ਮਿਸ਼ਨ ਫ਼ਤਿਹ ਨੂੰ ਸਫਲ ਬਣਾਉਣ ਲਈ ਬਹੁਤਕਨੀਕੀ ਕਾਲਜ ਦੇ ਸਟਾਫ਼ ਨੇ ਦਿੱਤੀ ਪਿੰਡ ਪਿੰਡ ਦਸਤਕ
ਨਿਊਜ਼ ਪੰਜਾਬ
-ਸਟਾਫ਼ ਨੇ ਘਰ ਘਰ ਜਾਕੇ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਸਾਵਧਾਨੀਆਂ ਰੱਖਣ ਲਈ ਕੀਤਾ ਪ੍ਰੇਰਿਤ : ਪ੍ਰਿੰਸੀਪਲ
-ਲੋੜਵੰਦਾਂ ਨੂੰ ਮਾਸਕ ਵੰਡਕੇ ਕੋਰੋਨਾ ਤੋਂ ਬਚਾਅ ਲਈ ਕੀਤਾ ਜਾਗਰੂਕ
ਪਟਿਆਲਾ, 1 ਅਗਸਤ:
ਸਥਾਨਕ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਦੇ ਸਟਾਫ਼ ਵੱਲੋਂ ਅੱਜ 10 ਟੀਮਾਂ ਦਾ ਗਠਨ ਕਰਕੇ ਪਟਿਆਲਾ ਜ਼ਿਲ੍ਹੇ ਦੇ 30 ਪਿੰਡਾਂ ‘ਚ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਫ਼ਤਿਹ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆ ਕਾਲਜ ਦੇ ਪ੍ਰਿੰਸੀਪਲ
ਰਵਿੰਦਰ ਸਿੰਘ ਹੁੰਦਲ ਨੇ ਦੱਸਿਆ ਕਿ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਸਬੰਧੀ ਜਾਗਰੂਕ ਕਰਨ ਲਈ ਟੀਮਾਂ ਦਾ ਗਠਨ ਕੀਤਾ ਗਿਆ, ਜਿਨ੍ਹਾਂ ਵੱਲੋਂ ਘਰ ਘਰ ਜਾਕੇ ਲੋਕਾਂ ਨੂੰ ਮਾਸਕ ਪਾਉਣ, ਸਾਬਣ ਨਾਲ ਹੱਥ ਧੋਣ ਅਤੇ ਸਮਾਜਿਕ ਦੂਰੀ ਰੱਖਣ ਸਬੰਧੀ ਜਾਣਕਾਰੀ ਦਿੱਤੀ ਗਈ।
ਕਾਲਜ ਦੇ ਮਿਸ਼ਨ ਫ਼ਤਿਹ ਮੁਹਿੰਮ ਦੇ ਨੋਡਲ ਅਫਸਰ ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਅੱਜ ਰਾਜਪੁਰਾ, ਘਨੌਰ, ਭਾਦਸੋਂ, ਸਮਾਣਾ ਅਤੇ ਨਾਭਾ ਵਿਖੇ ਸਟਾਫ਼ ਵੱਲੋਂ ਪਿੰਡਾਂ ‘ਚ ਜਾਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਦੌਰਾਨ ਪ੍ਰਿੰਸੀਪਲ ਰਵਿੰਦਰ ਸਿੰਘ ਹੁੰਦਲ ਅਤੇ ਮੈਡਮ ਬਲਜੀਤ ਕੌਰ ਹੁੰਦਲ ਵੱਲੋਂ ਅਰਬਨ ਅਸਟੇਟ ਲੇਬਰ ਚੌਂਕ, ਬਾਈਪਾਸ ਦੀਆਂ ਅਤੇ ਟਰੱਕ ਯੂਨੀਅਨ ਦੀਆਂ ਟਰੈਫ਼ਿਕ ਲਾਈਟਾਂ ‘ਤੇ ਬਿਨਾਂ ਮਾਸਕ ਤੋਂ ਜਾ ਰਹੇ ਵਿਅਕਤੀਆਂ ਅਤੇ ਲੋੜਵੰਦਾਂ ਨੂੰ ਮਾਸਕ ਦਿੱਤੇ ਗਏ।
ਪ੍ਰੋ. ਅਨਟਾਲ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਨੂੰ ਵੀ ਕੋਰੋਨਾ ਮਹਾਂਮਾਰੀ ਬਾਰੇ ਜਾਗਰੂਕ ਕਰਨ ਲਈ ਐਨ.ਐਸ.ਐਸ. ਵਿੰਗ ਵੱਲੋਂ ਸਲੋਗਨ ਅਤੇ ਪੋਸਟਰ ਮੁਕਾਬਲੇ ਕਰਵਾਏ ਜਾ ਰਹੇ ਹਨ ਅਤੇ 500 ਤੋਂ ਵਧੇਰੇ ਵਿਦਿਆਰਥੀਆਂ ਨੂੰ ਕੋਵਾ ਐਪ ਡਾਊਨਲੋਡ ਕਰਵਾਈ ਗਈ ਹੈ।
ਪ੍ਰਿੰਸੀਪਲ ਰਵਿੰਦਰ ਸਿੰਘ ਹੁੰਦਲ ਨੇ ਦੱਸਿਆ ਕਿ ਜਦ ਤੱਕ ਕੋਰੋਨਾ ਦਾ ਕਹਿਰ ਖਤਮ ਨਹੀ ਹੋ ਜਾਂਦਾ ਤਕਨੀਕੀ ਸਿੱਖਿਆ ਸਟਾਫ਼ ਪੂਰੀ ਤਨਦੇਹੀ ਨਾਲ ਜਾਗਰੂਕਤਾ ਮੁਹਿੰਮ ਦਾ ਹਿੱਸਾ ਬਣਦਾ ਰਹੇਗਾ। ਇਸ ਮੌਕੇ ਕਾਲਜ ਸਟਾਫ਼ ਵੱਲੋਂ ਮਿਸ਼ਨ ਫਤਿਹ ਤਹਿਤ ਪ੍ਰਚਾਰ ਸਮੱਗਰੀ ਵੀ ਵੰਡੀ ਗਈ।
ਕੈਪਸ਼ਨ : ਪ੍ਰਿੰਸਪੀਪਲ ਰਵਿੰਦਰ ਸਿੰਘ ਹੁੰਦਲ ਮਾਸਕ ਵੰਡਦੇ ਹੋਏ।
ਕੈਪਸ਼ਨ : ਕਾਲਜ ਦਾ ਸਟਾਫ਼ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਜਾਗਰੂਕ ਕਰਦਾ ਹੋਇਆ