ਖੇਡ ਵਿਭਾਗ 5 ਅਗਸਤ ਤੋਂ ਖਿਡਾਰੀਆਂ ਨੂੰ ਆਨਲਾਈਨ ਸਿਖਲਾਈ ਦੇਣ ਲਈ ਤਿਆਰ ਬਰ ਤਿਆਰ: ਰਾਣਾ ਸੋਢੀ
ਨਿਊਜ਼ ਪੰਜਾਬ
ਖੇਡ ਮੰਤਰੀ ਦਾ ਉੱਚ ਅਧਿਕਾਰੀਆਂ, ਜ਼ਿਲਾ ਖੇਡ ਅਫ਼ਸਰਾਂ ਤੇ ਕੋਚਾਂ ਨੂੰ ਆਦੇਸ਼; ਖਿਡਾਰੀਆਂ ਨੂੰ ਆਉਣ ਵਾਲੇ ਖੇਡ ਟੂਰਨਾਮੈਂਟਾਂ ਲਈ ਤਿਆਰ ਰੱਖਿਆ ਜਾਵੇ
ਚੰਡੀਗੜ, 1 ਅਗਸਤ
ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਕਿਹਾ ਕਿ ਸੂਬੇ ਦੇ ਖਿਡਾਰੀਆਂ ਨੂੰ 5 ਅਗਸਤ ਤੋਂ ਆਨਲਾਈਨ ਸਿਖਲਾਈ ਦੇਣ ਲਈ ਖੇਡ ਵਿਭਾਗ ਨੇ ਪੂਰੀ ਤਿਆਰੀ ਕਰ ਲਈ ਹੈ।
ਕੋਵਿਡ-19 ਮਹਾਂਮਾਰੀ ਮਗਰੋਂ ਹਾਲਾਤ ਆਮ ਵਾਂਗ ਹੋਣ ਉਪਰ ਕਰਵਾਏ ਜਾਣ ਵਾਲੇ ਸੂਬਾਈ, ਕੌਮੀ ਤੇ ਕੌਮਾਂਤਰੀ ਟੂਰਨਾਮੈਂਟਾਂ ਲਈ ਖਿਡਾਰੀਆਂ ਨੂੰ ਤਿਆਰ ਰੱਖਣ ਅਤੇ ਨਵੀਆਂ ਖੇਡ ਤਕਨੀਕਾਂ ਤੋਂ ਜਾਣੂੰ ਕਰਵਾਉਣ ਉਪਰ ਜ਼ੋਰ ਦਿੰਦਿਆਂ ਰਾਣਾ ਸੋਢੀ ਨੇ ਖੇਡ ਵਿਭਾਗ ਦੇ ਡਾਇਰੈਕਟਰ, ਜੁਆਇੰਟ ਡਾਇਰੈਕਟਰ, ਸੂਬੇ ਭਰ ਦੇ ਜ਼ਿਲਾ ਖੇਡ ਅਫ਼ਸਰਾਂ ਤੇ ਕੋਚਾਂ ਨੂੰ ਹਦਾਇਤ ਕੀਤੀ ਕਿ ਉਹ ਇਸ ਪਹਿਲਕਦਮੀ ਲਈ ਜ਼ੋਰ ਸ਼ੋਰ ਨਾਲ ਕੰਮ ਕਰਨ।
ਉਨਾਂ ਕਿਹਾ ਕਿ ਆਨਲਾਈਨ ਸਿਖਲਾਈ ਤੇ ਕੋਚਿੰਗ ਇਕ ਪਾਸੇ ਉੱਭਰਦੇ ਤੇ ਸਥਾਪਤ ਖਿਡਾਰੀਆਂ ਨੂੰ ਇਸ ਮਹਾਂਮਾਰੀ ਦੌਰਾਨ ਅਗਲੇ ਟੂਰਨਾਮੈਂਟਾਂ ਲਈ ਤਿਆਰ ਰੱਖੇਗੀ, ਜਦੋਂ ਕਿ ਦੂਜੇ ਪਾਸੇ ਖਿਡਾਰੀਆਂ ਵਿੱਚ ਇਸ ਖਤਰਨਾਕ ਬਿਮਾਰੀ ਨਾਲ ਲੜਨ ਦੀ ਭਾਵਨਾ ਭਰੀ ਜਾਵੇਗੀ। ਇਸ ਲਈ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਨੇ ਸੂਬੇ ਭਰ ਦੇ ਖਿਡਾਰੀਆਂ ਨੂੰ ਆਨਲਾਈਨ ਸਿਖਲਾਈ ਦੇਣ ਦਾ ਫੈਸਲਾ ਕੀਤਾ ਹੈ।
