਾਂ ਸਪੱਸ਼ਟ ਕੀਤਾ ਕਿ ਜਿੰਮ ਵਿੱਚ ਵੀ ਮਾਸਕ ਪਾ ਕੇ ਰੱਖਣਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ ਜਿੰਮ ਮਾਲਕਾਂ ਨੂੰ ਆਪਣੇ ਜਿੰਮ ਦੀ ਜਗ੍ਹਾ ਅਨੁਸਾਰ ਹੀ ਕਸਰਤ ਕਰਨ ਵਾਲਿਆਂ ਨੂੰ ਅੰਦਰ ਜਾਣ ਦੀ ਇਜ਼ਾਜ਼ਤ ਦੇਣੀ ਹੋਵੇਗੀ। ਜੇਕਰ ਜਿੰਮ ਦਾ ਖੇਤਰ 1000 ਸੁਕੇਅਰ ਫੁੱਟ ਹੈ ਤਾਂ ਉਸ ਵਿਚ ਇਕ ਸਮੇਂ 25 ਤੋਂ ਵੱਧ ਵਿਅਕਤੀਆਂ ਨੂੰ ਜਾਣ ਦੀ ਆਗਿਆ ਨਹੀਂ ਹੋਵੇਗੀ। ਏਅਰ ਕੰਨਡੀਸ਼ਨਿੰਗ ਸਬੰਧੀ ਹਦਾਇਤਾਂ ਅਨੁਸਾਰ ਰੂਮ ਟੈਂਮਪੇਚਰ 24 ਤੋਂ 30 ਡਿਗਰੀ ਦਰਮਿਆਨ ਰੱਖਿਆ ਜਾ ਸਕਦਾ ਹੈ।ਇਸ ਤੋਂ ਇਲਾਵਾ ਹਵਾ ਦੀ ਕਰਾਸਿੰਗ ਨੂੰ ਵੀ ਯਕੀਨੀ ਬਣਾਉਣਾ ਹੋਵੇਗਾ।
ਜ਼ਿਲ੍ਹਾ ਮੈਜਿਸਟਰੇਟ ਨੇ ਇਹ ਵੀ ਕਿਹਾ ਕਿ ਸਪਾ ਸੈਂਟਰ, ਸਟਰੀਮ ਬਾਥ, ਸਵੀਮਿੰਗ ਪੂਲ ਬਿਲਕੁਲ ਬੰਦ ਰਹਿਣਗੇ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਮਕਸਦ ਨਾਲ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਦੀਆਂ ਸਾਂਝੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨਾਂ ਨਾਲ ਹੀ ਕਿਹਾ ਕਿ ਜੇਕਰ ਕੋਈ ਜਿੰਮ ਤੇ ਯੋਗ ਕੇਂਦਰ ਮਾਲਕ ਹਦਾਇਤਾਂ ਦੀ ਉਲੰਘਣਾ ਕਰੇਗਾ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਇਹ ਹੁਕਮ 31 ਅਗਸਤ, 2020 ਤੱਕ ਲਾਗੂ ਰਹਿਣਗੇ।