ਕੋਰੋਨਾ ਨੂੰ ਰੋਕਣ ਲਈ ਪੰਜਾਬ ਦੇ ਡੈਮਾਂ ‘ਤੇ ਖਾਸ ਬੰਦੋਬਸਤ

ਨਿਊਜ਼ ਪੰਜਾਬ
ਰਣਜੀਤ ਸਾਗਰ ਡੈਮ ਹਸਪਤਾਲ ਵਿੱਚ 40 ਬਿਸਤਰਿਆਂ ਦਾ ਆਈਸੋਲੇਸ਼ਨ ਕੇਂਦਰ ਅਤੇ ਸ਼ਾਹਪੁਰਕੰਡੀ ਟਾਊਨਸ਼ਿਪ ਵਿੱਚ 125 ਵਿਅਕਤੀਆਂ ਲਈ ਕੁਆਰੰਟੀਨ ਕੇਂਦਰ ਸਥਾਪਤ
ਚੰਡੀਗੜ, 1 ਅਗਸਤ
ਕੋਵਿਡ -19 ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਦੀਆਂ ਤਿਆਰੀਆਂ ਤਹਿਤ ਪੰਜਾਬ ਦੇ ਜਲ ਸਰੋਤ ਵਿਭਾਗ ਵੱਲੋਂ ਰਣਜੀਤ ਸਾਗਰ ਡੈਮ ਹਸਪਤਾਲ ਵਿੱਚ ਆਈਸੋਲੇਸ਼ਨ ਕੇਂਦਰ ਸਥਾਪਤ ਕਰਨ ਤੋਂ ਇਲਾਵਾ ਇਸ ਮਹਾਂਮਾਰੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਸ਼ਾਹਪੁਰਕੰਡੀ ਟਾਊਂਨਸ਼ਿਪ ਵਿਖੇ ਕੁਆਰੰਟੀਨ ਕੇਂਦਰ ਵੀ ਬਣਾਇਆ ਗਿਆ ਹੈ।
ਰਣਜੀਤ ਸਾਗਰ ਡੈਮ ਦੇ ਚੀਫ ਇੰਜਨੀਅਰ ਸ੍ਰੀ ਐਸ.ਕੇ. ਸਲੂਜਾ ਨੇ ਦੱਸਿਆ ਕਿ ਰਣਜੀਤ ਸਾਗਰ ਡੈਮ ਹਸਪਤਾਲ ਵਿੱਚ 40 ਬਿਸਤਰਿਆਂ ਦਾ ਆਈਸੋਲੇਸ਼ਨ ਕੇਂਦਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਰਣਜੀਤ ਸਾਗਰ ਡੈਮ ਪ੍ਰਾਜੈਕਟ ਸ਼ਾਹਪੁਰਕੰਡੀ ਟਾਊਂਨਸ਼ਿਪ ਵਿਖੇ ਮਰੀਜ਼ਾਂ, ਡਾਕਟਰਾਂ, ਪੈਰਾ ਮੈਡੀਕਲ ਸਟਾਫ ਅਤੇ ਕਰਮਚਾਰੀਆਂ ਦੀ ਕੋਰੋਨਾ ਤੋਂ ਸੁਰੱਖਿਆ ਯਕੀਨੀ ਬਣਾਉਣ ਲਈ ਟਾਊਂਨਸ਼ਿਪ, ਹਸਪਤਾਲ, ਬੈਂਕਾਂ, ਏ.ਟੀ.ਐਮਜ਼, ਸੁਰੱਖਿਆ ਬੈਰਕਾਂ, ਦਫਤਰਾਂ ਅਤੇ ਪੁਲਿਸ ਸਟੇਸ਼ਨ ਵਿੱਚ ਨਿਯਮਤ ਤੌਰ ‘ਤੇ ਸੈਨੀਟਾਇਜ਼ਰ ਅਤੇ ਡਿਸਿਨਫੈਕਟੈਂਟ ਦਾ ਛਿੜਕਾਅ ਕੀਤਾ ਜਾਂਦਾ ਹੈ।
ਉਨਾਂ ਦੱਸਿਆ ਕਿ ਸ਼ਾਹਪੁਰਕੰਡੀ ਟਾਊਂਨਸ਼ਿਪ ਦੇ ਕੇਸ਼ਵ ਹਾਲ ਵਿੱਚ ਪ੍ਰਵਾਸੀ ਮਜ਼ਦੂਰਾਂ ਲਈ ਸਿਵਲ ਸੁਸਾਇਟੀ ਗਰੁੱਪ ਦੀ ਸਹਾਇਤਾ ਨਾਲ 125 ਵਿਅਕਤੀਆਂ ਲਈ ਕੁਆਰੰਟੀਨ ਕੇਂਦਰ ਵੀ ਸਥਾਪਤ ਕੀਤਾ ਗਿਆ ਹੈ।
ਰਣਜੀਤ ਸਾਗਰ ਡੈਮ ਪ੍ਰਾਜੈਕਟ ਪ੍ਰਸ਼ਾਸਨ ਦੇ ਲਗਭਗ 12 ਵਾਹਨ ਪਠਾਨਕੋਟ ਜ਼ਿਲਾ ਪ੍ਰਸ਼ਾਸਨ ਨੂੰ ਕੋਵਿਡ-19 ਸਬੰਧੀ ਡਿਊਟੀਆਂ ਲਈ ਦੇਣ ਤੋਂ ਇਲਾਵਾ ਰਣਜੀਤ ਸਾਗਰ ਡੈਮ ਪ੍ਰਾਜੈਕਟ ਦੇ ਅੱਠ ਅਧਿਕਾਰੀ ਕਾਰਜਕਾਰੀ ਮੈਜਿਸਟਰੇਟ ਵਜੋਂ ਡਿਊਟੀ ਨਿਭਾ ਰਹੇ ਹਨ ਤਾਂ ਜੋ ਜ਼ਿਲੇ ਵਿੱਚ ਸੂਬਾਈ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਯਕੀਨੀ ਬਣਾਈ ਜਾ ਸਕੇ।