ਹੋਰ ਵੇਰਵੇ ਦਿੰਦਿਆਂ ਰਾਣਾ ਸੋਢੀ ਨੇ ਕਿਹਾ ਕਿ ਸੂਬਾ ਸਰਕਾਰ ਰਾਜ ਵਿੱਚ ਖੇਡਾਂ ਲਈ ਬੁਨਿਆਦੀ ਢਾਂਚਾ ਤੇ ਕੋਚਿੰਗ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਸੂਬੇ ਭਰ ਦੇ ਕੋਚਾਂ ਨਾਲ ਆਨਲਾਈਨ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨਾਂ ਖਿਡਾਰੀਆਂ ਲਈ ਇਸ ਸਿਖਲਾਈ ਲਈ ਸਾਰੇ ਲੋੜੀਂਦੇ ਪ੍ਰਬੰਧ ਪੂਰੇ ਕਰਨ ਦੇ ਆਦੇਸ਼ ਦਿੱਤੇ।
ਰਾਣਾ ਸੋਢੀ ਨੇ ਇਹ ਵੀ ਹਦਾਇਤ ਕੀਤੀ ਕਿ ਉੱਭਰਦੇ ਤੇ ਸਥਾਪਤ ਖਿਡਾਰੀਆਂ ਨੂੰ ਆਨਲਾਈਨ ਸਿਖਲਾਈ ਦੇਣ ਦੌਰਾਨ ਸਾਰੇ ਤੈਅ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ ਤਾਂ ਕਿ ਖਿਡਾਰੀ ਹਮੇਸ਼ਾ ਟੂਰਨਾਮੈਂਟਾਂ ਲਈ ਤਿਆਰ ਰਹਿਣ। ਖਿਡਾਰੀਆਂ ਦੇ ਪੋਸ਼ਣ ਵਿੱਚ ਕੋਈ ਘਾਟ ਨਾ ਆਉਣ ਦੇਣ ਦੀ ਹਦਾਇਤ ਕਰਦਿਆਂ ਉਨਾਂ ਕਿਹਾ ਕਿ ਖਿਡਾਰੀਆਂ ਨੂੰ ਖੁਰਾਕ ਤੇ ਸਿਹਤ ਪ੍ਰੋਟੋਕੋਲ ਬਾਰੇ ਵੀ ਦੱਸਿਆ ਜਾਵੇ ਤਾਂ ਕਿ ਉਹ ਕੋਰੋਨਾ ਬਿਮਾਰੀ ਤੋਂ ਬਚ ਸਕਣ।
ਖੇਡ ਮੰਤਰੀ ਨੇ ਕਿਹਾ ਕਿ ਸਾਡਾ ਮੰਤਵ ਇਹ ਹੈ ਕਿ ਖਿਡਾਰੀਆਂ ਨੂੰ ਖੇਡਾਂ ਦੀ ਲੋੜ ਮੁਤਾਬਕ ਤਿਆਰ ਰੱਖਿਆ ਜਾ ਸਕੇ ਤਾਂ ਕਿ ਜਦੋਂ ਉਹ ਮੁੜ ਮੈਦਾਨ ਵਿੱਚ ਆਉਣ ਤਾਂ ਸਰੀਰਕ ਤੌਰ ਉਤੇ ਫਿੱਟ ਹੋਣ। ਖਿਡਾਰੀਆਂ ਦਾ ਫਿੱਟਨੈੱਸ ਪੱਧਰ, ਲਚਕੀਲਾਪਣ ਤੇ ਚੁਸਤੀ ਫੁਰਤੀ ਬਰਕਰਾਰ ਰੱਖਣ ਲਈ ਉਨਾਂ ਨੂੰ ਆਪਣੀ ਖੇਡ ਜਾਰੀ ਰੱਖਣ ਲਈ ਲਗਾਤਾਰ ਪ੍ਰੇਰਿਆ ਜਾ ਰਿਹਾ ਹੈ। ਆਨਲਾਈਨ ਕੋਚਿੰਗ ਨਾਲ ਖਿਡਾਰੀਆਂ ਨੂੰ ਮਸਰੂਫ਼ ਰੱਖਣ ਵਿੱਚ ਮਦਦ ਮਿਲੇਗੀ।
ਇਸ ਦੌਰਾਨ ਖੇਡ ਡਾਇਰੈਕਟਰ ਸ੍ਰੀ ਡੀ.ਪੀ.ਐਸ. ਖਰਬੰਦਾ ਨੇ ਖੇਡ ਸਟੇਡੀਅਮ ਸੈਕਟਰ-78 ਮੁਹਾਲੀ ਦਾ ਦੌਰਾ ਕੀਤਾ ਅਤੇ ਜ਼ਮੀਨੀ ਹਾਲਾਤ ਦਾ ਜਾਇਜ਼ਾ ਲਿਆ। ਉਨਾਂ ਆਪਣੇ ਦੌਰੇ ਦੌਰਾਨ ਉਨਾਂ ਖੇਡ ਸਹੂਲਤਾਂ ਖਾਸ ਤੌਰ ਉਤੇ ਅਥਲੈਟਿਕ ਟਰੈਕ ਦੇ ਨਵੀਨੀਕਰਨ ਉਤੇ ਜ਼ੋਰ ਦਿੱਤਾ।