ਹਿੰਮਤ ਲੜਕੀਆਂ ਦੀ 17 ਲੱਖ ਮਾਸਕ ਤਿਆਰ ਕਰਕੇ ਲੋੜਵੰਦਾਂ ਨੂੰ ਮੁਫ਼ਤ ਵੰਡੇ

ਤਕਨੀਕੀ ਸਿੱਖਿਆ ਮੰਤਰੀ ਚੰਨੀ ਨੇ ਵਿਦਿਆਰਥੀਆਂ ਅਤੇ ਸਟਾਫ ਦੀ ਕੀਤੀ ਸ਼ਲਾਘਾ; 148 ਲੜਕੀਆਂ ਅਤੇ 13 ਆਈ.ਟੀ.ਆਈਜ਼ ਨੂੰ ਦਿੱਤੇ ਪ੍ਰਸ਼ੰਸਾ ਪੱਤਰ

ਨਿਊਜ਼ ਪੰਜਾਬ

ਚੰਡੀਗੜ, 4 ਅਗਸਤ: ਪੰਜਾਬ ਦੀਆਂ ਉਦਯੋਗਿਕ ਸਿਖਲਾਈ ਸੰਸਥਾਵਾਂ (ਆਈ.ਟੀ.ਆਈ) ਦੇ ਵਿਦਿਆਰਥੀਆਂ ਨੇ ਰਾਜ ਵਿਚ ਮਿਸ਼ਨ ਫਤਿਹ ਤਹਿਤ ਕੋਵਿਡ -19 ਵਿਰੁੱਧ ਲੜਾਈ ਵਿਚ 17 ਲੱਖ ਮਾਸਕ ਬਣਾ ਕੇ ਸ਼ਾਨਦਾਰ ਯੋਗਦਾਨ ਪਾਇਆ ਹੈ। ਇਸ ਕਾਰਜ਼ ਵਿਚ ਦੇਸ਼ ਵਿਚ ਪਹਿਲੇ ਸਥਾਨ ‘ਤੇ ਹਨ ਕਿਉਂਕਿ ਦੇਸ਼ ਦੇ ਕਿਸੇ ਵੀ ਰਾਜ ਦੀ ਕੋਈ ਹੋਰ ਤਕਨੀਕੀ ਸਿੱਖਿਆ ਸੰਸਥਾ ਮਾਸਕ ਬਣਾਉਣ ਵਿਚ ਇਸ ਗਿਣਤੀ ਦੇ ਨੇੜੇ ਵੀ ਨਹੀਂ ਪਹੁੰਚ ਸਕੀ। ਪੰਜਾਬ ਤਕਨੀਕੀ ਸਿੱਖਿਆ ਵਿਭਾਗ ਨੇ ਅੱਜ ਕੋਵਿਡ -19 ਵਿਰੁੱਧ ਲੜਾਈ ਵਿਚ ਇਸ ਮਹਾਨ ਕਾਰਜ ਲਈ ਵਿਦਿਆਰਥੀਆਂ ਅਤੇ ਸਟਾਫ ਦੇ ਯਤਨਾਂ ਲਈ ਹੱਲਾਸ਼ੇਰੀ ਦੇਣ ਲਈ ਇਕ ਵੈਬਿਨਾਰ ਦਾ ਆਯੋਜਨ ਕੀਤਾ। ਆਈ.ਟੀ.ਆਈਆਂ ਦੀਆਂ ਲੜਕੀਆਂ ਵਲੋਂ ਤਿਆਰ ਕੀਤਟ ਮਾਸਕਾਂ ਲੀ ਵੱਖ-ਵੱਖ ਸਮਾਜਿਕ ਸੰਗਠਨਾਂ ਨੇ ਸਮੱਗਰੀ ਦਾ ਮੁਫਤ ਪ੍ਰਬੰਧ ਕੀਤਾ ਅਤੇ ਵਿਦਿਆਰਥੀਆਂ ਦੁਆਰਾ ਬਣਾਏ ਗਏ ਮਾਸਕ ਨੂੰ ਲੋੜਵੰਦ ਗਰੀਬ ਲੋਕਾਂ, ਮਜ਼ਦੂਰਾਂ, ਐਨ.ਜੀ.ਓਜ਼, ਸਮਾਜਿਕ ਸੰਗਠਨਾਂ, ਸਿਵਲ ਅਤੇ ਪੁਲਿਸ ਪ੍ਰਸ਼ਾਸਨ ਅਤੇ ਫਰੰਟਲਾਈਨ ਕੋਰੋਨਾ ਵਰਕਰਾਂ ਨਰਸਾਂ ਅਤੇ ਹਸਪਤਾਲ ਦੇ ਹੋਰ ਸਟਾਫ ਨੂੰ ਮੁਫਤ ਵੰਡੇ ਗਏ ।