ਮੁੱਖ ਇੰਜਨੀਅਰ ਨੇ ਦੱਸਿਆ ਕਿ ਰਣਜੀਤ ਸਾਗਰ ਡੈਮ ਦੇ ਨਿਗਰਾਨ ਇੰਜਨੀਅਰ ਹੈੱਡਕੁਆਟਰ ਨੂੰ ਜ਼ਿਲਾ ਕੋਵਿਡ ਜਾਗਰੂਕਤਾ ਅਫਸਰ ਵਜੋਂ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਲੋਕਾਂ
ਨੂੰ ਇਸ ਬਿਮਾਰੀ ਤੋਂ ਬਚਾਅ ਅਤੇ ਰੋਕਥਾਮ ਬਾਰੇ ਜਾਗਰੂਕ ਕੀਤਾ ਜਾ ਸਕੇ। ਇਸ ਅਧਿਕਾਰੀ ਅਤੇ ਉਨਾਂ ਦੀ ਟੀਮ ਵੱਲੋਂ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਵੱਖ ਵੱਖ ਜਾਗਰੂਕਤਾ ਸਮੱਗਰੀ ਜਿਵੇਂ ਵੀਡੀਓਜ਼ ਅਤੇ ਪੋਸਟਰ ਆਦਿ ਤਿਆਰ ਕੀਤੇ ਗਏ ਹਨ।
ਇਸ ਤੋਂ ਇਲਾਵਾ ਕੋਵਿਡ -19 ਮਹਾਂਮਾਰੀ ਦੇ ਫੈਲਾਅ ਅਤੇ ਰੋਕਥਾਮ ਬਾਰੇ ਡੈਮ ਦੇ ਮੁਲਾਜ਼ਮਾਂ ਵਿੱਚ ਤਰਕਸ਼ੀਲ ਅਤੇ ਵਿਗਿਆਨਕ ਜਾਗਰੂਕਤਾ ਲਿਆਉਣ ਲਈ ਪੋਸਟਰ, ਵੀਡੀਓਜ਼, ਦੀਕਸ਼ਾ ਐਪ ‘ਤੇ ਸਿਖਲਾਈ ਅਤੇ ਕੈਂਪ ਲਗਾਏ ਗਏ ਹਨ।
ਉਨਾਂ ਦੱਸਿਆ ਕਿ ਲਾਕਡਾਊਨ ਦੌਰਾਨ ਰਣਜੀਤ ਸਾਗਰ ਡੈਮ ਟਾਊਂਨਸ਼ਿਪ ਵਿੱਚ ਬਿਜਲੀ ਤੇ ਪਾਣੀ ਦੀ ਨਿਰਵਿਘਨ ਸਪਲਾਈ ਤੋਂ ਇਲਾਵਾ ਨਿਯਮਤ ਸੈਨੀਟਾਈਜ਼ੇਸ਼ਨ ਸਮੇਤ ਹੋਰ ਅਤਿ ਲੋੜੀਂਦੀਆਂ ਸੇਵਾਵਾਂ ਸੁਚਾਰੂ ਢੰਗ ਨਾਲ ਮੁਹੱਈਆ ਕਰਵਾਈਆਂ ਗਈਆਂ। ਰਣਜੀਤ ਸਾਗਰ ਡੈਮ ਹਸਪਤਾਲ ਲਈ ਵਿਸ਼ੇਸ਼ ਅਨੁਮਾਨ ਤਹਿਤ ਪੀਪੀਈ ਕਿੱਟਾਂ, ਮਾਸਕ, ਦਸਤਾਨੇ, ਸੈਨੀਟਾਇਜ਼ਰ, ਰੋਗਾਣੂਨਾਸ਼ਕ ਅਤੇ  ਚਾਦਰਾਂ ਆਦਿ ਖਰੀਦਣ ਲਈ ਮਨਜ਼ੂਰੀ ਦਿੱਤੀ ਗਈ ਤਾਂ ਜੋ ਕੋਵਿਡ -19 ਦੇ ਟਾਕਰੇ ਲਈ ਰਣਜੀਤ ਸਾਗਰ ਡੈਮ ਪ੍ਰੋਜੈਕਟ ਵਿਖੇ ਸਿਹਤ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
ਉਨਾਂ ਦੱਸਿਆ ਕਿ ਕੋਰੋਨਾ ਤੋਂ ਬਚਾਅ ਲਈ ਪੇਸਕੋ ਸੁਰੱਖਿਆ ਕਰਮਚਾਰੀਆਂ, ਸਥਾਨਕ ਪੁਲੀਸ, ਅੱਗ ਬੁਝਾਊ ਅਮਲੇ ਅਤੇ ਸਥਾਨਕ ਮੀਡੀਆ ਕਰਮੀਆਂ ਨੂੰ ਵੀ ਵੱਡੀ ਗਿਣਤੀ ਵਿੱਚ ਸੈਨੇਟਾਇਜ਼ਰ, ਮਾਸਕ ਅਤੇ ਦਸਤਾਨੇ ਵੰਡੇ ਗਏ ਹਨ।