ਕੋਵਿਡ-19 ਦੇ ਮਾਮਲੇ ਵਧਣ ਤੋਂ ਘਬਰਾਉਣ ਦੀ ਨਹੀਂ ਬਲਕਿ ਸਾਵਧਾਨੀਆਂ ਵਰਤਣ ਅਤੇ ਗ਼ੈਰ ਜ਼ਰੂਰੀ ਆਵਾਜਾਈ ਤੋਂ ਬਚਣ ਦੀ ਲੋੜ-ਕੁਮਾਰ ਅਮਿਤ
ਡਿਪਟੀ ਕਮਿਸ਼ਨਰ ਨੇ ਹਫ਼ਤਾਵਾਰੀ ਫੇਸਬੁਕ ਲਾਈਵ ਰਾਹੀਂ ਕੀਤਾ ਸੰਬੋਧਨ,
-ਮਿਸ਼ਨ ਫ਼ਤਿਹ ਦੀ ਕਾਮਯਾਬੀ ਲਈ ਮਾਸਕ ਪਾਓ, ਵਾਰ-ਵਾਰ ਹੱਥ ਧੋਵੋ ਤੇ ਆਪਸੀ ਦੂਰੀ ਬਣਾ ਕੇ ਰੱਖੋ-ਕੁਮਾਰ ਅਮਿਤ
ਨਿਊਜ਼ ਪੰਜਾਬ
ਪਟਿਆਲਾ, 29 ਜੁਲਾਈ: ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਅੱਜ ਆਪਣੇ ਹਫ਼ਤਾਵਾਰੀ ਫੇਸਬੁਕ ਲਾਈਵ ਰਾਹੀਂ ਪਟਿਆਲਵੀਆਂ ਨੂੰ ਸੰਬੋਧਨ ਕਰਦਿਆਂ ਅਪੀਲ ਕੀਤੀ ਕਿ ਕੋਵਿਡ-19 ਦੇ ਵੱਧਦੇ ਮਾਮਲਿਆਂ ਕਰਕੇ ਘਬਰਾਹਟ ‘ਚ ਆਉਣ ਦੀ ਥਾਂ ਕੋਰੋਨਾ ਵਾਇਰਸ ਦੀ ਲਾਗ ਤੋਂ ਬਚਣ ਲਈ ਜਰੂਰੀ ਸਾਵਧਾਨੀਆਂ ਵਰਤੀਆਂ ਜਾਣ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਗ਼ੈਰ ਜਰੂਰੀ ਆਵਾਜਾਈ ਤੋਂ ਗੁਰੇਜ਼ ਕਰਨ ਸਮੇਤ ਲਾਜਮੀ ਮਾਸਕ ਪਾਉਣਾ ਤੇ ਜਨਤਕ ਥਾਵਾਂ ‘ਤੇ ਆਪਸੀ ਦੂਰੀ ਬਰਕਰਾਰ ਰੱਖੀ ਜਾਵੇ।
ਡਿਪਟੀ ਕਮਿਸ਼ਨਰ ਨੇ ਕੋਵਿਡ-19 ਨਾਲ ਨਜਿੱਠਣ ਸਬੰਧੀਂ ਕੀਤੇ ਗਏ ਉਪਰਾਲਿਆਂ ਬਾਰੇ ਦੱਸਦਿਆਂ ਕਿਹਾ ਕਿ ਜ਼ਿਲ੍ਹੇ ਅੰਦਰ ਸਿਹਤ ਵਿਭਾਗ ਵੱਲੋਂ ਟੈਸਟਿੰਗ ਸਮਰੱਥਾ ਨੂੰ ਵਧਾਏ ਜਾਣ ਕਰਕੇ ਕੋਵਿਡ-19 ਦੇ ਮਾਮਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਮਾਮਲੇ ਵਧਣੇ ਕੁਦਰਤੀ ਹਨ ਪਰ ਵਾਇਰਸ ਦੀ ਲਾਗ ਤੋਂ ਬਚਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭੇ ‘ਮਿਸ਼ਨ ਫ਼ਤਿਹ’ ਤਹਿਤ ਲੋਕਾਂ ਦਾ ਸਾਥ ਜਰੂਰੀ ਹੈ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਜ਼ਿਲ੍ਹੇ ‘ਚ ਕੋਵਿਡ ਮਰੀਜਾਂ ਦੀ ਸੰਭਾਲ ਲਈ 3800 ਤੋਂ ਵਧੇਰੇ ਬੈਡਾਂ ਸਮੇਤ ਲੋੜੀਦੀਆਂ ਮੈਡੀਕਲ ਸਹੂਲਤਾਂ ਤੇ ਟੈਸਟਿੰਗ ਸਮਰੱਥਾ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਹਰਗੋਬਿੰਦ ਕਲੋਨੀ ਬਹਾਦਰਗੜ੍ਹ, ਗੁਰੂ ਨਾਨਕ ਨਗਰ ਪਟਿਆਲਾ ਸਮੇਤ ਦੁਰਗਾ ਮੰਦਿਰ ਰੋਡ ਅਤੇ ਆਰੀਆ ਸਮਾਜ ਰਾਜਪੁਰਾ ਨਵੇਂ ਕੰਟੇਨਮੈਂਟ ਜੋਨ ਬਣਾਏ ਗਏ ਹਨ, ਜਿੱਥੇ ਸੈਕਟਰ ਮੈਜਿਸਟਰੇਟਾਂ ਅਤੇ ਪੁਲਿਸ ਵੱਲੋਂ 24 ਘੰਟੇ ਨਿਗਰਾਨੀ ਰੱਖੀ ਜਾ ਰਹੀ ਹੈ।
ਫੇਸਬੁਕ ‘ਤੇ ਸਤਵਿੰਦਰ ਸਿੰਘ ਵੱਲੋਂ ਕੀਤੇ ਗਏ ਸਵਾਲ ਦਾ ਜਵਾਬ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡੇਂਗੂ ਤੋਂ ਬਚਣ ਲਈ ਪਿੰਡਾਂ-ਸ਼ਹਿਰਾਂ ‘ਚ ਪੰਚਾਇਤਾਂ ਤੇ ਨਗਰ ਕੌਂਸਲਾਂ ਸਮੇਤ ਨਗਰ ਨਿਗਮ ਵੱਲੋਂ ਫਾਗਿੰਗ ਕਰਵਾਈ ਜਾ ਰਹੀ ਹੈ ਅਤੇ ਸਿਵਲ ਸਰਜਨ ਦੀਆਂ ਟੀਮਾਂ ਵੱਲੋਂ ਲਾਰਵਾ ਨਸ਼ਟ ਕਰਵਾਇਆ ਜਾ ਰਿਹਾ ਹੈ। ਪਰਮਜੀਤ ਸਿੰਘ ਵੱਲੋਂ ਨਾਜਾਇਜ਼ ਉਸਾਰੀਆਂ ਬਾਰੇ ਸਵਾਲ ਦੇ ਜਵਾਬ ‘ਚ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਸ ਸਬੰਧੀਂ ਨਗਰ ਨਿਗਮ ਨੇ ਕਾਰਵਾਈ ਅਰੰਭ ਦਿੱਤੀ ਹੈ।
ਬਹਾਦਰਗੜ੍ਹ ਤੋਂ ਰਤਨ ਵੱਲੋਂ ਬਾਹਰੀ ਵਿਅਕਤੀਆਂ ਦੇ ਪੰਜਾਬ ਆਉਣ ਬਾਰੇ ਸਵਾਲ ਕਰਨ ‘ਤੇ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਬਾਹਰੋਂ ਆਉਣ ਵਾਲਿਆਂ ‘ਤੇ ਨਿਗਰਾਨੀ ਰੱਖਣ ਲਈ ਸ਼ੰਭੂ, ਚੀਕਾ ਰੋਡ, ਪਾਤੜਾਂ ਤੇ ਪਿਹੋਵਾ ਰੋਡ ‘ਤੇ ਚੈਕ ਪੋਸਟਾਂ ਬਣੀਆਂ ਹੋਈਆ ਹਨ ਪਰੰਤੂ ਜੇਕਰ ਫਿਰ ਵੀ ਕੋਈ ਬਿਨ੍ਹਾਂ ਸੂਚਿਤ ਕੀਤੇ ਬਾਹਰੋਂ ਆ ਰਿਹਾ ਹੈ ਤਾਂ ਉਸਦੀ ਸੂਚਨਾ ਤੁਰੰਤ ਪ੍ਰਸ਼ਾਸਨ ਨੂੰ ਦਿੱਤੀ ਜਾਵੇ। ਲਾਲਪਤ ਸਨੇਜਾ ਵੱਲੋਂ ਹਰਿਆਣਾ ਜਾਣ ਲਈ ਪੁੱਛਣ ‘ਤੇ ਉਨ੍ਹਾਂ ਦੱਸਿਆ ਕਿ ਕੋਵਾ ਐਪ ਡਾਊਨਲੋਡ ਕਰਕੇ ਈ ਰਜਿਸਟਰੇਸ਼ਨ ਕਰਵਾ ਲਈ ਜਾਵੇ।