ਤਕਨੀਕੀ ਸਿੱਖਿਆ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨੇ ਵੈਬਿਨਾਰ ਰਾਹੀਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੀਆਂ ਆਈ.ਟੀ.ਆਈ. ਵਿਦਿਆਰਥਣਾਂ ਨੇ ਕੋਰੋਨਾ ਮਹਾਂਮਾਰੀ ਦੇ ਇਸ ਸੰਕਟ ਦੇ ਸਮੇਂ ਦੌਰਾਨ ਉਦਾਹਰਣ ਬਣਕੇ ਪੂਰੇ ਦੇਸ਼ ਵਿੱਚ ਪੰਜਾਬ ਦਾ ਮਾਣ ਵਧਾਇਆ ਹੈ। ਉਨਾਂ ਕਿਹਾ ਕਿ ਸਾਡੇ ਵਿਦਿਆਰਥੀਆਂ ਨੇ ਇਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਹੈ ਕਿ ਜਦੋਂ ਕਿਸੇ ਵੀ ਸੰਕਟ ਦੀ ਘੜੀ  ਵਿਚ ਦੇਸ਼ ਦੀ ਸੇਵਾ ਕਰਨ ਦੀ ਗੱਲ ਆਉਂਦੀ ਹੈ ਤਾਂ ਪੰਜਾਬੀ ਸਭ ਤੋਂ ਮੋਹਰੀ ਹੁੰਦੇ ਹਨ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਕਨੀਕੀ ਸਿੱਖਿਆ ਵਿਭਾਗ ਅਤੇ ਵਿਦਿਆਰਥੀਆਂ ਨੂੰ ਵੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ।
ਸ੍ਰੀ ਚੰਨੀ ਨੇ ਨਾਲ ਹੀ ਕਿਹਾ ਕਿ ਅਜੋਕੇ ਉਦਯੋਗਿਕ ਯੁੱਗ ਵਿੱਚ ਸਿਰਫ ਡਿਗਰੀ ਹੀ ਕਾਫੀ ਨਹੀਂ ਸਗੋਂ ਨੌਜਵਾਨਾਂ ਨੂੰ ਰੁਜ਼ਗਾਰ ਯੋਗ ਬਣਾਉਣ ਲਈ ਹੁਨਰ ਵੀ ਉਨਾ ਹੀ ਮਹੱਤਵਪੂਰਨ ਹੈ। ਇਸ ਲਈ ਪੰਜਾਬ ਸਰਕਾਰ ਨੇ ਤਕਨੀਕੀ ਸਿੱਖਿਆ ਸੰਸਥਾਵਾਂ ਵਿੱਚ ਆਧੁਨਿਕ ਉਦਯੋਗਾਂ ਦੀਆਂ ਲੋੜਾਂ ਮੁਤਾਬਕ ਹੁਨਰ ਅਧਾਰਤ ਨਵਾਂ ਸਿਲੇਬਸ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਉਨਾਂ ਅੱਗੇ ਕਿਹਾ ਕਿ ਰਾਜ ਦੀਆਂ ਆਈ.ਟੀ.ਆਈਜ਼ ਨੂੰ ਉਦਯੋਗ ਨਾਲ ਤਾਲਮੇਲ ਕਰਕੇ ਪੜਾਅਵਾਰ ਰੂਪ ਵਿੱਚ ਆਧੁਨਿਕ ਬਣਾਇਆ ਜਾਵੇਗਾ ਤਾਂ ਜੋ ਵਿਦਿਆਰਥੀ ਆਸਾਨੀ ਨਾਲ ਰੁਜ਼ਗਾਰ ਪ੍ਰਾਪਤ ਕਰ ਸਕਣ।
ਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਸਕ ਬਣਾਉਣ ਵਿਚ ਵਧੀਆ ਕਾਰਗੁਜਾਰੀ ਦਿਖਾਉਣ ਵਾਲੀਆਂ 148 ਆਈਟੀਆਈ ਵਿਦਿਆਰਥਣਾਂ ਦਾ ਸਨਮਾਨ ਕੀਤਾ ਗਿਆ ਹੈ, ਜਿਨਾਂ ਨੇ 1500 ਮਾਸਕ (ਪ੍ਰਤੀ ਵਿਦਿਆਰਥੀ) ਬਣਾਏ ਹਨ ਅਤੇ 13 ਆਈ.ਟੀ.ਆਈ ਪਿ੍ਰੰਸੀਪਲਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ, ਜਿਨਾਂ ਨੇ ਪ੍ਰਤੀ ਸੰਸਥਾ 25000 ਮਾਸਕ ਤਿਆਰ ਕਰਵਾਏ ਹਨ। ਉਨਾਂ ਦੱਸਿਆ ਕਿ ਸਰਬੋਤਮ ਪ੍ਰਦਰਸ਼ਨ ਕਰਨ ਵਾਲੇ ਪਿ੍ਰੰਸੀਪਲਾਂ ਅਤੇ ਆਈਟੀਆਈਜ਼ ਦੇ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਭੇਜੇ ਗਏ ਹਨ। ਉਨਾਂ ਇਹ ਵੀ ਕਿਹਾ ਕਿ ਵਿਭਾਗ ਵੱਲੋਂ ਅਜਿਹੇ ਨੇਕ ਕੰਮ ਉਦੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਅਸੀਂ ਕੋਵਿਡ -19 ਵਿਰੁੱਧ ਲੜਾਈ ਨਹੀਂ ਜਿੱਤ ਲੈਂਦੇ।
ਤਕਨੀਕੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਸ੍ਰੀ ਕੁਮਾਰ ਸੌਰਭ ਰਾਜ ਨੇ ਵੈਬਿਨਾਰ ਨੂੰ ਸ ੰਬੋਧਨ ਕਰਦਿਆਂ ਕਿਹਾ ਕਿ ਤਕਨੀਕੀ ਸਿੱਖਿਆ ਵਿਭਾਗ ਸਾਡੇ ਵਿਦਿਆਰਥੀਆਂ ਨੂੰ ਐਨ- 95 ਦੇ ਮਾਸਕ ਬਣਾਉਣ ਲਈ ਸਿਖਲਾਈ ਦੇਣ ਦੇ ਤਰੀਕਿਆਂ ਅਤੇ ਇਨਾਂ ਮਾਸਕਾਂ ਲਈ ਸਮੱਗਰੀ ਦਾ ਪ੍ਰਬੰਧ ਕਰਨ ’ਤੇ ਕੰਮ ਕਰ ਰਿਹਾ ਹੈ। ਉਨਾਂ ਅੱਗੇ ਕਿਹਾ ਕਿ ਜੇਕਰ ਇਹ ਕੰਮ ਨੇਪਰੇ ਛੜ ਜਾਂਦਾ ਹੈ ਤਾਂ ਇਸ ਨਾਲ ਐਨ -95 ਮਾਸਕ ਬਹੁਤ ਘੱਟ ਕੀਮਤ ’ਤੇ ਲੋਕਾਂ ਨੂੰ ਉਪਲੱਬਧ ਕਰਵਾਏ ਜਾ ਸਕਣਗੇ।
ਸ੍ਰੀਮਤੀ ਦਲਜੀਤ ਕੌਰ ਵਧੀਕ ਡਾਇਰੈਕਟਰ( ਟੈਕਨੀਕਲ ਐਜੂਕੇਸ਼ਨ) ਨੇ ਵੈਬਿਨਾਰ ਦਾ ਸੰਚਾਲਨ ਕਰਦਿਆਂ ਸਾਰੇ ਪ੍ਰਤੀਭਾਗੀਆਂ ਨੂੰ ਜੀ ਆਇਆਂ ਕਿਹਾ।
———