ਹਰਜੋਤ ਸਿੰਘ ਵੱਲੋਂ ਬੈਂਕਾਂ ਤੇ ਦਫ਼ਤਰਾਂ ‘ਚ ਕੋਵਿਡ ਮਾਮਲੇ ਵਧਣ ਬਾਰੇ ਪੁੱਛਣ ‘ਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਖ਼ੁਦ ਵੀ ਕੋਵਿਡ-19 ਮੈਨੈਜਮੈਂਟ ਪ੍ਰੋਟੋਕਾਲ ਦੀ ਪਾਲਣਾ ਕਰਦੇ ਹਨ ਅਤੇ ਦਫ਼ਤਰਾਂ ‘ਚ ਵੀ ਇਸ ਦੀ ਪਾਲਣਾਂ ਕਰਨ ਲਈ ਆਦੇਸ਼ ਜਾਰੀ ਕੀਤੇ ਗਏ ਹਨ। ਡਾ. ਪੱਪਲ ਗੋਸਲ ਵੱਲੋਂ ਕੇਸ ਵੱਧਣ ਸਬੰਧੀਂ ਉਨ੍ਹਾਂ ਕਿਹਾ ਕਿ ਟੈਸਟਿੰਗ ਵਧਣ ਕਰਕੇ ਕੇਸ ਵੱਧ ਰਹੇ ਹਨ ਪਰੰਤੂ ਜਿਹੜੇ ਮਾਮਲੇ ਸਾਹਮਣੇ ਆ ਰਹੇ ਹਨ ਉਨ੍ਹਾਂ ਨੂੰ ਆਈਸੋਲੇਟ ਕਰਕੇ ਲਾਗ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਅਰਬਨ ਅਸਟੇਟ ਦੇ ਇੱਕ ਵਿਅਕਤੀ ਵੱਲੋਂ ਭਿਖਾਰੀਆਂ ਬਾਰੇ ਸਵਾਲ ਕਰਨ ‘ਤੇ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀਂ ਇੱਕ ਮੀਟਿੰਗ ਕੀਤੀ ਹੈ ਅਤੇ ਉਦਯੋਗਾਂ ਨਾਲ ਗੱਲ ਕਰਕੇ ਇਨ੍ਹਾਂ ਨੂੰ ਕੰਮ ‘ਤੇ ਲਾਉਣ ਸਬੰਧੀਂ ਵਿਚਾਰ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਇਸੇ ਤਰ੍ਹਾਂ ਅਨਵੀਰ ਸਿੰਘ ਵੱਲੋਂ ਪੁੱਡਾ ਦਫ਼ਤਰ ਸਬੰਧੀਂ, ਸ੍ਰੀ ਕਾਂਤ ਯੁਵੀ ਸ਼ਰਮਾ ਵੱਲੋਂ ਮਾਸਕ ਪਾਉਣ ਬਾਰੇ ਅਤੇ ਜਸਕਰਨ ਜੱਸ ਵੱਲੋਂ ਭੁਨਰਹੇੜੀ ‘ਚ ਸੈਨੇਟਾਈਜ਼ਰ ਬਾਰੇ ਪੁੱਛੇ ਸਵਾਲਾਂ ਦੇ ਵੀ ਜਵਾਬ ਦਿੱਤੇ।
************
ਫੋਟੋ ਕੈਪਸ਼ਨ-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਫੇਸਬੁਕ ਪੇਜ਼ ‘ਤੇ ਜ਼ਿਲ੍ਹਾ ਨਿਵਾਸੀਆਂ ਨੂੰ ਸੰਬੋਧਨ ਕਰਦੇ ਹੋਏ।